ਚੰਡੀਗੜ : ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੰਜਾਬ ਦੀਆਂ ਸਮੁੱਚੀਆਂ ਪੰਚਾਇਤਾਂ ਨੂੰ ਹਾੜੀ ਰੁੱਤ ਦੇ ਗਰਾਮ ਸਭਾ ਇਜਲਾਸ ਜੂਨ ਮਹੀਨੇ ਵਿੱਚ ਕਰਨ ਦਾ ਸੱਦਾ ਦਿੱਤਾ ਹੈ। ਉਨਾਂ ਕਿਹਾ ਹੈ ਕਿ ਜਮਹੂਰੀਅਤ ਦੀ ਮੁੱਢਲੀ ਅਤੇ ਅਹਿਮ ਕੜੀ ਗਰਾਮ ਸਭਾ ਹੀ ਲੋਕਤੰਤਰ ਦੀ ਬੁਨਿਆਦ ਹੈ।
ਸ. ਬਾਜਵਾ ਨੇ ਕਿਹਾ ਹੈ ਕਿ ਪੰਚਾਇਤਾਂ ਨੂੰ ਹਾੜੀ ਅਤੇ ਸਾਉਣੀ ਦੇ ਦੋ ਗਰਾਮ ਸਭਾ ਇਜਲਾਸ ਸਾਲ ਵਿੱਚ ਲਾਜ਼ਮੀ ਕਰਨੇ ਚਾਹੀਦੇ ਹਨ। ਇਸ ਨਾਲ ਪਿੰਡ ਦੇ ਵੋਟਰਾਂ ਦੀ ਵਿਕਾਸ ਕਾਰਜਾਂ ਵਿੱਚ ਭਾਗੀਦਾਰੀ ਹੁੰਦੀ ਹੈ ਅਤੇ ਪੰਚਾਇਤ ਦੇ ਵਿਕਾਸ ਕਾਰਜਾਂ/ਸਰਗਰਮੀਆਂ ਦੀ ਪੂਰੀ ਤਰਾਂ ਪਾਰਦਰਸ਼ਤਾ ਬਣੀ ਰਹਿੰਦੀ ਹੈ। ਉਨਾਂ ਕਿਹਾ ਕਿ ਪੰਚਾਇਤਾਂ ਨੂੰ ਧੜੇਬੰਦੀ ਤੋਂ ਉੱਪਰ ਉੱਠ ਕੇ ਗਰਾਮ ਸਭਾ ਦੇ ਇਜਲਾਸ ਕਰਨੇ ਚਾਹੀਦੇ ਹਨ। ਉਨਾਂ ਕਿਹਾ ਕਿ ਆਮ ਤੌਰ ‘ਤੇ ਪੰਚਾਇਤਾਂ ਗਰਾਮ ਸਭਾ ਇਜਲਾਸ ਨਹੀਂ ਕਰਦੀਆਂ ਹਨ, ਤਾਂ ਇਸ ਨਾਲ ਜਿੱਥੇ ਪਿੰਡ ਵਾਸੀਆਂ ਦੀ ਸਾਂਝੇ ਕੰਮਾਂ ਵਿੱਚ ਸ਼ਮੂਲੀਅਤ ਖ਼ਤਮ ਹੋ ਜਾਂਦੀ ਹੈ, ਉੱਥੇ ਪਾਰਦਰਸ਼ਤਾ ਨਾ ਹੋਣ ਕਾਰਨ ਬੇਨਿਯਮੀਆਂ ਦਾ ਖ਼ਦਸ਼ਾ ਵਧ ਜਾਂਦਾ ਹੈ। ਸ. ਬਾਜਵਾ ਦਾ ਕਹਿਣਾ ਹੈ ਕਿ ਗਰਾਮ ਸਭਾ ਇਜਲਾਸ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਜਾਵੇ, ਤਾਂ ਜੋ ਪਿੰਡ ਨਾਲ ਸਬੰਧਤ ਬਹੁਤੀਆਂ ਦਿੱਕਤਾਂ ਦਾ ਮੌਕੇ ‘ਤੇ ਨਿਪਟਾਰਾ ਹੋ ਸਕੇ।
ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਗਰਾਮ ਸਭਾ ਇਜਲਾਸ ਕਰਕੇ ਜਿੱਥੇ ਪੰਚਾਇਤਾਂ ਵੱਲੋਂ ਆਪਣੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ ਜਾਵੇ, ਉੱਥੇ ਪਿੰਡ ਦੇ ਬਹੁਪੱਖੀ ਵਿਕਾਸ ਲਈ ਪਿੰਡ ਵਾਸੀਆਂ ਦੀ ਰਾਇ ਲਈ ਜਾਵੇ। ਪਿੰਡ ਦੇ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਆਮ ਵੋਟਰਾਂ ਦੀ ਸ਼ਮੂਲੀਅਤ ਪੰਚਾਇਤੀ ਅਦਾਰਿਆਂ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ। ਉਨਾਂ ਕਿਹਾ ਕਿ ਕੌਮੀ ਪੱਧਰ ‘ਤੇ ਪੰਚਾਇਤਾਂ ਦੇ ਐਵਾਰਡ ਹਾਸਲ ਕਰਨ ਵਿੱਚ ਗਰਾਮ ਸਭਾਵਾਂ ਦਾ ਵਿਸ਼ੇਸ਼ ਯੋਗਦਾਨ ਹੈ।
ਸ. ਬਾਜਵਾ ਨੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਗਰਾਮ ਸਭਾ ਇਜਲਾਸ ਕਰਵਾਉਣ ਲਈ ਪੰਚਾਇਤਾਂ ਨੂੰ ਪੂਰੀ ਤਰਾਂ ਸਹਿਯੋਗ ਦੇਣ, ਕਿਉ ਜੋ ਗਰਾਮ ਸਭਾ ਦੇ ਇਜਲਾਸ ਸਫਲਤਾ ਪੂਰਬਕ ਨੇਪਰੇ ਚਾੜਨੇ ਵਿਭਾਗੀ ਅਧਿਕਾਰੀਆਂ ਦੀ ਵੀ ਜ਼ਿੰਮੇਵਾਰੀ ਹੈ।