ਚੰਡੀਗੜ੍ਹ – ਸਿੱਖਿਆ ਵਿਭਾਗ, ਪੰਜਾਬ ਵੱਲੋਂ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਸਕੂਲ ਸਿੱਖਿਆ ਵਿੱਚ ਨਵੀਆਂ ਪਹਿਲਕਦਮੀਆਂ ਅਤੇ ਬਿਹਤਰ ਪ੍ਰਬੰਧਾਂ ਬਾਰੇ ਉਤਰੀ ਭਾਰਤ ਦੇ ਅੱਠ ਰਾਜਾਂ ਦੀ ਕਰਵਾਈ ਦੋ ਰੋਜ਼ਾ ਖੇਤਰੀ ਕਾਨਫਰੰਸ ਅੱਜ ਇਥੇ ਸੰਪੰਨ ਹੋ ਗਈ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸ੍ਰੀ ਪ੍ਰਕਾਸ਼ ਜਾਵੜੇਕਰ ਮੁੱਖ ਮਹਿਮਾਨ ਵਜੋਂ ਪੁੱਜੇ ਜਦੋਂ ਕਿ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਵਿਸ਼ੇਸ਼ ਮਹਿਮਾਨ ਵਜੋਂ ਸਾਮਲ ਹੋਏ।
ਦੋ ਰੋਜ਼ਾ ਕਾਨਫਰੰਸ ਦੀ ਸਮਾਪਤੀ ‘ਤੇ ਬੋਲਦਿਆਂ ਸ੍ਰੀ ਜਾਵੜੇਕਰ ਨੇ ਸਾਰਿਆਂ ਨੂੰ ਮਿਆਰੀ ਸਿੱਖਿਆ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਿੱਖਿਆ ਢਾਂਚੇ ਵਿੱਚ ਵੱਡੇ ਬਦਲਾਅ ਲਿਆਉਣ ਦੀ ਲੋੜ ਹੈ ਤਾਂ ਜੋ ਹਰ ਬੱਚੇ ਨੂੰ ਮਿਆਰੀ ਸਿੱਖਿਆ ਮਿਲ ਸਕੇ। ਉਨ੍ਹਾਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਦੀ ਗੱਲ ਕਰਦਿਆਂ ਕਿਹਾ ਕਿ ਇਹ ਧਾਰਨਾ ਖਤਮ ਕਰਨ ਦੀ ਲੋੜ ਹੈ ਕਿ ਪ੍ਰਾਈਵੇਟ ਸਕੂਲਾਂ, ਮਹਿੰਗੀ ਸਿੱਖਿਆ ਅਤੇ ਸਿਰਫ ਅੰਗਰੇਜ਼ੀ ਵਿੱਚ ਸਿੱਖਿਆ ਹੀ ਵਧੀਆ ਸਿੱਖਿਆ ਹੁੰਦੀ ਹੈ। ਉਨ੍ਹਾਂ ਨਵੋਦਿਆ ਵਿਦਿਆਲਿਆ ਤੇ ਕੇਂਦਰੀ ਵਿਦਿਆਲਿਆ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀਆਂ ਬਿਹਤਰ ਉਦਾਹਰਨਾਂ ਦੱਸਿਆ।
ਕੇਂਦਰੀ ਮੰਤਰੀ ਨੇ ਕੁਝ ਅਹਿਮ ਐਲਾਨ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਜਲਦ ਹੀ ਇਕ ਬਿੱਲ ਲਿਆ ਕਿ ਆਰ.ਟੀ.ਈ. ਵਿੱਚ ਸੋਧ ਕਰਨ ਜਾ ਰਹੀ ਹੈ ਜਿਸ ਵਿੱਚ ਫੇਲ੍ਹ ਨਾ ਕਰਨ ਦੀ ਨੀਤੀ ਖਤਮ ਕਰ ਕੇ ਪੰਜਵੀਂ ਤੇ ਅੱਠਵੀਂ ਦੀ ਬੋਰਡ ਪ੍ਰੀਖਿਆ ਮੁੜ ਸ਼ੁਰੂ ਕਰਨ ਅਤੇ ਫੇਲ੍ਹ ਵਿਦਿਆਰਥੀਆਂ ਨੂੰ ਉਸੇ ਕਲਾਸ ਵਿੱਚ ਰੱਖਣ ਦਾ ਅਧਿਕਾਰ ਸੂਬਿਆਂ ਨੂੰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਉਨ੍ਹਾਂ ਲਰਨਿੰਗ ਆਊਟਕੰਮ ਮੁਲਾਂਕਣ ਚਾਰਟ ਬਣਾਉਣ ਦੀ ਗੱਲ ਕਹੀ ਤਾਂ ਜੋ ਹਰ ਕਲਾਸ ਅਤੇ ਹਰ ਵਿਸ਼ੇ ਦਾ ਟੀਚਾ ਮਿੱਥਿਆ ਜਾਵੇਗਾ ਕਿ ਵਿਦਿਆਰਥੀ ਨੂੰ ਕਿੰਨਾ ਗਿਆਨ ਹੋਣਾ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੀ.ਏ. ਬੀ.ਐਡ. ਸਿੱਖਿਆ ਸਿਸਟਮ ਦੀ ਜਗ੍ਹਾਂ ਇੰਟਗਰੇਟਿਡ ਬੀ.ਐਡ. ਕੋਰਸ ਸ਼ੁਰੂ ਕੀਤੇ ਜਾਣ ਦੀ ਯੋਜਨਾ ਹੈ। ਉਨ੍ਹਾਂ ਘਰਾਂ ਵਿੱਚ ਬੀ.ਐਡ. ਕਾਲਜ ਦੇ ਨਾਂ ‘ਤੇ ਖੋਲ੍ਹੀਆ ਦੁਕਾਨਾਂ ਨੂੰ ਗਲਤ ਦੱਸਦਿਆਂ ਕਿਹਾ ਕਿ ਸਰਕਾਰ ਇਸ ਪ੍ਰਥਾ ਨੂੰ ਖਤਮ ਕਰਨ ਲਈ ਸਾਰੇ ਬੀ.ਐਡ. ਕਾਲਜਾਂ ਤੋਂ ਦਾਖਲੇ ਦੀ ਪ੍ਰਕਿਰਿਆ, ਕੈਂਪਸ, ਕੋਰਸ, ਸਟਾਫ ਆਦਿ ਬਾਰੇ ਲਾਜ਼ਮੀ ਹਲਫੀਆ ਬਿਆਨ ਲੈ ਰਹੀ ਹੈ ਅਤੇ ਹੁਣ ਤੱਕ 7000 ਕਾਲਜਾਂ ਵੱਲੋ ਹਲਫੀਆ ਬਿਆਨ ਦਿੱਤੇ ਜਾ ਚੁੱਕੇ ਹਨ ਜਦੋਂ ਕਿ ਬਾਕੀਆਂ ਦਾ ਕੰਮ ਪ੍ਰਗਤੀ ਅਧੀਨ ਹੈ।
ਪੰਜਾਬ ਦੀ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਇਸ ਕਾਨਫਰੰਸ ਦੀ ਸਫਲਤਾ ‘ਤੇ ਕੇਂਦਰੀ ਮੰਤਰੀ ਦਾ ਧੰਨਵਾਦ ਕਰਦਿਆਂ ਇਸ ਵਿੱਚ ਹਿੱਸਾ ਲੈ ਰਹੇ ਸਾਰੇ ਸੂਬਿਆਂ ਦੇ ਡੈਲੀਗੇਟ ਨੂੰ ਵੀ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਕਾਨਫਰੰਸ ਵਿੱਚ ਹੋਏ ਵਿਚਾਰਾਂ ਦਾ ਆਦਾਨ-ਪ੍ਰਦਾਨ ਅਤੇ ਇਕ-ਦੂਜੇ ਸੂਬਿਆਂ ਵੱਲੋਂ ਕੀਤੀਆਂ ਜਾ ਰਹੀਆਂ ਵਿਸ਼ੇਸ਼ ਪਹਿਲਕਦਮੀਆਂ ਨੂੰ ਅਪਣਾਉਣ ਨਾਲ ਇਸ ਕਾਨਫਰੰਸ ਦੇ ਲੰਬੇ ਸਮੇਂ ਵਿੱਚ ਬੜੇ ਸਾਰਥਿਕ ਸਿੱਟੇ ਨਿਕਲਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਗੁਹਾਟੀ, ਰਾਏਪੁਰ, ਪੁਣੇ ਤੇ ਬੰਗਲੌਰ ਵਿਖੇ ਚਾਰ ਖੇਤਰੀ ਕਾਨਫਰੰਸਾਂ ਹੋਈਆਂ ਸਨ ਅਤੇ ਅੱਜ ਪੰਜਵੀਂ ਖੇਤਰੀ ਕਾਨਫਰੰਸ ਸੰਪੰਨ ਹੋ ਰਹੀ ਹੈ। ਉਨ੍ਹਾਂ ਕੇਂਦਰੀ ਮਨੁੱਖ ਸਰੋਤ ਵਿਕਾਸ ਮੰਤਰਾਲੇ ਦਾ ਧੰਨਵਾਦ ਕੀਤਾ ਕਿ ਪੰਜਾਬ ਨੂੰ ਅਜਿਹੀ ਕਾਨਫਰੰਸ ਦੀ ਮੇਜ਼ਬਾਨੀ ਕਰਨਾ ਦਾ ਮੌਕਾ ਮਿਲਿਆ।
ਇਸ ਮੌਕੇ ਕੇਂਦਰੀ ਮੰਤਰੀ ਸ੍ਰੀ ਜਾਵੜੇਕਰ ਤੇ ਪੰਜਾਬ ਦੀ ਸਿੱਖਿਆ ਮੰਤਰੀ ਨੇ ਵੱਖ-ਵੱਖ ਸੂਬਿਆਂ ਵੱਲੋਂ ਆਪੋ-ਆਪਣੇ ਰਾਜਾਂ ਵਿੱਚ ਚੱਲ ਰਹੀਆਂ ਵਿਸ਼ੇਸ਼ ਪਹਿਲਕਦਮੀਆਂ ਬਾਰੇ ਤਿਆਰ ਕੀਤੀਆਂ ਪੇਸ਼ਕਾਰੀਆਂ ਨੂੰ ਵੀ ਦੇਖਿਆ। ਇਸ ਮੌਕੇ ਪੰਜਾਬ ਦੇ ਵਧੀਕ ਮੁੱਖ ਸਕੱਤਰ ਸਕੂਲ ਸਿੱਖਿਆ ਡਾ.ਜੀ.ਵਜਰਾਲਿੰਗਮ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪਰਦੀਪ ਸੱਭਰਵਾਲ, ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸਕੱਤਰ (ਸਕੂਲ ਸਿੱਖਿਆ ਤੇ ਸਾਖਰਤਾ) ਸ੍ਰੀ ਅਨਿਲ ਸਵਰੂਪ, ਸੰਯੁਕਤ ਸਕੱਤਰ ਸ੍ਰੀ ਅਜੈ ਟਿਰਕੇ ਤੇ ਸ੍ਰੀ ਮਨੀਸ਼, ਡਾਇਰੈਕਟਰ (ਰਮਸਾ) ਸ੍ਰੀਮਤੀ ਨਿਗਾਰ ਫਾਤਿਮਾ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਸੁਖਦੇਵ ਸਿੰਘ ਕਾਹਲੋਂ ਅਤੇ ਵਧੀਕ ਸਟੇਟ ਪ੍ਰਾਜੈਕਟ ਡਾਇਰੈਕਟਰ ਕਮ ਨੋਡਲ ਅਫਸਰ (ਕਾਨਫਰੰਸ) ਡਾ.ਗਿੰਨੀ ਦੁੱਗਲ ਵੀ ਹਾਜ਼ਰ ਸਨ।