ਲੰਡਨ: ਤਜਰਬੇਕਾਰ ਦੱਖਣੀ ਅਫ਼ਰੀਕੀ ਬੱਲੇਬਾਜ਼ ਤੇ ਸਾਬਕਾ ਕਪਤਾਨ ਹਾਸ਼ਿਮ ਅਮਲਾ ਇੱਕ ਦਿਨਾਂ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਤੇਜ 7000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ ਮਾਮਲੇ ‘ਚ ਅਮਲਾ ਨੇ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਅਮਲਾ ਨੇ 150 ਇੱਕ ਦਿਨਾਂ ਪਾਰੀਆਂ ‘ਚ 7000 ਦੌੜਾਂ ਪੂਰੀਆਂ ਕੀਤੀਆਂ ਹਨ ਜਦਕਿ ਵਿਰਾਟ ਨੇ ਇਹੀ ਮਾਅਰਕਾ 161 ਪਾਰੀਆਂ ‘ਚ ਮਾਰਿਆ ਹੈ। ਦੱਖਣੀ ਅਫ਼ਰੀਕੀ ਬੱਲੇਬਾਜ਼ ਨੇ ਇਹ ਉਪਲਬਧੀ ਇੰਗਲੈਂਡ ਖ਼ਿਲਾਫ਼ ਇੱਕ ਦਿਨਾਂ ਸੀਰੀਜ਼ ਦੇ ਆਖ਼ਰੀ ਮੈਚ ਦੌਰਾਨ ਹਾਸਲ ਕੀਤੀ। ਇਸ ਮੈਚ ਦੱਖਣੀ ਅਫ਼ਰੀਕਾ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਜਿੱਤਿਆ। ਇਸ ਮੈਚ ‘ਚ ਅਮਲਾ ਨੇ 55 ਦੌੜਾਂ ਦਾ ਵਡਮੁੱਲਾ ਯੋਗਦਾਨ ਪਾਇਆ।
ਇਸ ਮੈਚ ਤੋਂ ਪਹਿਲਾਂ ਤੱਕ ਅਮਲਾ ਇਹ ਟੀਚਾ ਹਾਸਲ ਕਰਨ ਤੋਂ ਸਿਰਫ਼ 23 ਦੌੜਾਂ ਪਿੱਛੇ ਸਨ। ਅਮਲਾ ਦੇ ਕਰੀਅਰ ਦਾ ਇਹ 153ਵਾਂ ਇੱਕ ਦਿਨਾਂ ਮੈਚ ਸੀ। ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ 13 ਸਾਲ ਪਹਿਲਾਂ ਇੱਕ ਦਿਨਾਂ ਮੈਚਾਂ ‘ਚ ਸਭ ਤੋਂ ਤੇਜ਼ 7000 ਦੌੜਾਂ 174 ਪਾਰੀਆਂ ‘ਚ ਪੂਰੀਆਂ ਕੀਤੀਆਂ ਸਨ। ਗਾਂਗੁਲੀ ਦਾ ਇਹ ਰਿਕਾਰਡ ਬਾਅਦ ‘ਚ ਦੱਖਣੀ ਅਫ਼ਰੀਕਾ ਦੇ ਹੀ ਏਬੀ ਡੀਵਿਲਿਅਰਜ਼ ਨੇ 166 ਪਾਰੀਆਂ ‘ਚ ਤੋੜਿਆ।