ਐਸ.ਏ.ਐਸ. ਨਗਰ (ਮੁਹਾਲੀ)  – ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਵਿਭਾਗ ਦੇ ਸਮੂਹ ਅਧਿਕਾਰੀਆਂ  ਨੂੰ ਵਿਭਾਗ ਦੀ ਕਾਰਜਪ੍ਰਣਾਲੀ ਵਿੱਚ ਤੇਜ਼ੀ ਲਿਆ ਕੇ ਕੰਮਕਾਰ ਵਿੱਚ ਦੇਰੀ ਖਤਮ ਕਰਨ, ਭ੍ਰਿਸ਼ਟਾਚਾਰ ਮੁਕਤ ਪਾਰਦਰਸ਼ੀ ਸੇਵਾਵਾਂ ਦੇਣ ਅਤੇ ਨਤੀਜਾਮੁਖੀ ਕੰਮ ਕਰਦਿਆਂ ਬਿਹਤਰ ਕਾਰਗੁਜ਼ਾਰੀ ਦਿਖਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਇਹ ਨਿਰਦੇਸ਼ ਅੱਜ ਇਥੇ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਕੰਪਲੈਕਸ ਵਿਖੇ ਵਿਭਾਗ ਦੇ ਮੁੱਖ ਦਫਤਰ ਸਥਿਤ ਸਮੂਹ ਅਧਿਕਾਰੀਆਂ ਅਤੇ ਫੀਲਡ ਵਿੱਚ ਤਾਇਨਾਤ ਸਮੂਹ ਮੰਡਲ ਤੇ ਜ਼ਿਲਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਤੇ ਐਲੀਮੈਂਟਰੀ) ਨਾਲ ਮੀਟਿੰਗ ਦੌਰਾਨ ਦਿੱਤੇ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸਿੱਖਿਆ ਵਿਭਾਗ ਕੌਮ ਦੇ ਭਵਿੱਖ ਬੱਚਿਆਂ ਨਾਲ ਜੁੜਿਆ ਹੋਇਆ ਹੈ ਅਤੇ ਇਸ ਲਈ ਇਸ ਨਾਲ ਜੁੜੇ ਅਧਿਕਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਤੈਅ ਕਰਨੀ ਹੋਵੇਗੀ ਅਤੇ ਢਿੱਲੀ-ਮੱਠੀ ਕਾਰਗੁਜ਼ਾਰੀ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਖਿਆ ਵਿਭਾਗ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਹਾਲ ਹੀ ਵਿੱਚ ਆਏ ਮਾੜੇ ਨਤੀਜਿਆਂ ‘ਤੇ ਵੀ ਉਨ੍ਹਾਂ ਚਿੰਤਾ ਪ੍ਰਗਟਾਉਂਦਿਆਂ ਵਿਭਾਗ ਨੂੰ ਹਰ ਸੰਭਵ ਮੱਦਦ ਦੇਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਦਫਤਰ ਦੇ ਅਧਿਕਾਰੀ ਅਤੇ ਜ਼ਿਲਾ ਸਿੱਖਿਆ ਅਧਿਕਾਰੀ ਸਿੱਖਿਆ ਵਿਭਾਗ ਦਾ ਮੁੱਖ ਧੁਰਾ ਹੈ ਅਤੇ ਉਨ੍ਹਾਂ ਨੂੰ ਚੰਗਾ ਕੰਮ ਦਿਖਾਉਣ ਦੀ ਚੁਣੌਤੀ ਕਬੂਲ ਕਰੀਦਿਆਂ ਪ੍ਰਸ਼ਾਸਨਿਕ ਕਾਰਗੁਜ਼ਾਰੀ ਦਿਖਾਉਣ ਦੇ ਨਾਲ ਸਕੂਲਾਂ ਵਿੱਚ ਬਿਹਤਰ ਸਿੱਖਿਆ ਦੇਣ ਲਈ ਪਹਿਲਕਦਮੀਆਂ ਕਰਨੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਫੀਲਡ ਦੇ ਅਧਿਕਾਰੀ ਹਰ ਤਰ੍ਹਾਂ ਦੀ ਫੀਡਬੈਕ ਅਤੇ ਚੰਗੇ ਲਈ ਸੁਝਾਅ ਨਿਰੰਤਰ ਦਿੰਦੇ ਰਹਿਣ ਤਾਂ ਜੋ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਦਫਤਰ ਤੋਂ ਜਾਰੀ ਹਦਾਇਤਾਂ ‘ਤੇ ਤੁਰੰਤ ਇੰਨ-ਬਿੰਨ ਪਾਲਣਾ ਕੀਤੀ ਜਾਵੇ ਅਤੇ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਨੀਤੀਗਤ ਫੈਸਲਿਆਂ ਸਬੰਧੀ ਵਿਭਾਗ ਦਾ ਕੋਈ ਵੀ ਅਧਿਕਾਰੀ ਚਾਹੇ ਉਹ ਮੁੱਖ ਦਫਤਰ ਜਾਂ ਫੀਲਡ ਵਿੱਚ ਤਾਇਨਾਤ ਹੋਵੇ, ਕੋਈ ਵੀ ਪੱਤਰ ਜਾਰੀ ਕਰਨ ਤੋਂ ਪਹਿਲਾਂ ਉਚ ਅਧਿਕਾਰੀਆਂ ਦੀ ਪ੍ਰਵਾਨਗੀ ਜ਼ਰੂਰ ਲਵੇ। ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਜੁੜੇ ਹੋਣ ਕਰਕੇ ਸਿੱਖਿਆ ਵਿਭਾਗ ਦਾ ਹਰ ਕੰਮਕਾਰ ਬਹੁਤ ਸੰਵੇਦਨਸ਼ੀਲ ਹੈ ਅਤੇ ਇਸ ਨੂੰ ਕਰਦਿਆਂ ਕੋਈ ਵੀ ਲਾਪਰਵਾਹੀ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਵਿਭਾਗ ਨਾਲ ਸਬੰਧਤ ਫੀਲਡ ‘ਚੋਂ ਕਿਸੇ ਵੀ ਤਰ੍ਹਾਂ ਦਾ ਡਾਟਾ ਇਕੱਠਾ ਕਰਨ ਲਈ ਕਦੇ ਵੀ ਸਕੂਲਾਂ ਨੂੰ ਇਕਦਮ ਹਦਾਇਤਾਂ ਜਾਰੀ ਕਰ ਕੇ ਬੋਲੋੜਾ ਦਬਾਅ ਨਾ ਪਾਇਆ ਜਾਵੇ ਸਗੋਂ ਸਮੇਂ-ਸਮੇਂ ‘ਤੇ ਵਿਭਾਗ ਦਾ ਡਾਟਾ ਨਿਰੰਤਰ ਅੱਪਡੇਟ ਕੀਤਾ ਜਾਵੇ ਤਾਂ ਜੋ ਕਿਸੇ ਵੀ ਸਮੇਂ ਕਿਸੇ ਵੀ ਡਾਟੇ ਨੂੰ ਇਕੱਠਾ ਕਰ ਦੀ ਦਿੱਕਤ ਨਾ ਆਵੇ। ਜ਼ਿਲਾ ਸਿੱਖਿਆ ਅਧਿਕਾਰੀ ਕੋਲ ਜ਼ਿਲੇ ਨਾਲ ਸਬੰਧਤ ਸਿੱਖਿਆ ਵਿਭਾਗ ਦੀ ਹਰ ਜਾਣਕਾਰੀ ਆਪਣੇ ਕੋਲ ਰੱਖੀ ਹੋਣੀ ਚਾਹੀਦੀ ਹੈ।
ਸਿੱਖਿਆ ਮੰਤਰੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਾਲ ਹੀ ਵਿੱਚ ਐਲਾਨੇ ਨਤੀਜਿਆਂ ਵਿੱਚ ਗਰੇਸ ਅੰਕ ਨਾ ਦੇਣ ਦੇ ਫੈਸਲੇ ਨੂੰ ਵੱਡਾ ਮੰਨਦਿਆਂ ਕਿਹਾ ਕਿ ਮਿਆਰੀ ਸਿੱਖਿਆ ਦੇ ਟੀਚਿਆਂ ਦੀ ਪ੍ਰਾਪਤੀ ਲਈ ਇਹ ਵਧੀਆ ਰੁਝਾਨ ਹੈ ਜਿਸ ਨਾਲ ਵਿਦਿਆਰਥੀ ਨੂੰ ਆਪਣੀ ਅਸਲ ਕਾਬਲੀਅਤ ਦਾ ਪਤਾ ਲੱਗੇਗਾ। ਇਸ ਨਾਲ ਕੋਈ ਵੀ ਵਿਦਿਆਰਥੀ ਆਪਣੀ ਕਾਬਲੀਅਤ ਅਨੁਸਾਰ ਆਪਣੇ ਭਵਿੱਖ ਦਾ ਸਹੀ ਫੈਸਲਾ ਲੈ ਸਕਣ ਵਿੱਚ ਸਮਰੱਥ ਹੋ ਸਕੇਗਾ। ਉਨ੍ਹਾਂ ਕਿਹਾ ਕਿ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਦਾ ਇਕ ਸਾਲ ਬਚਾਉਣ ਲਈ 23 ਜੂਨ ਤੋਂ ਹੀ ਰੀ-ਅਪੀਅਰ ਪ੍ਰੀਖਿਆਵਾਂ ਲੈ ਰਹੇ ਹਾਂ ਜਿਸ ਲਈ ਹੇਠਲੇ ਪੱਧਰ ‘ਤੇ ਸਾਰੇ ਪ੍ਰਬੰਧ ਸੁਚਾਰੂ ਤਰੀਕੇ ਨਾਲ ਮੁਕੰਮਲ ਕਰ ਲਏ ਜਾਣ।
ਵਧੀਕ ਮੁੱਖ ਸਕੱਤਰ ਸਕੂਲ ਸਿੱਖਿਆ ਡਾ.ਜੀ.ਵਜਰਾਲਿੰਗਮ ਨੇ ਬੋਲਦਿਆਂ ਕਿਹਾ ਕਿ ਕਿਸੇ ਵੀ ਅਧਿਆਪਕ, ਮੁਲਾਜ਼ਮ ਜਾਂ ਸੇਵਾ ਮੁਕਤ ਮੁਲਾਜ਼ਮ ਨਾਲ ਸਬੰਧਤ ਕੋਈ ਵੀ ਕੰਮ ਹੋਵੇ, ਉਹ ਆਪਣੇ ਪੱਧਰ ‘ਤੇ ਪੂਰਾ ਕਰ ਲਿਆ ਜਾਵੇ ਅਤੇ ਉਨ੍ਹਾਂ ਨੂੰ ਕਿਸੇ ਵੀ ਕੰਮ ਲਈ ਮੁੱਖ ਦਫਤਰ ਨਾ ਆਉਣਾ ਪਵੇ। ਉਨ੍ਹਾਂ ਅਦਾਲਤੀ ਮਾਮਲਿਆਂ ਨੂੰ ਗੰਭੀਰ ਲੈਂਦਿਆਂ ਕਿਹਾ ਕਿ ਜੇਕਰ ਕਿਸੇ ਵੀ ਅਧਿਕਾਰੀ ਦੀ ਅਣਗਹਿਲੀ ਕਾਰਨ ਅਦਾਲਤੀ ਹੁਕਮਾਂ ਦੀ ਉਲੰਘਣਾ ਹੁੰਦੀ ਹੈ ਤਾਂ ਸਬੰਧਤ ਅਧਿਕਾਰੀ ਖਿਲਾਫ ਸਖਤ ਕਾਰਵਾਈ ਹੋਵੇਗੀ।
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪਰਦੀਪ ਸੱਭਰਵਾਲ ਨੇ ਸਿੱਖਿਆ ਮੰਤਰੀ ਨੂੰ ਵਿਸ਼ਵਾਸ ਦਿਵਾਇਆ ਕਿ ਵਿਭਾਗ ਵੱਲੋਂ ਉਨ੍ਹਾਂ ਵੱਲੋਂ ਜਾਰੀ ਹਦਾਇਤਾਂ ਲਾਗੂ ਕੀਤੀਆਂ ਜਾਣਗੀਆਂ ਅਤੇ ਮਿਆਰੀ ਸਿੱਖਿਆ ਅਤੇ ਬਿਹਤਰ ਸਿੱਖਿਆ ਢਾਂਚੇ ਦੀ ਪ੍ਰਾਪਤੀ ਲਈ ਮਿਲ ਕੇ ਕੰਮ ਕੀਤਾ ਜਾਵੇਗਾ। ਇਸ ਮੌਕੇ ਡਾਇਰੈਕਟਰ (ਪ੍ਰਸ਼ਾਸਨ) ਸ੍ਰੀ ਪਰਮਜੀਤ ਸਿੰਘ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਸੁਖਦੇਵ ਸਿੰਘ ਕਾਹਲੋਂ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀ ਇੰਦਰਜੀਤ ਸਿੰਘ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ੍ਰੀ ਜੇ.ਆਰ.ਮਹਿਰੋਕ, ਵਧੀਕ ਸਟੇਟ ਪ੍ਰਾਜੈਕਟ ਡਾਇਰੈਕਟਰ ਡਾ.ਗਿੰਨੀ ਦੁੱਗਲ, ਡਿਪਟੀ ਡਾਇਰੈਕਟਰ ਸ੍ਰੀ ਧਰਮ ਸਿੰਘ ਤੇ ਸ੍ਰੀ ਜਗਤਾਰ ਸਿੰਘ ਕੁਲੜੀਆ ਸਮੇਤ ਸਮੂਹ ਅਧਿਕਾਰੀ, ਸੀ.ਈ.ਓਜ਼ ਤੇ ਡੀ.ਈ.ਓਜ਼ ਹਾਜ਼ਰ ਸਨ।