ਮੇਰੀ ਪੈਂਤੀ ਵਰਿਆਂ ਦੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਪੱਤਰਕਾਰੀ ਵਿਭਾਗ ਦੀ ਸੇਵਾ ਦੌਰਾਨ ਸੈਂਕੜੇ ਵਿਦਿਆਰਥੀ ਪੱਤਰਕਾਰ ਬਣੇ। ਕੁਝ ਸਿਵਲ ਸੇਵਾਵਾਂ ਲਈ ਚੁਣੇ ਗਏ। ਲੋਕ ਸੰਪਰਕ ਅਧਿਕਾਰੀ ਵੀ ਬਣੇ। ਕੁਝ ਕਲਰਕ, ਕੁਝ ਅਧਿਆਪਕ ਅਤੇ ਕੁਝ ਅਧਿਆਪਕ ਬਣੇ। ਜਿੱਥੋਂ ਤੰਕ ਮੇਰੀ ਜਾਣਕਾਰੀ ਹੈ ਸਿਆਸਤ ਵਿੱਚ ਬਹੁਤ ਘੱਟ ਗਏ। ਜਿਹੜੇ ਇੱਕ ਦੋ ਸਿਆਸਤ ਵਿੱਚ ਗਏ, ਉਹ ਆਪਣੇ ਸਿਆਸੀ ਵਿਰਸੇ ਕਾਰਨ। ਉਹਨਾਂ ਵਿੱਚੋਂ ਇੱਕ ਵਿਦਿਆਰਥੀ ਦੇ ਮਾਂ ਮਾਤਾ-ਪਿਤਾ ਵਿਧਾਇੱਕ ਰਹੇ ਸਨ। ਅਜਿਹਾ ਹੀ ਵਰਤਾਰਾ ਮੈਂ ਹੋਰਨਾਂ ਵਿਭਾਗਾਂ ਜਾਂ ਹੋਰਨਾਂ ਵਿਸ਼ਿਆਂ ਦੇ ਵਿਦਿਆਰਥੀਆਂ ਵਿੱਚ ਵੇਖਿਆ ਹੈ। ਵਿਦਿਆਰਥੀਆਂ ਵਿੱਚ ਸਿਆਸਤ ਵਿੱਚ ਜਾਣ ਦੀ ਰੁਚੀ ਬਹੁਤ ਘੱਟ ਹੈ। ਜਿਹੜੇ ਵੀ ਵਿਦਿਆਰਥੀ ਸਿਆਸਤ ਵਿੱਚ ਦਿਲਚਸਪੀ ਦਿਖਾਉਂਦੇ ਹਨ ਜਾਂ ਤਾਂ ਉਹ ਸਿਆਸੀ ਖਾਨਦਾਨ ਨਾਲ ਸਬੰਧ ਰੱਖਦੇ ਹਨ ਜਾਂ ਫ਼ਿਰ ਕੁਝ ਖਾਸ ਕਾਰਨਾ ਕਰਕੇ ਉਹਨਾਂ ਦੇ ਰਿਸ਼ਤੇਦਾਰ ਜਾਂ ਦੋਸਤ-ਮਿੱਤਰ ਉਹਨਾਂ ਨੂੰ ਅਜਿਹਾ ਕਰਨ ਲਈ ਪ੍ਰੇਰਦੇ ਹਨ। ਪੰਜਾਬ ਵਿੱਚ ਤਾਂ ਵਿਦਿਆਰਥੀਆਂ ਵੱਲੋਂ ਸਿਆਸਤ ਵਿੱਚ ਘੱਟ ਦਿਲਚਸਪੀ ਦਿਖਾਉਣ ਦਾ ਇੱਕ ਕਾਰਨ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਚੋਣਾਂ ਨਾ ਹੋਣਾ ਹੈ। ਆਮ ਤੌਰ ‘ਤੇ ਵਿਦਿਆਰਥੀ ਰਾਜਨੀਤੀ ਲਈ ਸਿਆਸਤਦਾਨ ਤਿਆਰ ਹੁੰਦੇ ਹਨ। ਪੰਜਾਬ ਵਿੱਚ ਵਿਦਿਆਰਥੀ ਚੋਣਾਂ ਨਾ ਹੋਣ ਕਾਰਨ ਹੁਣ ਸਿਆਸੀ ਖਾਨਦਾਨਾਂ ਲਈ ਆਪਣੀ ਨਵੀਂ ਪੀੜ੍ਹੀ ਨੂੰ ਸਿਆਸੀ ਪਿੜ ਵਿੱਚ ਉਤਾਰਨਾ ਹੋਰ ਵੀ ਸੌਖਾ ਹੋ ਗਿਆ ਹੈ। ਪੰਜਾਬ ਦੀਆਂ ਤਿੰਨੇ ਰਾਜਨੀਤਿਕ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਨੇਤਾਵਾਂ ਦੀ ਦੂਜੀ ਅਤੇ ਤੀਜੀ ਪੀੜ੍ਹੀ ਸਿਆਸਤ ਵਿੱਚ ਪੈਰ ਧਰ ਰਹੀ ਹੈ। ਆਮ ਲੋਕਾਂ ਨੂੰ ਸਿਆਸੀ ਮੈਦਾਨ ਵਿੱਚ ਖੇਡਣ ਦਾ ਮੌਕਾ ਤਾਂ ਆਮ ਆਦਮੀ ਪਾਰਟੀ ਕਾਰਨ ਮਿਲਿਆ ਸੀ। ਉਂਝ ਵੀ ਸਿਆਸਤਦਾਨਾਂ ਦੀ ਕਿਰਪਾ ਨਾਲ ਚੋਣਾਂ ਦਾ ਖਰਚਾ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਆਮ ਬੰਦਾ ਨਾ ਤਾਂ ਟਿਕਟ ਲੈ ਸਕਦਾ ਹੈ ਅਤੇ ਨਾ ਹੀ ਚੋਣ ਲੜਨ ਦਾ ਖਰਚਾ ਸਹਿਣ ਕਰ ਸਕਦਾ ਹੈ। ਆਜ਼ਾਦੀ ਤੋਂ ਬਾਅਦ ਸਿਆਸਤ ਨੂੰ ਮਹਿੰਗੀ ਖੇਡ ਬਣਾਉਣਾ ਵੀ ਕੁਝ ਸਿਆਸੀ ਪਾਰਟੀਆਂ ਅਤੇ ਲੋਕਾਂ ਦੀ ਸਿਆਸੀ ਨੀਤੀ ਰਹੀ ਹੈ ਤਾਂ ਕਿ ਇਸ ਖੇਤਰ ਵਿੱਚ ਮੁਕਾਬਲਾ ਘੱਟ ਹੀ ਰਹੇ।
ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਦੇ ਪਰਵਾਨਿਆਂ ਕੋਲ ਇੱਕ ਮਿਸ਼ਨ ਸੀ। ਸਿਆਸਤ ਦਾ ਮਤਲਬ ਕੁਰਬਾਨੀ ਹੁੰਦਾ ਸੀ। ਸਿਆਸਤ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸੀ। ਜਿਸ ਵੀ ਵਿਅਕਤੀ ਵਿੱਚ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਸੀ, ਉਹ ਸਿਆਸਤ ਦੇ ਮੈਦਾਨ ਵਿੱਚ ਨਿੱਤਰ ਕੇ ਕੁਰਬਾਨੀ ਕਰਨ ਲਈ ਤਿਆਰ ਹੁੰਦਾ ਸੀ। ਸਿਆਸਤ ਸੱਚਮੁਚ ਸੇਵਾ ਸੀ, ਵਪਾਰ ਨਹੀਂ ਸੀ। ਅਜਿਹੇ ਹਾਲਾਤ ਵਿੱਚ ਲਾਲ ਬਹਾਦਰੀ ਸ਼ਾਸਤਰੀ ਵਰਗਾ ਇਮਾਨਦਾਰ ਆਦਮੀ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਅਤੇ ਗਿਆਨੀ ਜ਼ੈਲ ਸਿੰਘ ਵਰਗਾ ਆਮ ਘਰ ਵਿੱਚ ਪੈਦਾ ਹੋਇਆ ਦੇਸ਼ ਦੇ ਰਾਸ਼ਟਰਪਤੀ ਅਹੁਦੇ ਤੱਕ ਪਹੁੰਚ ਗਿਆ। ਪਰ ਅੱਜ ਦੇ ਯੁੱਗ ਵਿੱਚ ਸਿਆਸਤ ਇੰਨੀ ਸੌਖੀ ਨਹੀਂ, ਅੱਜ ਸਿਆਸਤ ਵਿੱਚ ‘ਮੈਨ ਪਾਤਰ ਅਤੇ ਰਾਨੀ ਪਾਤਰ’ ਦਾ ਬੋਲਬਾਲਾ ਹੈ। ਦੂਜੇ ਪਾਸੇ ਸਾਡਾ ਲੋਕਤੰਤਰ 70 ਵਰ੍ਹਿਆਂ ਦਾ ਹੋ ਗਿਆ ਹੈ। ਕਿਸੇ ਵੀ ਲੋਕਤੰਤਰ ਲਈ ਆਜ਼ਾਦ ਦੇਸ਼ ਵਿੱਚ ਜੜ੍ਹਾਂ ਜਮਾਉਣ ਲਈ 7 ਦਹਾਕੇ ਬਹੁਤ ਹੁੰਦੇ ਹਨ। ਸਾਡੇ ਲੋਕਤੰਤਰ ਦੀ ਵੱਡੀ ਘਾਟ ਇਹ ਬਣਦੀ ਜਾ ਰਹੀ ਹੈ ਕਿ ਇਹ ਲੋਕਤੰਤਰ ਦੀ ਬਜਾਏ ਪਰਿਵਾਰਤੰਤਰ ਬਣਦਾ ਜਾ ਰਿਹਾ ਹੈ। ਲੋਕਤੰਤਰ ਵਿੱਚ ਤਾਂ ਲੋਕਾਂ ਦਾ, ਲੋਕਾਂ ਰਾਹੀਂ ਅਤੇ ਲੋਕਾਂ ਲਈ ਰਾਜ ਹੁੰਦਾ ਹੈ ਪਰ ਇੱਥੇ ਤਾਂ ਪਰਿਵਾਰਾਂ ਦਾ ਪਰਿਵਾਰਾਂ ਲਈ ਰਾਜ ਵੇਖਣ ਨੂੰ ਮਿਲ ਰਿਹਾ ਹੈ। ਉਤਰ ਪ੍ਰਦੇਸ਼ ਵਿੱਚ ਪਿਛਲੀ ਸਰਕਾਰ ਵੇਲੇ ਮੁੱਖ ਮੰਤਰੀ ਅਖਿਲੇਸ਼ ਯਾਦਵ ਸਮੇਤ ਮੁਲਾਇਮ ਸਿੰਘ ਯਾਦਵ ਦੇ ਪਰਿਵਾਰ ਦੇ 21 ਮੈਂਬਰ ਵਿਧਾਇੱਕ, ਮੰਤਰੀ ਅਤੇ ਸਾਂਸਦ ਸਨ। ਇਹੀ ਹਾਲ ਪਿਛਲੀ ਸਰਕਾਰ ਵਿੱਚ ਪੰਜਾਬ ਦੇ ਬਾਦਲ ਪਰਿਵਾਰ ਦਾ ਸੀ ।ਬਿਹਾਰ ਵਿੱਚ ਲਾਲੂ ਯਾਦ ਦਾ ਪਰਿਵਾਰ, ਜੰਮੂ-ਕਸ਼ਮੀਰ ਵਿੱਚ ਅਬਦੁੱਲਾ ਅਤੇ ਮੁਫ਼ਤੀ ਪਰਿਵਾਰ ਅਤੇ ਹਰਿਆਣਾ ਵਿੱਚ ਚੌਟਾਲਾ ਅਤੇ ਹੁੱਡਾ ਪਰਿਵਾਰ ਆਦਿ ਕਿੰਨੀਆਂ ਹੀ ਉਦਾਹਰਣਾਂ ਲਈਆਂ ਜਾ ਸਕਦੀਆਂ ਹਨ।
ਸਵਾਲ ਇਹ ਉਠਦਾ ਹੈ ਕਿ ਅਜਿਹੇ ਹਾਲਾਤ ਵਿੱਚ ਆਮ ਲੋਕ ਸਿਆਸਤ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੁਪਨਾ ਤਿਆਗ ਦੇਣ ਜਾਂ ਫ਼ਿਰ ਰਾਜਨੀਤੀ ਕਰਨਾ ਉਹਨਾਂ ਦਾ ਵੀ ਹੱਕ ਹੈ ਅਤੇ ੳਹ ਆਪਣੇ ਹੱਕ ਦੇ ਲਈ ਮੈਦਾਨ ਵਿੱਚ ਨਿੱਤਰਨ ਦੀ ਹਿੰਮਤ ਅਤੇ ਹੌਸਲਾ ਦਿਖਾਉਣ। ਮੈਂ ਆਪਣੇ ਹਰ ਭਾਸ਼ਣ ਵਿੱਚ ਸਰੋਤਿਆਂ ਨੂੰ ਸਲਾਹ ਦਿੰਦਾ ਹਾਂ ਕਿ ਉਹਨਾਂ ਨੂੰ ਸਿਆਸਤ ਵਿੱਚ ਦਿਲਚਸਪੀ ਲੈਣੀ ਚਾਹੀਦੀ ਹੈ। ਸਿਰਫ਼ ਦਿਲਚਸਪੀ ਹੀ ਨਹੀਂ ਲੈਣੀ ਚਾਹੀਦੀ ਸਗੋਂ ਸਰਗਰਮ ਸਿਆਸਤ ਵਿੱਚ ਇੱਕ ਵੱਖਰੀ ਭੂਮਿਕਾ ਨਿਭਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਗੱਲ ਵੀ ਠੀਕ ਹੈ ਕਿ ਦੇਸ਼ ਵਿੱਚ ਖੱਬੀ ਲਹਿਰ ਮੱਠੀ ਪੈਣ ਕਾਰਨ  ਅਤੇ ਖੱਬੇ ਪੱਖੀ ਵਿਦਿਆਰਥੀ ਸੰਗਠਨਾਂ ਦੀ ਘਟੀ ਸਰਗਰਮੀ ਨੇ ਆਮ ਲੋਕਾਂ ਲਈ ਸਿਆਸੀ ਸਿਖਲਾਈ ਲਈ ਮਿਲਦੇ ਸਿਆਸੀ ਮੰਚ ਖੋਹ ਲਏ। ਪੰਜਾਬ ਵਿੱਚ ਅਜਿਹੀ ਕਮੀ ਨੂੰ ਥੋੜ੍ਹਾ ਬਹੁਤ ਆਮ ਆਦਮੀ ਪਾਰਟੀ ਵੱਲੋਂ ਦਿੱਤੀ ਜ਼ਮੀਨ ਨੇ ਪੂਰਾ ਕਰਨ ਦਾ ਯਤਨ ਕੀਤਾ ਹੈ। ਮੈਨੂੰ ਅਕਸਰ ਇਹ ਪੁੱਛਿਆ ਜਾਂਦਾ ਹੈ ਕਿ ਜੇ ਆਮ ਲੋਕਾਂ ਨੇ ਸਿਆਸਤ ਵਿੱਚ ਜਾਣਾ ਹੋਵੇ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ। ਦੂਜੇ ਸ਼ਬਦਾਂ ਵਿੱਚ ਰਾਜਨੀਤਿਕ ਆਗੂ ਬਣਨ ਲਈ ਕੀ ਕੀਤਾ ਜਾਵੇ?
ਅਜਿਹੇ ਸਵਾਲ ਦੇ ਜਵਾਬ ਦੇ ਆਰੰਭ ਵਿੱਚ ਮੈਂ ਸਪਸ਼ਟ ਦੱਸ ਦੇਣਾ ਚਾਹੁੰਦਾ ਹੈ ਕਿ ਹਰ ਵਿਅਕਤੀ ਦੇ ਅੰਦਰ ਆਗੂ ਬਣ ਜਾਣ ਦੀ ਅਸੀਮ ਸ਼ਕਤੀ ਹੁੰਦੀ ਹੈ। ਇਸ ਸ਼ਕਤੀ ਨੂੰ ਜਗਾਉਣਾ, ਇਸ ਸ਼ਕਤੀ ਦਾ ਅਹਿਸਾਸ ਕਰਨ ਦੀ ਲੋੜ ਹੁੰਦੀ ਹੈ। ਆਗੂ ਅਤੇ ਨੇਤਾ ਜਨਮਜਾਤ ਨਹੀਂ ਹੁੰਦੇ। ਸਾਨੂੰ ਆਪਣੇ ਅੰਦਰ ਆਗੂਆਂ ਵਾਲੇ ਗੁਣ ਵਿਕਸਤ ਕਰਨੇ ਹੁੰਦੇ ਹਨ। ਮੈਂ ਕਹਿੰਦਾ ਹਾਂ ਕਿ ਸਿਆਸੀ ਲੀਡਰ ਜੰਮਦੇ ਨਹੀਂ ਵਿਕਸਤ ਹੁੰਦੇ ਹਨ। ਸਹੀ ਸਿਖਲਾਈ ਅਤੇ ਸਖਤ ਮਿਹਨਤ ਨਾਲ ਕੋਈ ਵੀ ਨੇਤਾ ਬਣ ਸਕਦਾ ਹੈ। ਇੱਕ ਨੇਤਾ ਵਿੱਚ ਬਹੁ-ਪਰਤੀ ਯੋਗਤਾਵਾਂ ਵਿਕਵਸਤ ਕਰਨ ਦੀ ਜ਼ਰੂਰਤ ਹੁੰਦੀ ਹੈ। ਇਹਨਾਂ ਯੋਗਤਾਵਾਂ ਦੇ ਸਿਰ ‘ਤੇ ਉਹ ਸਹੀ ਢੰਗ-ਤਰੀਕੇ ਵਰਤ ਕੇ ਤਾਕਤ ਹਾਸਲ ਵੀ ਕਰ ਲੈਂਦਾ ਹੈ ਅਤੇ ਅਗਵਾਈ ਕਰਨ ਯੋਗ ਲੀਡਰ ਵੀ ਬਣ ਜਾਂਦਾ ਹੈ। ਚੰਗੇ ਆਗੂ ਦੀ ਨਿਸ਼ਾਨੀ ਇਹ ਹੈ ਕਿ ਲੋਕ ਉਸ ‘ਤੇ ਯਕੀਨ ਕਰਨ ਅਤੇ ਉਸਦੇ ਪਿੱਛੇ ਚੱਲਣ। ਲੀਡਰ ਵਿੱਚ ਵਿਸ਼ਵਾਸ ਉਸਦੇ ਚੰਗੇ ਆਚਰਣ, ਉਚ ਵਿੱਚਾਰਾਂ, ਨੈਤਿਕ ਕਦਰਾਂ ਅਤੇ ਉਚ ਯੋਗਤਾਵਾਂ ਕਰਕੇ ਬੱਝਦਾ ਹੈ। ਚੰਗੇ ਵਿੱਚਾਰ ਸਾਡੀ ਅੰਤਰ ਆਤਮਾ ਦਾ ਪ੍ਰਗਟਾਵਾ ਹੁੰਦੇ ਹਨ। ਜੇ ਲੋਕਾਂ ਨੂੰ ਸਮਝਣਾ ਹੋਵੇ ਤਾਂ ਉਹਨਾਂ ਦੇ ਵਿੱਚਾਰ, ਉਹਨਾਂ ਦੀਆਂ ਨੈਤਿਕ ਕਦਰਾਂ ਨੂੰ ਸਮਝਣਾ ਅਤਿ ਜ਼ਰੂਰੀ ਹੈ। ਨੈਤਿਕ ਕਦਰਾਂ ਕੀਮਤਾਂ ਤੋਂ ਹੀ ਦੂਜੇ ਵਿਅਕਤੀ ਦੀ ਸ਼ਖਸੀਅਤ ਉਜਾਗਰ ਹੁੰਦੀ ਹੈ। ਇਮਾਨਦਾਰ ਆਗੂ, ਵਚਨਬੱਧਤਾ ਦੇ ਗੁਣਾਂ ਨਾਲ ਭਰਪੂਰ ਆਗੂ, ਨਿਰੰਤਰ ਲੜਨ ਦੀ ਸਮਰੱਥਾ, ਦ੍ਰਿੜ੍ਹ ਇਰਾਦਾ ਅਤੇ ਹੌਸਲੇ ਵਾਲੇ ਲੋਕ ਲੀਡਰ ਬਣਨ ਦੇ ਸਮਰੱਥ ਹੁੰਦੇ ਹਨ।
ਜੇ ਤੁਸੀਂ ਵੀ ਸਿਆਸਤ ਵਿੱਚ ਪੈਰ ਧਰਨ ਦਾ ਇਰਾਦਾ ਕਰ ਲਿਆ ਹੈ ਅਤੇ ਲੀਡਰ ਬਣਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੁਕਤਿਆਂ ਵੱਲ ਜ਼ਰੂਰ ਧਿਆਨ ਦਿਓ।
(1) ਵੱਡੇ ਸੁਪਨੇਸਾਜ਼ ਬਣੋ: ਜੋ ਵੀ ਦੁਨੀਆਂ ਦੇ ਵੱਡੇ ਨੇਤਾ ਹੋਏ ਹਨ, ਉਹਨਾਂ ਵਿੱਚ ਇੱਕ ਵੱਡਾ ਗੁਣ ਸੁਪਨੇਸਾਜ਼ ਹੋਣ ਦਾ ਹੁੰਦਾ ਹੈ। ਉਹਨਾਂ ਦੀ ਕਲਪਨਾ ਸ਼ਕਤੀ ਨਾ ਸਿਰਫ਼ ਕਮਾਲ ਦੀ ਹੁੰਦੀ ਹੈ, ਬਲਕਿ ਉਹ ਆਪਣੇ ਸੁਪਨਿਆਂ, ਟੀਚਿਆਂ ਅਤੇ ਮਨੋਰਥਾਂ ਪ੍ਰਤੀ ਸਪਸ਼ਟ ਸੋਚ ਰੱਖਦੇ ਹਨ। ਕਲਪਨਾ ਉਡਾਰੀ ਹੀ ਮਨੁੱਖ ਦਾ ਭਵਿੱਖ ਤਹਿ ਕਰਦੀ ਹੁੰਦੀ ਹੈ। ਮਹਾਤਮਾ ਗਾਂਧੀ ਨੇ ਇੱਕ ਆਜ਼ਾਦ ਹਿੰਦੋਸਤਾਨ ਦੀ ਕਲਪਨਾ ਕੀਤੀ ਅਤੇ ਅਹਿੰਸਾ ਦੇ ਰਸਤੇ ਦੀ ਅਸੀਮ ਸ਼ਕਤੀ ਨੂੰ ਪਹਿਚਾਣਿਆ। ਹਿੰਦੋਸਤਾਨ ਦੇ ਇਤਿਹਾਸ ਵਿੱਚ ਇਸ ਪੱਖੋਂ ਚਾਣਕਿਆ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ। ਭਾਰਤ ਨੁੰ ਇੱਕਮੁਠ ਕਰਨ ਦੀ ਕਲਪਨਾ ਉਡਾਰੀ ਨੇ ਚਾਣਕਿਆ ਨੂੰ ਵੱਡਾ ਸਿਆਸੀ ਗੁਰੂ ਬਣਾਇਆ ਸੀ। ਸਿਕੰਦਰ ਨੇ ਦੁਨੀਆਂ ਨੂੰ ਜਿੱਤਣ ਦਾ ਇੱਕ ਵੱਡਾ ਸੁਪਨਾ ਲਿਆ ਸੀ ਅਤੇ ਇਸ ਕਾਰਨ ਉਸਨੂੰ ਮਹਾਨ ਸਿਕੰਦਰ ਕਿਹਾ ਜਾਂਦਾ ਹੈ।
ਮਹਾਤਮਾ ਗਾਂਧੀ ਵਾਂਗ ਨੈਲਸਨ ਮੰਡੇਲਾ ਨੇ ਦੱਖਣੀ ਅਫ਼ਰੀਕਾ ਵਿੱਚ ਕਾਲਿਆਂ ਦੀ ਵੰਡ ਦੀ ਗੁਲਾਮੀ ਤੋਂ ਆਜ਼ਾਦੀ ਦੀ ਕਲਪਨਾ ਕੀਤੀ ਸੀ। ਨੈਲਸਨ ਮੰਡੇਲਾ ਨੇ ਆਪਣੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਹਿੱਤ 27 ਸਾਲ ਦੀ ਜੇਲ੍ਹ ਕੱਟੀ ਅਤੇ 1994 ਤੋਂ 1999 ਤੱਕ ਦੱਖਣੀ ਅਫ਼ਰੀਕਾ ਦਾ ਪ੍ਰਧਾਨ ਰਿਹਾ। ਮਨੁੱਖੀ ਅਧਿਕਾਰਾਂ ਬਾਰੇ ਨੈਲਸਨ ਮੰਡੇਲਾ ਦੀ ਸਪਸ਼ਟ ਸੋਚ ਨੇ ਸਾਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ। ਮਾਓ-ਜੇ-ਤੁੰਗ ਨੇ ਕਿਹਾ ਸੀ ਕਿ ਲੀਡਰਸ਼ਿਪ ਦੀ ਮੁਢਲੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਸਮੇਂ ਦੀ ਪ੍ਰਮੁੱਖ ਵਿਰੋਧਤਾਈ ਨੂੰ ਸਮਝੇ ਅਤੇ ਇਸ ਨੂੰ ਹੱਲ ਕਰਨ ਵਾਸਤੇ ਕੇਂਦਰੀ ਲਾਈਨ ਅਖਤਿਆਰ ਕਰੇ। ਜਾਨ-ਕੈਂਥ-ਗਾਲਵਰਥ ਦਾ ਕਹਿਣਾ ਹੈ ਕਿ ਸੰਸਾਰ ਦੇ ਸਾਰੇ ਵੱਡੇ ਲੀਡਰਾਂ ਨੂੰ ਇੱਕ ਸਾਂਝਾ ਖਾਸ ਹੈ ਕਿ ਉਹਨਾਂ ਨੇ ਆਪਣੇ ਵੇਲੇ ਦੀਆਂ ਸਮਾਜਿਕ ਚਿੰਤਾਵਾਂ ਦਾ ਮੁਕਾਬਲਾ ਕਰਨ ਦਾ ਜ਼ੇਰਾ ਕੀਤਾ। ਬੱਸ ਇਹੀ ਚੰਗੀ ਲੀਡਰਸ਼ਿਪ ਦਾ ਲੱਛਣ ਹੈ।
ਜੇ ਲੀਡਰ ਬਣਨਾ ਹੈ ਤਾਂ ਆਪਣੀ ਸੋਚ ਨੂੰ ਸਪਸ਼ਟ ਰੱਖੋ ਅਤੇ ਇੱਕ ਵੱਡਾ ਨਿਸ਼ਾਨਾ ਚੁਣੋ। ਵੱਡਾ ਸੁਪਨਾ ਲਵੋ। ਅਜਿਹਾ ਸੁਪਨਾ ਆਜ਼ਾਦੀ ਦੀ ਲੜਾਈ ਸਮੇਂ ਸਾਡੇ ਲੀਡਰਾਂ ਨੇ ਵੀ ਸਿਰਜਿਆ ਸੀ। ਜੈ ਪ੍ਰਕਾਸ਼ ਨਰਾਇਣ ਨੇ ਵੀ ਦੇਸ਼ ਨੂੰ ਸਿਆਸੀ ਹੁਲਾਰਾ ਦਿੱਤਾ ਸੀ। ਅੰਨਾ ਹਜ਼ਾਰੇ ਦੇ ਮੋਢਿਆਂ ‘ਤੇ ਚੜ੍ਹ ਕੇ ਕੇਜਰੀਵਾਲ ਨੇ ਵੀ ਸਿਅਸੀ ਸੱਤਾ ਹਾਸਲ ਕਰਨ ਦਾ ਸੁਪਨਾ ਹਕੀਕਤ ਵਿੱਚ ਬਦਲਿਆ ਸੀ। ਕੁਝ ਵੀ ਹੋਵੇ, ਤੁਹਾਨੂੰ ਹੀ ਇਹ ਤਹਿ ਕਰਨਾ ਹੋਵੇਗਾ ਕਿ ਤੁਸੀਂ ਪਾਰਟੀ ਦੇ ਕਿਸੇ ਅਹੁਦੇ ਤੱਕ ਦੀ ਸਿਆਸਤ ਕਰਨੀ ਹੈ, ਇਲਾਕੇ ਲਈ ਕਰਨੀ ਹੈ। ਭਾਈਚਾਰੇ ਜਾਂ ਬਰਾਦਰੀ ਦੇ ਨਾਮ ‘ਤੇ ਸਿਆਸਤ ਕਰਨੀ ਹੈ, ਕਿਸੇ ਵਿੱਚਾਰਧਾਰਾ ਨੂੰ ਅਪਣਾ ਕੇ ਸਿਆਸੀ ਲੀਡਰ ਬਣਨਾ ਹੈ। ਧਰਮ ਦੇ ਨਾਮ ‘ਤੇ ਸਿਆਸਤ ਚਮਕਾਉਣੀ ਹੈ। ਸੂਬੇ ਦੀ ਸਿਆਸਤ ਤੁਹਾਡਾ ਟੀਚਾ ਹੈ ਜਾਂ ਦੇਸ਼ ਦੀ ਸਿਆਤਸ ਵਿੱਚ ਚਮਕਣਾ ਚਾਹੁੰਦੇ ਹੋ। ਆਖਿਰ ਕੀ ਚਾਹੁੰਦੇ ਹੋ, ਇਹ ਫ਼ੈਸਲਾ ਕਰੋ। ਕਿਸ ਪਾਰਟੀ, ਕਿਸ ਵਿੱਚਾਰਧਾਰਾ ਅਤੇ ਕਿਸ ਮੰਤਵ ਕਾਰਨ ਸਿਆਸਤ ਕਰਨੀ ਹੈ। ਸਭ ਕੁਝ ਸਪਸ਼ਟ ਲਿਖ ਲਵੋ, ਤੁਹਾਨੂੰ ਤੁਹਾਡੀ ਜ਼ਿੰਦਗੀ ਦੀ ਪੂਰੀ ਸਿਆਸੀ ਯੋਜਨਾ ਬਣਾ ਲੈਣੀ ਚਾਹੀਦੀ ਹੈ।
2. ਮੌਕੇ ਦੀ ਤਲਾਸ਼- ਸਿਆਸਤ ਵਿੱਚ ਮੌਕੇ ਦੀ ਖਾਸ ਅਹਿਮੀਅਤ ਹੁੰਦੀ ਹੈ। ਸਹੀ ਆਗੂ ਸਹੀ ਸਮੇਂ ਦੀ ਤਲਾਸ਼ ਵਿੱਚ ਰਹਿੰਦੇ ਹਨ ਅਤੇ ਸਹੀ ਮੌਕਿਆਂ ਦੀ ਨਿਸ਼ਾਨਦੇਹੀ ਦਾ ਉਹਨਾਂ ਨੂੰ ਹੁਨਰ ਮਾਲੂਮ ਹੁੰਦਾ ਹੈ। ਰਾਜਨੀਤੀ ਵਿੱਚ ਪ੍ਰਵੇਸ਼ ਦਾ ਮੌਕਾ ਵੀ ਠੀਕ ਹੋਣਾ ਚਾਹੀਦਾ ਹੈ ਅਤੇ ਜੇਕਰ ਕਦੇ ਆਪਣੀ ਪੁਰਾਣੀ ਪਾਰਟੀ ਨਾਲ ਤੋੜ ਵਿਛੋੜਾ ਕਰਨਾ ਪੈ ਜਾਵੇ ਤਾਂ ਵੀ ਸਹੀ ਸਮਾਂ ਤਲਾਸ਼ਣਾ ਚਾਹੀਦਾ ਹੈ। ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਖਹਿਰਾ ਆਦਿ ਨੇਤਾਵਾਂ ਨੇ ਆਪਣੀਆਂ ਪੁਰਾਣੀਆਂ ਪਾਰਟੀਆਂ ਨੂੰ ਛੱਡ ਕੇ  ਸਹੀ ਸਮੇਂ ਨਵੀਂ ਪਾਰਟੀ ਦਾ ਲੜ ਫ਼ੜਿਆ ਅਤੇ ਕਾਮਯਾਬ ਹੋਏ। ਦੂਜੇ ਪਾਸੇ ਸਿਆਸਤ ਪੱਖੋਂ ਕਾਫ਼ੀ ਸੀਨੀਅਰ ਸਮਝੇ ਜਾਂਦੇ ਦੋ ਮਹਾਂਰਥੀ ਬੀਰਦਵਿੰਦਰ ਸਿੰਘ ਅਤੇ ਜਗਮੀਤ ਬਰਾੜ ਇਸ ਪੱਖੋਂ ਮਾਰ ਖਾ ਗਏ। ਸਿਆਸਤ ਵਿੱਚ ਮੌਕੇ ਦੀ ਮਹੱਤਤਾ ਨੂੰ ਦਰਸਾਉਂਦਾ ਸ਼ਾਇਰ ਆਦਮ ਦਾ ਇਹ ਸ਼ੇਅਰ ਸੁਣੋ:
ਸਿਰਫ਼ ਏਕ ਕਦਮ ਉਠਾ ਥਾ ਗਲਤ, ਰਾਹੇ-ਸ਼ੌਕ ਮੇਂ
ਮੰਜ਼ਿਲ ਤਮਾਮ ਉਮਰ, ਮੁਝੇ ਢੂੰਡਤੀ ਰਹੀ।
ਰਾਜਨੀਤੀ ਵਿੱਚ ਗਲਤ ਮੌਕੇ ਚੁੱਕਿਆ ਕਦਮ ਬੰਦੇ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੰਦਾ ਹੈ। ਸੋ ਸਿਆਸਤ ਵਿੱਚ ਜਾਣ ਦੇ ਚਾਹਵਾਨ ਮੌਕੇ ਦੀ ਨਿਸ਼ਾਨਦੇਹੀ ਕਰਨ ਵਿੱਚ ਕੁਤਾਹੀ ਨਾ ਕਰਨ। ਸਹੀ ਮੌਕੇ ‘ਤੇ ਕਿਸੇ ਵੱਡੇ ਲੀਡਰ ਦਾ ਸਾਥ ਦੇਣਾ ਜਾਂ ਨਾ ਦੇਣਾ ਵੀ ਬਹੁਤ ਮਾਅਨੇ ਰੱਖਦਾ ਹੈ। ਪੰਜਾਬ ਦੀ ਸਿਆਸਤ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਦੀ ਲੜਾਈ ਸਮੇਂ ਜਿਹੜੇ ਲੋਕ ਬਾਦਲ ਸਾਹਿਬ ਨਾਲ ਖੜ੍ਹ ਗਏ, ਉਹਨਾਂ ਨੂੰ ਬਹੁਤ ਕੁਝ ਬਿਨਾਂ ਮੰਗਿਆਂ ਮਿਲਿਆ। ਦੂਜੇ ਪਾਸੇ ਟੌਹੜਾ ਸਾਹਿਬ ਦਾ ਸਾਥ ਦੇਣ ਵਾਲੇ ਸਿਆਸੀ ਤੌਰ ‘ਤੇ ਵੱਡੇ ਘਾਟੇ ਵਿੱਚ ਰਹੇ।