ਲਖਨਊ— ਉੱਤਰ ਪ੍ਰਦੇਸ਼ ਦੀ ਮਹਿਲਾ ਕਲਿਆਣ (ਰਾਜ) ਮੰਤਰੀ ਸਵਾਤੀ ਸਿੰਘ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਦਰਅਸਲ ਉਸ ਨੇ ਇਕ ਬੀਅਰ-ਬਾਰ ਦਾ ਉਦਘਾਟਨ ਕੀਤਾ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਉਨ੍ਹਾਂ ਖਿਲਾਫ ਕਾਰਵਾਈ ਕਰਦਿਆਂ ਉਨ੍ਹਾਂ ਕੋਲੋਂ ਸਪੱਸ਼ਟੀਕਰਨ ਮੰਗਿਆ ਸੀ। ਇਸ ਦੌਰਾਨ ਸਵਾਤੀ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਸਪੱਸ਼ਟੀਕਰਨ ਮੰਗ ਲਿਆ ਹੈ, ਇਸ ਲਈ ਉਨ੍ਹਾਂ ਕੋਲ ਕਹਿਣ ਨੂੰ ਕੁਝ ਨਹੀਂ ਹੈ।
ਇਸ ਤੋਂ ਪਹਿਲਾਂ ਸਵਾਤੀ ਸਿੰਘ ਯੂ. ਪੀ. ਚੋਣਾਂ ਤੋਂ ਕੁਝ ਹੀ ਮਹੀਨੇ ਪਹਿਲਾਂ ਉਦੋਂ ਚਰਚਾ ‘ਚ ਆਈ ਸੀ ਜਦੋਂ ਉਨ੍ਹਾਂ ਦੇ ਪਤੀ ਦਇਆਸ਼ੰਕਰ ਸਿੰਘ ‘ਤੇ ਬੀ. ਐਸ. ਪੀ. ਸੁਪਰੀਮੋ ਮਾਇਆਵਤੀ ਖਿਲਾਫ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦਾ ਇਲਜ਼ਾਮ ਲੱਗਾ ਸੀ। ਇਸ ਦੋਸ਼ ਤੋਂ ਬਾਅਦ ਦਇਆਸ਼ੰਕਰ ਸਿੰਘ ਨੂੰ ਬੀਜੇਪੀ ਤੋਂ ਹਟਾ ਦਿੱਤਾ ਗਿਆ ਸੀ, ਹਾਲਾਂਕਿ ਬਾਅਦ ‘ਚ ਪਾਰਟੀ ਨੇ ਆਪਣਾ ਫੈਸਲਾ ਬਦਲ ਲਿਆ ਸੀ। ਇਸ ਦੌਰਾਨ ਬੀ.ਐਸ.ਪੀ. ਦੇ ਨੇਤਾਵਾਂ ਨੇ ਸਵਾਤੀ ਸਿੰਘ ਅਤੇ ਉਸ ਦੇ ਪਰਿਵਾਰ ਖਿਲਾਫ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਸੀ।
ਜ਼ਿਕਰਯੋਗ ਹੈ ਕਿ ਸਵਾਤੀ ਸਿੰਘ ਨੇ ਲਖਨਊ ਦੇ ਪਾਸ਼ ਇਲਾਕੇ ਗੋਮਤੀਨਗਰ ‘ਚ ‘ਬੀ ਦਿ ਬੀਅਰ’ ਨਾਂ ਦੇ ਇਕ ਬੀਅਰ ਬਾਰ ਦੇ ਉਦਘਾਟਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਅਤੇ ਨਿਊਜ਼ ਚੈਨਲਾਂ ‘ਤੇ ਵਾਇਰਲ ਹੋ ਗਈਆਂ। ਜਿਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਯੋਗੀ ਸਰਕਾਰ ‘ਤੇ ਨਿਸ਼ਾਨਾ ਸਾਧਿਆ।