ਐਸ.ਏ.ਐਸ. ਨਗਰ- ”ਆਪਣੇ ਆਲੇ ਦੁਆਲੇ ਦੀ ਸਾਂਭ ਸੰਭਾਲ ਅਤੇ ਸਫਾਈ ਨੂੰ ਯਕੀਨੀ ਬਣਾਉਣਾ ਹਰੇਕ ਨਾਗਰਿਕ ਦਾ ਪਹਿਲਾ ਫਰਜ ਹੈ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇੱਕ ਸਾਫ ਸੁਥਰਾ ਚੌਗਿਰਦਾ ਤੋਹਫੇ ਵਜੋਂ ਦੇ ਸਕੀਏ”। ਇਹਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਥਾਨਕ ਸਰਕਾਰ, ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰੀ ਸ੍ਰ: ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਮਿਊਂਸਪਲ ਭਵਨ ਵਿਖੇ ਵਿਸ਼ਵ ਵਾਤਾਵਰਣ ਦਿਵਸ ਮੌਕੇ  ਮੁਹਾਲੀ ਸ਼ਹਿਰ ਲਈ ਗਿੱਲੇ ਕੂਡ਼ੇ ਤੇ ਸੁੱਕੇ ਕੂਡ਼ੇ  ਦੀ ਅੱਡ ਅੱਡ ਚੁਕਾਈ ਦੇ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।  ਇਸ ਮੌਕੇ ਉਨ੍ਹਾਂ ਨਗਰ ਨਿਗਮ ਭਵਨ ਵਿਖੇ ਰੁੱਖ ਲਗਾ ਕੇ ਰੁੱਖ ਲਗਾਓ ਮੁਹਿੰਮ ਦਾ ਆਗਾਜ਼ ਵੀ ਕੀਤਾ।
ਸ੍ਰ: ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਮਿਸ਼ਨ ਹੈ ਕਿ ਸੂਬੇ ਨੂੰ ਸਾਫ-ਸੁਥਰਾ ਅਤੇ ਹਰਿਆਵਲ ਭਰਪੂਰ ਬਣਾਇਆ ਜਾਵੇ। ਇਸ ਕੰਮ ਨੂੰ ਨੇਪਰੇ ਚਾਡ਼੍ਹਨ ਲਈ ਸੂਬੇ ਭਰ ਵਿੱਚ ਤਕਰੀਬਨ 5 ਲੱਖ ਬੂਟੇ ਲਗਾਏ ਜਾਣਗੇ। ਉਨ੍ਹਾਂ ਹੋਰ ਭਵਿੱਖੀ ਯੋਜਨਾਵਾਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਰਾਜ ਸਰਕਾਰ ਅਜਿਹੀਆਂ ਅਤਿ-ਆਧੁਨਿਕ ਮਸ਼ੀਨਾਂ ਦੀ ਖਰੀਦ ਕਰੇਗੀ ਜੋ ਕਿ ਰੁੱਖਾਂ ਨੂੰ 20 ਫੁੱਟ ਡੂੰਘਾਈ ਤੋਂ ਪੱਟਣ ਦੀ ਸਮੱਰਥਾ ਰੱਖਣਗੀਆਂ ਅਤੇ ਬਾਅਦ ਵਿੱਚ ਇਨ੍ਹਾਂ ਰੁੱਖਾਂ ਨੂੰ ਹੀ ਹੋਰ ਲੋਡ਼ੀਦੀਆਂ ਥਾਵਾਂ ‘ਤੇ ਲਾਉਣ ਦੇ ਸਮਰੱਥ ਹੋਣਗੀਆਂ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਵਿੱਚ ਸੂਬੇ ਭਰ ਦੇ ਸੀਵਰੇਜਾਂ ਦੀ ਸਫਾਈ, ਠੋਸ ਰਹਿੰਦ ਖੂੰਹਦ ਪ੍ਰਬੰਧਨ ਪਲਾਂਟ ਸਥਾਪਿਤ ਕਰਨੇ, ਸਟਰੀਟ ਲਾਈਟਾਂ ਅਤੇ ਬੂਟੇ ਲਾਉਣੇ ਆਦਿ ਸ਼ਾਮਿਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਹਿਰਾਂ ਦੇ ਵਗਦੇ ਪਾਣੀ ਨੂੰ ਇਸਤੇਮਾਲ ਕਰਕੇ ਲੋਕਾਂ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਉਨ੍ਹਾਂ ਤੱਕ ਪੁੱਜਦਾ ਕਰਨ ਹਿੱਤ ਵਿਸ਼ਵ ਬੈਂਕ ਤੋਂ ਕਰਜੇ ਬਾਬਤ ਵੀ ਵਿਚਾਰ ਕੀਤਾ ਜਾ ਰਿਹਾ ਹੈ। ਜਿਸ ਨਾਲ ਲੋਕਾਂ ਨੂੰ ਪੀਣ ਵਾਲੇ ਸਾਫ ਸੂਥਰੇ ਪਾਣੀ ਦੀ ਸਪਲਾਈ ਦੀ ਘਾਟ ਨਹੀਂ ਰਹੇਗੀ।
ਸਥਾਨਕ ਸਰਕਾਰ ਮੰਤਰੀ ਨੇ ਅੱਗੇ ਕਿਹਾ ਕਿ ਵਿਭਾਗ ਵੱਲੋਂ 200 ਗਜ਼ ਤੋਂ ਜਿਆਦਾ ਦੇ ਖੇਤਰ ਵਿੱਚ ਮਕਾਨ ਬਣਾਉਣ ਵਾਲੇ ਨੂੰ ਵਰਤੋਂ ਸਰਟੀਫਿਕੇਟ (ਯੂ.ਸੀ.) ਤਾਂ ਹੀ ਜਾਰੀ ਕੀਤਾ ਜਾਵੇਗਾ ਜੇਕਰ ਉਸ ਵੱਲੋਂ ਜਮੀਨੀ ਪਾਣੀ ਨੂੰ ਇਕੱਠਾ ਕਰਨ ਸਬੰਧੀ ਠੋਸ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰ ਵਿਭਾਗ ਦੀ ਆਪਣੀ ਨੀਤੀ ਹੋਵੇਗੀ ਜਿਸ  ਨੂੰ  ਅਗਲੀ ਕੈਬਨਿਟ ਮੀਟਿੰਗ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਇਸ ਮੌਕੇ ਪਿਛਲੀ ਅਕਾਲੀ ਭਾਜਪਾ ਸਰਕਾਰ ਉੱਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਕਿ ਪੰਜਾਬ ਵਿੱਚ 64 ਸੀਵਰੇਜ ਟਰੀਟਮੈਂਟ ਪਲਾਂਟ ਲਗਾਏ ਗਏ ਸਨ। ਜਿਨ੍ਹਾਂ ਵਿੱਚੋਂ ਕੇਵਲ 3 ਹੀ ਚਾਲੂ ਹੋ ਸਕੇ ਹਨ।  ਉਨ੍ਹਾਂ ਦੱਸਿਆ ਕਿ ਮੁਹਾਲੀ ਵਿਖੇ ਪਾਣੀ ਦੇ ਸੁਚੱਜੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਇੱਕ ਵੱਡਾ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਿਤ ਕੀਤਾ ਜਾਵੇਗਾ ਜਿਸ ਦੇ ਪਾਣੀ ਨੂੰ ਕਿਸਾਨਾਂ ਦੀਆਂ ਫਸਲਾਂ ਅਤੇ ਬਾਗ ਬਗੀਚਿਆਂ ਲਈ ਵਰਤੋਂ ਵਿੱਚ ਲਿਆਂਦਾ ਜਾਵੇਗਾ।
ਸ੍ਰ: ਸਿੱਧੂ ਨੇ ਸਮੂਹ ਪੰਜਾਬ ਵਾਸੀਆਂ ਨੂੰ  ਵਿਸ਼ਵ ਵਾਤਾਵਰਣ ਦਿਵਸ ਮੌਕੇ  ਸੱਦਾ ਦਿੰਦਿਆਂ ਵਾਤਾਵਰਣ ਦੀ ਸਵੱਛਤਾ ਲਈ ਅਤੇ ਮਹਾਨ ਗੁਰੂਆਂ ਦੇ ਸੰਦੇਸ਼ ਤੇ ਚੱਲ ਕੇ ਹਰੇਕ ਪੰਜਾਬ ਵਾਸੀ ਨੂੰ ਘੱਟੋ-ਘੱਟ ਇੱਕ ਰੁੱਖ  ਲਗਾ ਕੇ ਉਸ ਦੇ ਪਾਲਣ ਪੋਸ਼ਣ ਨੂੰ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪੰਜਾਬ ਦੇ ਵਾਤਾਵਰਣ ਅਤੇ ਪੰਜਾਬ ਦੇ ਪਾਣੀਆਂ ਪ੍ਰਤੀ ਸੁਚੇਤ ਨਾ ਹੋਏ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਧਰਤੀ ਬੰਜਰ ਬਣ ਜਾਵੇਗੀ। ਇਸ ਲਈ ਸਾਨੂੰ ਵਾਤਾਵਰਣ  ਦੀ ਸਵੱਛਤਾ ਅਤੇ ਪਾਣੀ ਦੀ ਵਰਤੋਂ ਬਹੁਤ ਹੀ ਸੰਜਮ ਨਾਲ ਕਰਨ ਪ੍ਰਤੀ ਜਾਗਰੁਕ ਹੋਣ ਦੀ ਲੋਡ਼ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਥਾਨਕ ਵਿਧਾਇਕ ਸ੍ਰ: ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁਹਾਲੀ ਸ਼ਹਿਰ ਵਿਸ਼ਵ ਦੇ ਨਕਸੇ ਦੇ ਉੱਪਰ ਉੱਭਰ ਕੇ ਸਾਹਮਣੇ ਆ ਰਿਹਾ ਹੈ। ਉਨ੍ਹਾ ਕਿਹਾ ਕਿ ਮੁਹਾਲੀ ਦੀ ਬੰਦ ਪਈ ਇੰਡਸਟਰੀ ਨੂੰ ਵੀ ਬਡ਼ਾਵਾ ਦੇਣ ਦੀ ਲੋਡ਼ ਹੈ ਅਤੇ  ਮੁਹਾਲੀ  ਵਿਖੇ ਇੱਕ ਵੱਡਾ ਟਰੀਟਮੈਂਟ ਪਲਾਂਟ ਲਗਾਉਣ ਦੀ ਬੇਹੱਦ ਲੋਡ਼ ਹੈ।  ਜਿਸ ਰਾਂਹੀ ਇਸ ਜ਼ਿਲ੍ਹੇ ਦੇ ਕਿਸ਼ਾਨਾਂ ਨੂੰ ਖੇਤੀਬਾਡ਼ੀ ਲਈ ਸਿੰਚਾਈ ਸਹੂਲਤਾਂ ਮਿਲ ਸਕਦੀਆਂ ਹਨ। ਉਨ੍ਹਾਂ ਵਿਸ਼ਵ ਵਾਤਾਵਰਣ ਦਿਵਸ ਤੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਵੀ ਕੀਤੀ। ਇਸ ਤੋਂ ਪਹਿਲਾਂ ਮੇਅਰ ਨਗਰ ਨਿਗਮ ਸ੍ਰੀ ਕੁਲਵੰਤ ਸਿੰਘ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰ: ਨਵਜੋਤ ਸਿੰਘ ਸਿੱਧੂ ਦਾ ਨਗਰ ਨਿਗਮ ਵਿਖੇ ਪੁੱਜਣ ਤੇ ਜੀ ਆਇਆਂ ਆਖਿਆ ਅਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਾਤਾਵਰਣ ਦੀ ਸਵੱਛਤਾ ਅਤੇ ਪਾਣੀ ਦੀ ਵਰਤੋਂ ਪ੍ਰਤੀ ਸਾਨੂੰ ਸੁਚੇਤ ਹੋਣ ਦੀ ਲੋਡ਼ ਹੈ।  ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਮ.ਐਲ.ਏ. ਸ੍ਰ: ਕੁਲਜੀਤ ਸਿੰਘ ਨਾਗਰਾ, ਐਮ.ਐਲ.ਏ. ਨਵਾਂ ਸ਼ਹਿਰ, ਐਮ.ਐਲ.ਏ. ਬਲਾਚੌਰ ਸ੍ਰੀ ਦਰਸ਼ਨ ਲਾਲ, ਸੰਯੂਕਤ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਵਨੀਤ ਕੌਰ, ਸੀਨੀਅਰ ਡਿਪਟੀ ਮੇਅਰ ਸ੍ਰੀ ਰੀਸ਼ਵ ਜੈਨ, ਡਿਪਟੀ ਮੇਅਰ ਸ੍ਰੀ ਮਨਜੀਤ ਸਿੰਘ ਸੇਠੀ, ਕੌਂਸਲਰ ਸ੍ਰੀ ਕੁਲਜੀਤ   ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਫੂਲਰਾਜ ਸਿੰਘ, ਸੁਖਦੇਵ ਸਿੰਘ ਪਟਵਾਰੀ, ਹਰਪਾਲ ਸਿੰਘ ਚੰਨਾ, ਰਾਜ ਰਾਣੀ ਜੈਨ, ਜਸਵੀਰ ਸਿੰਘ ਮਣਕੂ, ਅਮਰੀਕ ਸਿੰਘ ਤਹਿਸੀਲਦਾਰ ਅਤੇ ਸ੍ਰ: ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾਂ ਮੱਛਲੀਕਲਾਂ ਸਮੇਤ ਹੋਰ ਕੌਂਸਲਰ ਅਤੇ ਪੰਤਵੰਤੇ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।