ਚੰਡੀਗੜ੍ਹ- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉਸ ਨਿਵੇਕਲੀ ਪਹਿਲ ਦਾ ਸਵਾਗਤ ਕੀਤਾ ਹੈ ਜਿਸ ਤਹਿਤ 17 ਅਗਸਤ ਨੂੰ ਬਟਵਾਰਾ ਯਾਦਗਾਰ ਦਿਵਸ ਵਜੋਂ ਖਾਸ ਕਰਕੇ ਪੰਜਾਬ ਅਤੇ ਬੰਗਾਲ ਦੇ ਉਨ੍ਹਾਂ ਗੈਰ ਸਾਧਾਰਨ ਹਿੰਮਤ ਵਾਲੇ ਆਮ ਲੋਕਾਂ ਦੀ ਯਾਦ ਵਿੱਚ ਮਨਾਇਆ ਜਾਵੇਗਾ ਜਿਹਨਾਂ ਦਾ ਦੇਸ਼ ਦੇ ਬਟਵਾਰੇ ਦੌਰਾਨ ਸਭ ਕੁਝ ਤਬਾਹ ਹੋ ਗਿਆ ਪਰ ਉਹਨਾਂ ਨੇ ਹਿੰਮਤ ਨਾ ਹਾਰਦੇ ਹੋਏ ਆਪਣੇ ਹੌਂਸਲੇ ਅਤੇ ਲਗਨ ਨਾਲ ਇੱਕ ਨਵੇਂ ਭਾਰਤ ਦਾ ਨਿਰਮਾਣ ਕੀਤਾ|
ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਮੀਡੀਆ ਕਰਮੀਆਂ ਨਾਲ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਵੱਲੋਂ ਦ ਆਰਟਸ ਐਂਡ ਕਲਚਰਲ ਹੈਰੀਟੇਜ਼ ਟਰੱਸਟ ਨੂੰ ਪੂਰੀ ਮਦਦ ਦਿੱਤੀ ਜਾਵੇਗੀ ਜੋ ਕਿ ਅੰਮ੍ਰਿਤਸਰ ਦੇ ਟਾਊਨ ਹਾਲ ਵਿਖੇ ਬਟਵਾਰੇ ਦੀ ਦਾਸਤਾਨ ਕਹਿੰਦੇ ਦੁਨੀਆਂ ਦੇ ਆਪਣੀ ਤਰ੍ਹਾਂ ਦੇ ਨਿਵੇਕਲੇ ਅਜਾਇਬ ਘਰ ਨੂੰ 17 ਅਗਸਤ ਨੂੰ ਜਨਤਾ ਦੇ ਸਪੁਰਦ ਕਰੇਗਾ। ਸ. ਸਿੱਧੂ ਨੇ ਅੱਗੇ ਦੱਸਿਆ ਕਿ ਇਸ ਅਜਾਇਬ ਘਰ ਨਾਲ ਅੰਮ੍ਰਿਤਸਰ, ਜੋ ਕਿ ਭਾਰਤ ਦੇ ਸਭ ਤੋਂ ਅਹਿਮ ਧਾਰਮਿਕ ਸਥਾਨਾਂ ਵਿੱਚੋਂ ਇੱਕ ਹੈ, ਦੀ ਸੈਰ ਸਪਾਟਾ ਸਨਅਤ ਨੂੰ ਖਾਸਾ ਹੁਲਾਰਾ ਮਿਲੇਗਾ|
ਇਸ ਮੌਕੇ ਉੱਘੀ ਲੇਖਿਕਾ, ਕਾਲਮਨਵੀਸ ਅਤੇ ਟਰੱਸਟ ਦੀ ਚੇਅਰਪਰਸਨ ਸ੍ਰੀਮਤੀ ਕਿਸ਼ਵਰ ਦੇਸਾਈ ਨੇ ਕਿਹਾ ਕਿ ਇਸ ਅਜਾਇਬ ਘਰ ਦੇ ਉਦਘਾਟਨ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚਣਗੇ ਅਤੇ ਇਸਤੋਂ ਪਹਿਲਾਂ ਬਟਵਾਰਾ ਯਾਦਗਾਰ ਦਿਵਸ ਲਈ ‘ਚਲੋ ਅੰਮ੍ਰਿਤਸਰ-17 ਅਗਸਤ, 2017 ਨਾਂ ਦੀ ਇੱਕ ਵਿਸ਼ੇਸ਼ ਆਨਲਾਇਨ ਮੁਹਿੰਮ ਚਲਾਈ ਜਾਵੇਗੀ। ਇਸ ਮੌਕੇ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਕਈ ਮਸ਼ਹੂਰ ਹਸਤੀਆਂ ਤੋਂ ਇਲਾਵਾ ਬਟਵਾਰੇ ਦਾ ਦਰਦ ਝੱਲਣ ਵਾਲੇ ਐਨ.ਆਰ.ਆਈ. ਪਰਿਵਾਰ ਵੀ ਵੱਡੀ ਗਿਣਤੀ ਵਿੱਚ ਪਹੁੰਚਣਗੇ|
ਇਸ ਅਜਾਇਬ ਘਰ ਦੇ ਉਦਘਾਟਨ ਮਗਰੋਂ ਸ਼ਾਮ ਦੇ ਸਮੇਂ ਸੂਫ਼ੀ ਸੰਗੀਤ ਦਾ ਪ੍ਰੋਗਰਾਮ ਹੋਵੇਗਾ ਜੋ ਕਿ ਆਰਟਸ ਐਂਡ ਲਿਟਰੇਚਰ ਫੈਸਟੀਵਲ ਆਫ ਅੰਮ੍ਰਿਤਸਰ ਵੱਲੋਂ ਕਰਵਾਇਆ ਜਾਵੇਗਾ। ਇਸ ਮੌਕੇ ਅੰਮ੍ਰਿਤਸਰ ਅਤੇ ਲਾਹੌਰ ਦੀਆਂ 1947 ਤੋਂ ਪਹਿਲਾਂ ਦੇ ਜ਼ਮਾਨੇ ਦੀਆਂ ਗਲੀਆਂ ਵੀ ਰੂਪਾਂਤਰਿਤ ਕੀਤੀਆਂ ਜਾਣਗੀਆਂ ਅਤੇ ਇਸ ਤੋਂ ਇਲਾਵਾ ਉਸ ਸਮੇਂ ਦੇ ਖਾਣੇ ਅਤੇ ਹੋਰ ਯਾਦਗਾਰੀ ਚੀਜ਼ਾਂ ਵੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਹ ਸਮਾਗਮ ਆਮ ਲੋਕਾਂ ਲਈ ਖੁੱਲ੍ਹਾ ਹੋਵੇਗਾ ਅਤੇ ਇਸਨੂੰ ਸਫਲਤਾ ਨਾਲ ਨੇਪਰੇ ਚਾੜ੍ਹਨ ਵਿੱਚ ਜੈਪੁਰ ਲਿਟਰੇਚਰ ਫੈਸਟੀਵਲ ਕਰਵਾਉਣ ਵਾਲੀ ਕੰਪਨੀ ਟੀਮਵਰਕਸ ਵੱਲੋਂ ਦ ਆਰਟਸ ਐਂਡ ਕਲਚਰਲ ਹੈਰੀਟੇਜ਼ ਟਰੱਸਟ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ|
17 ਅਗਸਤ ਉਹ ਦਿਨ ਹੈ ਜਦੋਂ 70 ਵਰ੍ਹੇ ਪਹਿਲਾਂ 1947 ਵਿੱਚ ਭਾਰਤ ਦੇ ਬਟਵਾਰੇ ਦਾ ਐਲਾਨ ਕੀਤਾ ਗਿਆ ਸੀ, ਜਿਸਦਾ ਸਿੱਟਾ ਪੰਜਾਬ ਦੇ ਇਤਿਹਾਸ ਵਿਚਲੀਆਂ ਸਭ ਤੋਂ ਹੌਲਨਾਕ ਅਤੇ ਦਰਦਨਾਕ ਘਟਨਾਵਾਂ ਵਿੱਚੋਂ ਇੱਕ ਦੇ ਰੂਪ ਵਿੱਚ ਨਿਕਲਿਆ ਸੀ। ਇਤਿਹਾਸ ਵਿਚਲੇ ਲੋਕਾਂ ਦੇ ਇਸ ਸਭ ਤੋਂ ਵੱਡੇ ਤਬਾਦਲੇ ਨੇ ਨਾ ਸਿਰਫ ਪੰਜਾਬ ਅਤੇ ਬੰਗਾਲ ਨੂੰ ਵੰਡਿਆ ਸਗੋਂ ਅਣਗਿਣਤ ਘਰਾਂ ਨੂੰ ਬਰਬਾਦ ਕਰਨ ਤੋਂ ਇਲਾਵਾ ਜਾਨੀ ਨੁਕਸਾਨ ਵੀ ਵੱਡੇ ਪੱਧਰ ਉੱਤੇ ਕੀਤਾ। ਇਸ ਦੁਖਾਂਤ ਦੇ ਅਸਰ ਦੀ ਬਾਤ ਪਾਉਂਦੀ ਕਦੇ ਵੀ ਕੋਈ ਅਜਿਹੀ ਯਾਦਗਾਰ ਨਹੀਂ ਬਣੀ ਅਤੇ ਇਹ ਅਜਾਇਬ ਘਰ ਤੇ ਇਸਦੇ ਉਦਘਾਟਨ ਮੌਕੇ ਕਰਵਾਏ ਜਾਣ ਵਾਲੇ ਪ੍ਰੋਗਰਾਮ ਪੰਜਾਬ ਅਤੇ ਬੰਗਾਲ ਦੇ ਉਹਨਾਂ ਆਮ ਤਬਕੇ ਪਰ ਹਿੰਮਤ ਅਤੇ ਹੌਸਲਾ ਰੱਖਣ ਵਾਲੇ ਲੋਕਾਂ ਨੂੰ ਸਮਰਪਿਤ ਹੋਣਗੇ ਜਿਹਨਾਂ ਨੇ ਬੇਅੰਤ ਹੌਸਲੇ ਦੀ ਭਾਵਨਾ ਅਤੇ ਚੜ੍ਹਦੀ ਕਲਾ ਸਦਕਾ ਇੱਕ ਨਵੇਂ ਭਾਰਤ ਦਾ ਨਿਰਮਾਣ ਕੀਤਾ|
ਚਲੋ ਅੰਮ੍ਰਿਤਸਰ- 17 ਅਗਸਤ, 2017 ਮੁਹਿੰਮ ਆਨਲਾਇਨ ਹੋਵੇਗੀ ਅਤੇ ਬਟਵਾਰੇ ਵਿੱਚ ਬਚ ਜਾਣ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਦੁਨੀਆਂ ਭਰ ਵਿੱਚ ਫੈਲੇ ਪਰਿਵਾਰਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਬੇਨਤੀ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦਾ ਇਸ ਮੌਕੇ ਸਨਮਾਨ ਕੀਤਾ ਜਾ ਸਕੇ। ਉਨ੍ਹਾਂ ਨੂੰ ਇਸ ਹੌਲਨਾਕ ਵਰਤਾਰੇ ਨਾਲ ਜੁੜੀਆਂ ਆਪਣੀਆਂ ਲਿਖਤ ਜਾਂ ਰਿਕਾਰਡ ਕੀਤੀਆਂ ਯਾਦਾਂ ਭੇਜਣ ਦੀ ਗੁਜ਼ਾਰਿਸ਼ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਨੂੰ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਕੀਤਾ ਜਾ ਸਕੇ। ਇਹ ਲੋਕ ਅਤੇ ਉਨ੍ਹਾਂ ਦੇ ਪਰਿਵਾਰ ਬਟਵਾਰੇ ਨਾਲ ਸਬੰਧਤ ਵਸਤੂਆਂ ਜਾਂ ਯਾਦ ਚਿੰਨ੍ਹ ਵੀ ਅਜਾਇਬ ਘਰ ਲਈ ਭੇਜ ਸਕਦੇ ਹਨ ਅਤੇ ਅਜਾਇਬ ਘਰ ਪ੍ਰਬੰਧਕਾਂ ਵੱਲੋਂ ਬਟਵਾਰੇ ਦੌਰਾਨ ਜਾਨ ਬਚਾਉਣ ਵਿੱਚ ਸਫਲ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਹਨਾਂ ਦਿਨਾਂ ਦੀਆਂ ਆਪਣੀਆਂ ਨਿੱਜੀ ਯਾਦਾਂ ਵੀ ਸਾਂਝੀਆਂ ਕਰਨ ਲਈ ਕਿਹਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਆਉਣ ਵਾਲੀਆਂ ਨਸਲਾਂ ਲਈ ਸੰਭਾਲਿਆ ਜਾ ਸਕੇ|
ਇਸ ਅਜਾਇਬ ਘਰ ਵਿੱਚ ਸਰਕਾਰੀ ਦਸਤਾਵੇਜ਼ ਤਾਂ ਸ਼ਾਮਿਲ ਹੋਣਗੇ ਹੀ ਪਰ ਇਸਦੇ ਨਾਲ ਹੀ ਮੁੱਖ ਤੌਰ ਉੱਤੇ ਬਟਵਾਰੇ ਵਿੱਚ ਬਚ ਜਾਣ ਵਾਲਿਆਂ ਦੀਆਂ ਸੁਣਾਈਆਂ ਕਹਾਣੀਆਂ ਸ਼ਾਮਿਲ ਹੋਣਗੀਆਂ ਅਤੇ 5000 ਤੋਂ ਵੀ ਜਿਆਦਾ ਜੁਬਾਨੀ ਸੁਣਾਈਆਂ ਦਾਸਤਾਨਾਂ ਤੋਂ ਇਲਾਵਾ ਦਸਤਾਵੇਜ਼, ਕਲਾਕ੍ਰਿਤਾਂ ਵੀ ਸਮੇਂ-ਸਮੇਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਹ ਅਜਾਇਬ ਘਰ ਕਾਰਪੋਰੇਟ ਜਗਤ ਨਾਲ ਸਬੰਧ ਰੱਖਣ ਵਾਲਿਆਂ ਅਤੇ ਨਿੱਜੀ ਵਿਅਕਤੀਆਂ ਵੱਲੋਂ ਦਿੱਤੀ ਜਾਣ ਵਾਲੀ ਮਾਲੀ ਮਦਦ ਰਾਹੀਂ ਸਥਾਪਿਤ ਹੋਵੇਗਾ|
ਟਰੱਸਟ ਅਤੇ ਇਸ ਦੇ ਮਦਦਗਾਰਾਂ ਵਿੱਚ ਲੇਖਕ ਕੁਲਦੀਪ ਨਈਅਰ, ਡਿਜ਼ਾਇਨਰ ਰਿਤੂ ਕੁਮਾਰ, ਅਕਾਦਮਿਕ ਹਸਤੀ ਲਾਰਡ ਮੇਘਨਾਦ ਦੇਸਾਈ ਅਤੇ ਪਟਕਥਾ ਲੇਖਕ ਪ੍ਰਸੂਨ ਜੋਸ਼ੀ ਸ਼ਾਮਿਲ ਹਨ। ਇਸਦੇ ਅਕਾਦਮਿਕ ਸਲਾਹਕਾਰਾਂ ਵਿੱਚ ਲੰਡਨ ਸਕੂਲ ਆਫ ਇਕਨਾਮਿਕਸ ਅਤੇ ਕੈਂਬਰਿਜ ਯੂਨੀਵਰਸਿਟੀ, ਯੂ.ਕੇ. ਸ਼ਾਮਿਲ ਹਨ ਤੇ ਇਸ ਅਜਾਇਬ ਘਰ ਵਿੱਚ ਰੱਖੀਆਂ ਜਾਣ ਵਾਲੀਆਂ ਵਸਤੂਆਂ ਅਤੇ ਨਿਸ਼ਾਨੀਆਂ ਭਾਰਤ ਤੇ ਯੂ.ਕੇ. ਵਿਚਲੀਆਂ ਵੱਖੋ-ਵੱਖ ਯੂਨੀਵਰਸਿਟੀਆਂ ਵੱਲੋਂ ਭੇਟ ਕੀਤੀਆਂ ਜਾ ਰਹੀਆਂ ਹਨ|