ਚੰਡੀਗੜ੍ਹ- ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇਥੇ ਕਿਹਾ ਕਿ ਗੜ੍ਹਸ਼ੰਕਰ ਤੋਂ ਹਾਲ ਹੀ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਖਾਲਿਸਤਾਨ ਪੱਖੀ ਕਾਰਕੁੰਨ ਗੁਰਦਿਆਲ ਸਿੰਘ ਦੀ ਗ੍ਰਿਫਤਾਰੀ ਨਾਲ ਕਾਂਗਰਸ ਦਾ ਇਹ ਸਟੈਂਡ ਸਹੀ ਸਾਬਿਤ ਹੋਇਆ ਹੈ ਕਿ ਆਮ ਆਦਮੀ ਪਾਰਟੀ ਨੂੰ ਦੇਸ਼ ਵਿਰੋਧੀ ਅਨਸਰਾਂ ਦੀ ਹਿਮਾਇਤ ਹੈ।
ਅੱਜ ਇਥੇ ਜਾਰੀ ਇੱਕ ਬਿਆਨ ਰਾਹੀਂ ਸ੍ਰੀ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਤੋਂ ਸਪੱਸ਼ਟੀਕਰਨ ਮੰਗਦਿਆਂ ਕਿਹਾ ਕਿ ਉਹ ‘ਆਪ’ ਨਾਲ ਸਿੱਧੇ ਸਬੰਧ ਰੱਖਣ ਵਾਲੇ ਇਸ ਖਾਲਿਸਤਾਨੀ ਕਾਰਕੁੰਨ ਦੀ ਗ੍ਰਿਫਤਾਰੀ ਬਾਰੇ ਆਪਣੀ ਸਥਿਤੀ ਸਪਸ਼ਟ ਕਰਨ। ਉਨ੍ਹਾਂ ਕਿਹਾ ਕਿ ਗੁਰਦਿਆਲ ਸਿੰਘ ਨੇ ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਦੇ ਗੜ੍ਹਸ਼ੰਕਰ ਤੋਂ ਉਮੀਦਵਾਰ ਜੈਕਿਸ਼ਨ ਸਿੰਘ ਰੋੜੀ ਦੀ ਚੋਣ ਪ੍ਰਚਾਰ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਸੀ ਜਿਸ ਬਾਰੇ ਸਬੂਤ ਵਜੋਂ ਅੱਜ ਦੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਈਆਂ ਫੋਟੋਗ੍ਰਾਫਜ਼ ਨੂੰ ਦੇਖਣ ਉਪਰੰਤ ਸ਼ੱਕ ਦੀ ਕੋਈ ਗੁੰਝਾਇਸ਼ ਨਹੀਂ ਰਹਿੰਦੀ।
ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੂਬੇ ਅੰਦਰ ਜਾਣਬੁੱਝ ਕੇ ਕੱਟੜਪੰਥੀ ਅਤੇ ਵੱਖਵਾਦੀ ਏਜੰਡਾ ਅਪਣਾਇਆ ਗਿਆ ਹੈ ਅਤੇ ਇਸੇ ਏਜੰਡੇ ਤਹਿਤ ਹੀ ਫਰਵਰੀ 2017 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਕਨਵੀਨਰ ਕੇਜਰੀਵਾਲ ਮੋਗਾ ਵਿਖੇ ਇੱਕ ਸਾਬਕਾ ਖਾਲਿਸਤਾਨੀ ਖਾੜਕੂ ਦੇ ਘਰ ਠਹਿਰੇ ਸੀ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ‘ਆਪ’ ਜਿਸ ਅੱਗ ਵਿੱਚ ਪੰਜਾਬ ਨੂੰ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ ਸੂਬਾ ਹੁਣ ਉਸ ਨੂੰ ਸਹਿਣ ਦੀ ਸਥਿਤੀ ਵਿੱਚ ਨਹੀਂ ਹੈ।
ਸ੍ਰੀ ਰਾਜਾ ਵੜਿੰਗ ਨੇ ਕਿਹਾ ਕਿ ਸਾਰੀਆਂ ਮੁੱਖ ਪਾਰਟੀਆਂ ਵੱਲੋਂ ‘ਆਪ’ ਦੇ ਕੱਟੜਪੰਥੀਆਂ ਦੇ ਦੇਸ਼ ਵਿਰੋਧੀ ਤਾਕਤਾਂ ਨਾਲ ਸਬੰਧਾਂ ਦੇ ਮੁੱਦੇ ਨੂੰ ਵਾਰ-ਵਾਰ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ ਹੈ ਕਿਉਂਕਿ ਇਹ ਪਾਰਟੀ ਅਜਿਹੇ ਅਨਸਰਾਂ ਦਾ ਘਰ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵੀ ਮੌੜ ਵਿਖੇ ਕਾਂਗਰਸ ਦੇ ਉਮੀਦਵਾਰ ਸ੍ਰੀ ਹਰਮਿੰਦਰ ਜੱਸੀ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ ਅਤੇ ਅਜਿਹੇ ਸਾਰੇ ਮੁੱਦਿਆਂ ਦੀ ਕਿਸੇ ਜਾਂਚ ਏਜੰਸੀ ਤੋਂ ਪੜਤਾਲ ਕਰਵਾਉਣੀ ਬਹੁਤ ਜਰੂਰੀ ਹੈ।
ਇਸੇ ਦੌਰਾਨ, ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਨੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਿਹਾ ਹੈ ਕਿ ਉਹ ਇਸ ਮੁੱਦੇ ‘ਤੇ ਆਪਣੀ ਨਿਰਦੋਸ਼ਤਾ ਸਾਬਿਤ ਕਰਨ ਦੇ ਨਾਲ-ਨਾਲ ਆਪਣੀ ਸਥਿਤੀ ਸਪਸ਼ਟ ਕਰਨ। ਸ੍ਰੀ ਰਾਜਾ ਵੜਿੰਗ ਨੇ ਕਿਹਾ,” ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੱਟੜਪੰਥੀਆਂ ਅਤੇ ਦੇਸ਼ ਵਿਰੋਧੀਆਂ ਨਾਲ ਮਿਲ ਕੇ ਪੰਜਾਬ ਵਿੱਚ ਸਤਾ ਹਥਿਆਉਣ ਦੀ ਕਾਹਲ ਵਿੱਚ ਹੋ ਅਤੇ ਗੁਰਦਿਆਲ ਸਿੰਘ ਦੀ ਹਾਲ ਹੀ ਵਿੱਚ ਹੋਈ ਗ੍ਰਿਫਤਾਰੀ ਨੇ ਬਿਨਾਂ ਸ਼ੱਕ ਇਸ ਤੱਥ ਨੂੰ ਸਾਬਿਤ ਵੀ ਕਰ ਦਿੱਤਾ ਹੈ।”