ਚੰਡੀਗੜ੍ਹ  – ਸਕੂਲ ਸਿੱਖਿਆ ਢਾਂਚੇ ਵਿੱਚ ਸੁਧਾਰ ਲਿਆਉਣ, ਮਿਆਰੀ ਸਿੱਖਿਆ ‘ਤੇ ਜ਼ੋਰ ਦੇਣ ਅਤੇ ਵੱਖ-ਵੱਖ ਰਾਜਾਂ ਵੱਲੋਂ ਕੀਤੀਆਂ ਜਾ ਰਹੀਆਂ ਵਧੀਆਂ ਕੋਸ਼ਿਸ਼ਾਂ ਨੂੰ ਸਾਂਝਾ ਕਰਨ ਦੇ ਉਦੇਸ਼ ਨਾਲ ਅੱਜ ਇਥੇ ਚੰਡੀਗੜ੍ਹ ਵਿਖਏ ਉਤਰੀ ਭਾਰਤ ਦੇ ਅੱਠ ਰਾਜਾਂ ਦੀ ਸਿੱਖਿਆ ਬਾਰੇ ਖੇਤਰੀ ਕਾਨਫੰਰਸ ਦੀ ਸ਼ੁਰੂਆਤ ਹੋਈ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਸ ਕਾਨਫਰੰਸ ਦਾ ਉਦਘਾਟਨ ਮਨੁੱਖੀ ਸਰੋਤ ਵਿਕਾਸ ਮੰਤਾਰਲੇ ਦੇ ਕੇਂਦਰੀ ਰਾਜ ਮੰਤਰੀ ਸ੍ਰੀ ਉਪੇਂਦਰ ਕੁਸ਼ਵਾਹਾ ਨੇ ਪੰਜਾਬ ਦੀ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਦੀ ਹਾਜ਼ਰੀ ਵਿੱਚ ਕੀਤਾ। ਇਸ ਕਾਨਫਰੰਸ ਵਿੱਚ ਮੇਜ਼ਬਾਨ ਪੰਜਾਬ ਤੋਂ ਇਲਾਵਾ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਉਤਰਾਖੰਡ, ਉਤਰ ਪ੍ਰਦੇਸ਼, ਦਿੱਲੀ ਤੇ ਚੰਡੀਗੜ੍ਹ (ਯੂ.ਟੀ.) ਹਿੱਸਾ ਲੈ ਰਹੇ ਹਨ।
ਕਾਨਫਰੰਸ ਦੀ ਸ਼ੁਰੂਆਤ ਵਿੱਚ ਮੁੱਖ ਮਹਿਮਾਨ ਕੇਂਦਰੀ ਮੰਤਰੀ ਸ੍ਰੀ ਕੁਸ਼ਵਾਹਾ ਅਤੇ ਵੱਖ-ਵੱਖ ਸੂਬਿਆਂ ਤੋਂ ਆਏ ਡੈਲੀਗੇਟ ਦਾ ਸਵਾਗਤ ਕਰਦਿਆਂ ਪੰਜਾਬ ਦੀ ਸਿੱਖਿਆ ਮੰਤਰੀ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਫਨਾ ਹੈ ਕਿ ਪੰਜਾਬ ਸਿੱਖਿਆ ਖੇਤਰ ਵਿੱਚ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਆਵੇ ਜਿਸ ਲਈ ਉਹ ਸਭ ਤੋਂ ਵੱਧ ਪਹਿਲ ਸਿੱਖਿਆ ਵਿਭਾਗ ਨੂੰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਕਾਨਫਰੰਸ ਨਾਲ ਵੱਖ-ਵੱਖ ਸੂਬਿਆਂ ਵਿੱਚ ਚੱਲ ਰਹੀਆਂ ਬਿਹਤਰ ਕੋਸ਼ਿਸ਼ਾਂ ਨੂੰ ਸਾਂਝਾ ਕਰ ਕੇ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਦਾ ਬਿਹਤਰ ਢਾਂਚਾ ਉਸਾਰਨ ਲਈ ਹੇਠਲੇ ਪੱਧਰ ਤੋਂ ਸ਼ੁਰੂਆਤ ਕੀਤੇ ਜਾ ਰਹੇ ਹਨ ਜਿਸ ਦਾ ਖੁਲਾਸਾ ਆਗਾਮੀ ਬਜਟ ਸੈਸ਼ਨ ਵਿੱਚ ਹੋਵੇਗਾ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮੁੱਖ ਪਹਿਲ ਹੇਠਲੇ ਵਰਗ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਕੇ ਉਨ੍ਹਾਂ ਨੂੰ ਪੈਰਾਂ ‘ਤੇ ਖੜ੍ਹਾ ਕਰਨਾ ਹੈ ਜਿਸ ਲਈ ਪ੍ਰਾਇਮਰੀ ਪੱਧਰ ਤੋਂ ਸਿੱਖਿਆ ਸੁਧਾਰਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਈ-ਪੰਜਾਬ ਪੋਰਟਲ ਬਣਾਇਆ ਗਿਆ ਹੈ ਜਿਸ ਨਾਲ ਸੂਬੇ ਭਰ ਦੇ ਸਮੂਹ 30,000 ਸਰਕਾਰੀ, ਪ੍ਰਾਈਵੇਟ ਤੇ ਏਡਿਡ ਸਕੂਲ ਰਜਿਸਟਰਡ ਹਨ। ਇਸ ਤੋਂ ਇਲਾਵਾ 17 ਆਦਰਸ਼ ਸਕੂਲ ਅਤੇ ਗਰੀਬ ਹੁਸ਼ਿਆਰ ਵਿਦਿਆਰਥੀਆਂ ਲਈ 10 ਮੈਰੀਟੋਰੀਅਸ ਸਕੂਲ ਚੱਲ ਰਹੇ ਹਨ।
ਪੰਜਾਬ ਸਰਕਾਰ ਦੀਆਂ ਭਵਿੱਖੀ ਯੋਜਨਾਵਾਂ ਦਾ ਖੁਲਾਸਾ ਕਰਦਿਆਂ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਜੀ ਦਾ ਸੁਫਨਾ ਹੈ ਕਿ ਸੈਕੰਡਰੀ ਪੱਧਰ ਤੋਂ ਵਿਦੇਸ਼ੀ ਭਾਸ਼ਾ ਨੂੰ ਆਪਸ਼ਨ ਵਜੋਂ ਸ਼ੁਰੂਆਤ ਕਰਨ ਦੇ ਪ੍ਰਾਇਮਰੀ ਪੱਧਰ ਤੋਂ ਵੀ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਮਾਧਿਅਮ ਦੀ ਆਪਸ਼ਨ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਸਿੱਖਿਆ ਵਿਭਾਗ ਵੱਲੋਂ ਇਕ ਯੋਜਨਾ ਬਣਾਈ ਜਾ ਰਹੀ ਹੈ ਕਿ ਸੂਬੇ ਵਿੱਚ 400 ਸਰਕਾਰੀ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਮਾਧਿਅਮ ਨੂੰ ਚੋਣਵੇਂ ਮਾਧਿਅਮ ਵਜੋਂ ਸ਼ੁਰੂ ਕੀਤਾ ਜਾਵੇ ਤਾਂ ਪ੍ਰਾਈਵੇਟ ਸਕੂਲਾਂ ਵਿੱਚ ਸਿਰਫ ਅੰਗਰੇਜ਼ੀ ਮਾਧਿਅਮ ਦੀ ਖਿੱਚ ਕਰ ਕੇ ਆਪਣੇ ਬੱਚਿਆਂ ਦਾ ਦਾਖਲਾ ਕਰਵਾਉਣ ਦੇ ਚਾਹਵਾਨ ਮਾਪੇ ਸਰਕਾਰੀ ਸਕੂਲਾਂ ਵੱਲ ਰੁਖ ਕਰ ਸਕਣਗੇ। ਉਨ੍ਹਾਂ ਇਹ ਵੀ ਗੱਲ ਕਹੀ ਕਿ ਅੰਗਰੇਜ਼ੀ ਮਾਧਿਅਮ ਕਿਸੇ ਵੀ ਵਿਦਿਆਰਥੀ ‘ਤੇ ਥੋਪਿਆ ਨਹੀਂ ਜਾਵੇਗਾ ਬਲਕਿ ਪੰਜਾਬੀ ਮਾਧਿਅਮ ਦੇ ਨਾਲ ਅੰਗਰੇਜ਼ੀ ਚੋਣਵਾਂ ਮਾਧਿਅਮ ਹੋਵੇਗਾ।
ਅੰਤ ਵਿੱਚ ਸ੍ਰੀਮਤੀ ਚੌਧਰੀ ਨੇ ਇਸ ਕਾਨਫਰੰਸ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਬਿਹਤਰ ਮੰਚ ਕਰਾਰ ਦਿੰਦਿਆਂ ਕਿਹਾ ਕਿ ਵੱਖ-ਵੱਖ ਰਾਜਾਂ ਵਿੱਚ ਸਿੱਖਿਆ ਪੜ੍ਹਾਉਣ ਦੀਆਂ ਵਿਧੀਆਂ ਅਤੇ ਬਿਹਤਰ ਕੋਸ਼ਿਸ਼ਾਂ ਨੂੰ ਵੱਖ-ਵੱਖ ਰਾਜ ਇਕ ਦੂਜੇ ਨਾਲ ਸਾਂਝੀਆਂ ਕਰਨ। ਉਨ੍ਹਾਂ ਸਿੱਖਿਆ ਖੇਤਰ ਵਿੱਚ ਯੋਗਦਾਨ ਪਾ ਰਹੀਆਂ ਗੈਰ ਸਰਕਾਰੀ ਸੰਗਠਨਾਂ ਦਾ ਵੀ ਸਵਾਗਤ ਕਰਦਿਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਸਲਾਹਿਆ।
ਇਸ ਉਪਰੰਤ ਕਾਨਫਰੰਸ ਦਾ ਉਦਘਾਟਨੀ ਭਾਸ਼ਣ ਦਿੰਦਿਆਂ ਕੇਂਦਰੀ ਰਾਜ ਮੰਤਰੀ ਸ੍ਰੀ ਉਪੇਂਦਰ ਕੁਸ਼ਵਾਹਾ ਨੇ ਕਿਹਾ ਸਕੂਲ ਸਿੱਖਿਆ ਖੇਤਰ ਵਿੱਚ ਬਿਹਤਰ ਸੁਧਾਰ ਲਿਆਉਣਾ ਇਕ ਨਿਰੰਤਰ ਪ੍ਰਕਿਰਿਆ ਹੈ। ਉਨ੍ਹਾਂ ਕਿਹਾ ਕਿ ਮੰਤਰਾਲੇ ਦਾ ਇਕੋ-ਇਕ ਮੰਤਵ ਮਿਆਰੀ ਸਿੱਖਿਆ ‘ਤੇ ਜ਼ੋਰ ਦੇਣਾ ਹੈ। ਉਨ੍ਹਾਂ ਕਿਹਾ ਇਸ ਕਾਨਫਰੰਸ ਦਾ ਮਨੋਰਥ ਇਹੋ ਹੈ ਕਿ ਵੱਖ-ਵੱਖ ਥਾਵਾਂ ‘ਤੇ ਹੋ ਰਹੀਆਂ ਬਿਹਤਰ ਕੋਸ਼ਿਸ਼ਾਂ ਨੂੰ ਹੋਰ ਫੈਲਾਉਣਾ ਅਤੇ ਸਭ ਰਾਜਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਐਨ.ਸੀ.ਈ.ਆਰ.ਟੀ. ‘ਲਰਨਿੰਗ ਆਊਟਕੰਮ’ ਨੀਤੀ ‘ਤੇ ਜ਼ੋਰ ਦੇ ਰਿਹਾ ਹੈ ਜਿਸ ਨਾਲ ਵਿਦਿਆਰਥੀ ਦਾ ਵਿਸ਼ੇ ਅਤੇ ਕਲਾਸ ਅਨੁਸਾਰ ਮੁਲਾਂਕਣ ਕੀਤਾ ਜਾਵੇ।
ਇਸ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਤੇ ਪੰਜਾਬ ਦੀ ਸਿੱਖਿਆ ਮੰਤਰੀ ਨੇ ਸਮਾਂ ਰੌਸ਼ਨ ਕਰ ਕੇ ਕਾਨਫਰੰਸ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਰਾਜਾਂ ਵੱਲੋਂ ਲਗਾਈਆਂ ਪ੍ਰਦਰਸ਼ਨੀਆਂ ਵੀ ਦੇਖੀਆ ਜਿੱਥੇ ਉਨ੍ਹਾਂ ਵਿਦਿਆਰਥੀਆਂ ਦੇ ਉਦਮ ਦੀ ਸ਼ਲਾਘਾ ਕੀਤੀ।
ਕਾਨਫਰੰਸ ਦੌਰਾਨ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸਕੱਤਰ (ਸਕੂਲ ਸਿੱਖਿਆ ਤੇ ਸਾਖਰਤਾ) ਸ੍ਰੀ ਅਨਿਲ ਸਵਰੂਪ, ਸੰਯੁਕਤ ਸਕੱਤਰ ਸ੍ਰੀ ਅਜੇ ਟਿਰਕੇ, ਡਾਇਰੈਕਟਰ (ਰਮਸਾ) ਸ੍ਰੀਮਤੀ ਨਿਗਾਰਾ ਫਾਤਿਮ, ਪੰਜਾਬ ਦੇ ਵਧੀਕ ਮੁੱਖ ਸਕੱਤਰ ਸਕੂਲ ਸਿੱਖਿਆ ਸ੍ਰੀ ਜੀ ਵਜਰਾਲਿੰਗਮ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪਰਦੀਪ ਸੱਭਰਵਾਲ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਸੁਖਦੇਵ ਸਿੰਘ ਕਾਹਲੋ ਤੇ ਵਧੀਕ ਸਟੇਟ ਪ੍ਰਾਜੈਕਟ ਡਾਇਰੈਕਟਰ ਕਮ ਨੋਡਲ ਅਫਸਰ (ਕਾਨਫਰੰਸ) ਡਾ.ਗਿੰਨੀ ਦੁੱਗਲ ਵੀ ਹਾਜ਼ਰ ਸਨ।