ਬਠਿੰਡਾ— ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਤਵਾਰ ਨੂੰ ਬਠਿੰਡਾ ‘ਚ ਪਹੁੰਚ ਕੇ ਡਬਵਾਲੀ ਰੋਡ ਦੇ ਪਿੱਛੇ ਟੁੱਟੇ ਰਜਬਾਹਾ ਅਤੇ ਸਲਜ਼ ਕੈਰੀਅਰ ਦਾ ਜਾਇਜ਼ਾ ਲਿਆ। ਇਸ ਮੌਕੇ ‘ਤੇ ਉਨ੍ਹਾਂ ਨੇ ਨਗਰ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਕਿਸਾਨਾਂ ਨੂੰ ਵੀ ਮਿਲੇ। ਇਥੇ ਪੁੱਜੇ ਮਨਪ੍ਰੀਤ ਸਿੰਘ ਬਾਦਲ ਨੇ ਜਿਹੜੇ ਕਿਸਾਨਾਂ ਦੇ ਖੇਤਾਂ ‘ਚ ਨਰਮੇ ਦੀ ਫਸਲ ਖਰਾਬ ਹੋਈ ਸੀ ਅਤੇ ਜਿਹੜੇ ਲੋਕਾਂ ਦੇ ਘਰ ਨੁਕਸਾਨੇ ਗਏ ਹਨ, ਉਨ੍ਹਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਐੱਸ. ਡੀ. ਐੱਮ. ਤਹਿਸੀਲਦਾਰ ਨੂੰ ਕਿਹਾ ਗਿਆ ਹੈ ਕਿ ਉਹ ਮਾਲੀ ਨੁਕਸਾਨ ਦੀ ਰਿਪੋਰਟ ਬਣਾ ਕੇ ਦੇਣ, ਸਰਕਾਰ ਉਨ੍ਹਾਂ ਨੂੰ ਮੁਆਵਜ਼ਾ ਦੇਵੇਗੀ।
ਆਪਣੇ ਇਸ ਦੌਰੇ ‘ਚ ਮਨਪ੍ਰੀਤ ਸਿੰਘ ਬਾਦਲ ਨੇ ਸਾਈਂ ਨਗਰ ਦੇ ਲੋਕਾਂ ਨੂੰ ਘਰਾਂ ‘ਚ ਪਾਣੀ ਭਰੇ ਜਾਣ ਤੋਂ ਬਾਅਦ ਜ਼ਿਲੇ ਦੀ ਐੱਸ. ਡੀ. ਐੱਮ. ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਗਏ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਜਿਸ ਤਰ੍ਹਾਂ ਐੱਸ. ਡੀ. ਐੱਮ. ਅਤੇ ਉਨ੍ਹਾਂ ਦੀ ਟੀਮ ਸਾਰੇ ਘਰਾਂ ‘ਚ ਫਸੇ ਲੋਕਾਂ ਨੂੰ ਬਾਹਰ ਕੱਢਿਆ, ਉਨ੍ਹਾਂ ਵੱਲੋਂ ਕੀਤੇ ਗਏ ਅਜਿਹੇ ਕੰਮ ਨੂੰ ਦੇਖ ਕੇ ਉਹ ਕਾਫੀ ਖੁਸ਼ ਹਨ। ਉਥੇ ਹੀ ਜਦੋਂ ਮਨਪ੍ਰੀਤ ਬਾਦਲ ਨੂੰ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਗਏ ਬਿਆਨ ਕਿ ਕੁਝ ਸਮੇਂ ਬਾਅਦ ਲੋਕ ਸਰਕਾਰ ਨੂੰ ਯਾਦ ਕਰਨਗੇ, ਬਾਰੇ ਪੁੱਛਿਆ ਗਿਆਂ ਤਾਂ ਇਸ ‘ਤੇ ਹੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਲੋਕ ਭਗਵਾਨ ਨੂੰ ਯਾਦ ਕਰਨਗੇ ਪਰ ਅਕਾਲੀ-ਭਾਜਪਾ ਨੂੰ ਨਹੀਂ, ਕਿਉਂਕਿ 10 ਸਾਲ ਬਾਅਦ ਤਾਂ ਉਨ੍ਹਾਂ ਨੂੰ ਵਿਦਾ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਹ ਜੋ ਰਜਬਾਹਾ ਟੁੱਟਿਆ ਹੈ, ਇਹ ਅਕਾਲੀਆਂ ਦੀ ਮਿਹਰਬਾਨੀ ਹੈ। ਇਸ ਰਜਬਾਹੇ ਦੀ ਰਿਪੇਅਰ ਨਹੀਂ ਹੋਈ। ਇਸ ਲਈ ਇਹ ਟੁੱਟ ਗਿਆ ਅਤੇ ਹੁਣ ਕੇਂਦਰੀ ਮੰਤਰੀ ਹਰਸਿਮਰਤ ਕਾਂਗਰਸ ਨੂੰ ਦੋਸ਼ੀ ਦੱਸ ਰਹੀ ਹੈ।
ਕੇ. ਪੀ. ਐੱਸ. ਗਿੱਲ ਦੇ ਦਿਹਾਂਤ ‘ਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਪੰਜਾਬ ਨੂੰ ਅੱਤਵਾਦ ਤੋਂ ਮੁਕਤ ਕਰਵਾਉਣ ਵਾਲੇ ਇਸ ਦੁਨੀਆ ਤੋਂ ਚਲੇ ਗਏ ਹਨ ਅਤੇ ਉਹ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹਨ। ਜੀ. ਐੱਸ. ਟੀ. ‘ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਜੀ. ਐੱਸ. ਟੀ. ‘ਤੇ ਕੁਝ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਪੰਜਾਬ ‘ਚ ਇੰਡਸਟਰੀ ਨਹੀਂ ਹੈ, ਇਸ ਲਈ ਜੇਕਰ ਕੋਈ ਘਾਟਾ ਹੋਵੇਗਾ ਤਾਂ ਕੇਂਦਰ ਉਸ ‘ਚ ਮਦਦ ਕਰੇਗੀ, ਜਿਸ ਨਾਲ ਪੰਜਾਬ ‘ਚ ਰੈਵੇਨਿਊ ਦੁੱਗਣਾ ਹੋਵੇਗਾ, ਉਹ ਜੀ. ਐੱਸ. ਟੀ. ਦਾ ਸੁਆਗਤ ਕਰਦੇ ਹਨ।