ਨਵੀਂ ਦਿੱਲੀ— ਕੇਰਲ ‘ਚ ਸ਼ਰੇਆਮ ਬਛੜਾ ਕੱਟਣ ਨੂੰ ਲੈ ਕੇ ਪਾਰਟੀ ਤੋਂ ਕੱਢੇ ਗਏ ਕਾਂਗਰਸ ਨੇਤਾ ਰਿਜ਼ਿਲ ਮੁਕੁੱਟੀ ਨੇ ਆਪਣੇ ਸੀਨੀਅਰ ਨੇਤਾ ਨੂੰ ਵੀ ਲਪੇਟੇ ‘ਚ ਲੈ ਲਿਆ ਹੈ। ਰਿਜਿਲ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਯੂਥ ਕਾਂਗਰਸ ਦੇ ਰਾਜ ਪ੍ਰਧਾਨ ਡੀਨ ਕੁਰੀਆਕੋਸ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਉਹ ਗਊ ਹੱਤਿਆ ‘ਤੇ ਕੇਂਦਰ ਦੇ ਫੈਸਲੇ ਖਿਲਾਫ ਬਛੜੇ ਨੂੰ ਕੱਟਣ ਵਾਲੇ ਹਨ। ਉਨ੍ਹਾਂ ਦੇ ਮੁਤਾਬਕ ਕੁਰੀਆਕੋਸ ਨੇ ਇਸ ਪ੍ਰੋਗਰਾਮ ‘ਤੇ ਕੋਈ ਇਤਰਾਜ਼ ਨਹੀਂ ਜਤਾਇਆ ਸਗੋਂ ਉਹ ਕਹਿੰਦੇ ਸਨ ਕਿ ਅਸੀਂ ਮੋਦੀ ਸਰਕਾਰ ਦੇ ਫੈਸਲੇ ‘ਤੇ ਜ਼ੋਰਦਾਰ ਵਿਰੋਧ ਕੀਤਾ। ਕਾਂਗਰਸ ਨੇਤਾ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਮੀਡੀਆ ਦੇ ਜ਼ਰੀਏ ਹੀ ਆਪਣੀ ਬਰਖਾਸਤੀ ਦਾ ਪਤਾ ਚੱਲਿਆ ਹੈ। ਹੁਣ ਤੱਕ ਹਾਈਕਮਾਨ ਤੋਂ ਇਸ ਬਾਰੇ ‘ਚ ਕੋਈ ਆਦੇਸ਼ ਨਹੀਂ ਮਿਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦਾ ਹਰ ਆਦੇਸ਼ ਮੰਨਣ ਨੂੰ ਤਿਆਰ ਹਨ ਅਤੇ ਸੰਘ ਪਰਿਵਾਰ ਦੇ ਫਿਰਕੂ ਏਜੰਡਾ ਖਿਲਾਫ ਲੜਦੇ ਰਹਿਣਗੇ। ਰਿਜਿਲ ਮੁਤਾਬਕ ਬਛੜਾ ਕੱਟਣ ਦਾ ਪ੍ਰੋਗਰਾਮ ਸੋਚ ਸਮਝ ਕੇ ਕੰਨੂਰ ‘ਚ ਆਯੋਜਿਤ ਕੀਤਾ ਗਿਆ ਸੀ ਕਿਉਂਕਿ ਇੱਥੇ ਪਸ਼ੂਆਂ ਦਾ ਕਤਲ ਕਰਨ ਲਈ ਜ਼ਿਆਦਾ ਜਗ੍ਹਾ ਮੌਜੂਦ ਹੈ। ਉਨ੍ਹਾਂ ਦਾ ਅੰਦੋਲਨ ਮਾਸ ਖਾਣ ਦੀ ਲੋਕਾਂ ਦੀ ਆਜ਼ਾਦੀ ਦੇ ਹੱਕ ‘ਚ ਸੀ। ਦੂਜੇ ਪਾਸੇ ਯੂਥ ਕਾਂਗਰਸ ਦੇ ਰਾਜ ਪ੍ਰਧਾਨ ਨੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ਼ ਕੀਤਾ ਹੈ। ਕੁਰੀਆਕੋਸ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਨੇਤਾ ਨੂੰ ਵਿਰੋਧ ਪ੍ਰਦਰਸ਼ਨ ਦੇ ਤਰੀਕੇ ਨੂੰ ਲੈ ਕੇ ਨਿਰਦੇਸ਼ ਨਹੀਂ ਦਿੱਤੇ ਸਨ।