ਚੰਡੀਗਡ੍ਹ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਸੁਵਿਧਾ ਦੇਂਦਰ ਫਿਰੋਜਪੁਰ ਵਿਖੇ ਤਾਇਨਾਤ ਟੈਕਨੀਕਲ ਸਪੋਰਟ ਇੰਚਾਰਜ ਯੋਗੇਸ਼ ਕੁਮਾਰ ਸੈਣੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਫਿਰੋਜ਼ਪੁਰ ਵਿਖੇ ਤਾਇਨਾਤ ਸੁਵਿਧਾ ਕੇਂਦਰ ਇੰਚਾਰਜ ਯੋਗੇਸ਼ ਕੁਮਾਰ ਸੈਣੀ ਨੂੰ ਸ਼ਮਸ਼ੇਰ ਸਿੰਘ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੋ ਦੇ ਫਿਰੋਜਪੁਰ ਯੂਨਿਟ ਵਿਚ ਤਾਇਨਾਤ ਇੰਸਪੈਕਟਰ ਸੱਤਪ੍ਰੇਮ ਸਿੰਘ ਵਲੋਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਸ਼ਮਸ਼ੇਰ ਸਿੰਘ ਨੇ ਵਿਜੀਲੈਂਸ ਬਿਓਰੋ ਨੂੰ ਆਪਣੀ ਸ਼ਿਕਾਇਤ ਵਿੱਚ ਦਸਿਆ ਹੈ ਕਿ ਉਸ ਦੇ ਜੀਜੇ ਦੀ ਮੌਤ ਦਾ ਸਰਟੀਫਿਕੇਟ ਠੀਕ ਕਰਵਾਉਣ ਦੇ ਇਵਜ਼ ਵਿਚ ਯੋਗੇਸ਼ ਸੈਣੀ ਵਲੋਂ 3000 ਰੁਪਏ ਦੀ ਮੰਗ ਕੀਤੀ ਗਈ ਹੈ।
ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 3000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਅਤੇ ਭ੍ਰਿਸ਼ਟਾਚਾਰ  ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।