ਚੰਡੀਗੜ੍ਹ : ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਦੱਸਿਆ ਕਿ ਸੀਟੂ ਦੇ ਕੌਮੀ ਸੱਦੇ ਉਤੇ ਪੰਜਾਬ ਅਤੇ ਚੰਡੀਗੜ੍ਹ ਵਿਚ ਸੀਟੂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਜਨਤਕ ਖੇਤਰ ਦੇ ਅੰਨ੍ਹੇਵਾਹ ਨਿਜੀਕਰਨ ਕਰਨ, ਮਨਰੇਗਾ ਅਤੇ ਆਈ.ਸੀ.ਡੀ.ਐਸ ਵਰਗੀਆਂ ਲੋਕ ਭਲਾਈ ਸਕੀਮਾਂ ਅਤੇ ਅਨੇਕਾਂ ਸਮਾਜਿਕ ਸੁਰੱਖਿਆ ਸਕੀਮਾਂ ਲਈ ਬਜਟ ਅਲਾਟਮੈਂਟ ਵਿਚ ਕੀਤੀਆਂ ਜਾ ਰਹੀਆਂ ਕਟੌਤੀਆਂ ਦੇ ਵਿਰੋਧ ਵਿਚ ਅਤੇ ਪੰਜਾਬ ਦੇ ਕਿਰਤੀਆਂ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਲਈ ਪੰਜਾਬ ਸੀਟੂ ਵਲੋਂ 1 ਜੂਨ ਤੋਂ ਆਰੰਭ ਕੀਤੀ ਪੋਲ ਖੋਲ ਜਨਤਕ ਮੁਹਿੰਮ ਭਰਵਾਂ ਹੁੰਗਾਰਾ ਮਿਲ ਰਿਹਾ  ਹੈ| ਇਥੋਂ ਜਾਰੀ ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਸੀਟੂ ਸਨਅਤੀ ਕੇਂਦਰਾਂ, ਸਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਜਨਤਕ ਰੈਲੀਆਂ, ਮੀਟਿੰਗਾਂ ਅਤੇ ਗੇਟ ਰੈਲੀਆਂ ਕਰੇਗੀ|
ਰਘੁਨਾਥ ਸਿੰਘ ਨੇ ਦੱਸਿਆ ਕਿ 29 ਜੂਨ ਨੂੰ ਸੀਟੂ ਵਲੋਂ ਸੀਟੂ ਦੇ ਕੌਮੀ ਸੱਦੇ ਉਤੇ ਪੰਜਾਬ ਅਤੇ ਚੰਡੀਗੜ੍ਹ ਵਿਚ ਵੀ ਕੌਮੀ ਰੋਸ ਦਿਵਸ ਮੌਕੇ ਰੋਸ ਰੈਲੀਆਂ, ਵਿਖਾਵੇ ਅਤੇ ਚੱਕਾ ਜਾਮ ਕਰਕੇ ਮੰਗ ਕੀਤੀ ਜਾਵੇਗੀ ਕਿ ਸਮਾਜਿਕ ਸੁਰੱਖਿਆ ਸਕੀਮਾਂ ਅਤੇ ਲੋਕ ਭਲਾਈ ਸਕੀਮਾਂ ਲਈ ਬਜਟ ਅਲਾਟਮੈਂਟ ਵਿਚ ਵਾਧਾ ਕੀਤਾ ਜਾਵੇ|