ਚੰਡੀਗੜ : ਪੰਜਾਬ ਦੇ ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕੰਢੀ ਖੇਤਰ ਵਿਕਾਸ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕੰਢੀ ਖੇਤਰ ਦੇ ਲੋਕਾਂ ਨੂੰ ਨਹਿਰੀ ਪਾਣੀ ਦੀ ਵੰਡ ਤਰਕਸੰਗਤ ਬਣਾਈ ਜਾਵੇ ਅਤੇ ਇਸ ਸਬੰਧੀ ਸਿਆਸੀ ਸਿਫਾਰਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ। ਉਨ•ਾਂ ਕਿਹਾ ਕਿ ਪਾਣੀ ਦੀ ਉਪਲੱਬਧਤਾ ਅਤੇ ਪਾਣੀ ਦੀ ਮਾਤਰਾ ਸਬੰਧੀ ਰਿਕਾਰਡ ਨੂੰ ਅੱਪਡੇਟ ਕਰਕੇ ਰੱਖਿਆ ਜਾਵੇ ਅਤੇ ਇਸ ਹਿਸਾਬ ਨਾਲ ਹੀ ਸਭ ਨੂੰ ਬਰਾਬਰ ਪਾਣੀ ਦੀ ਵੰਡ ਕੀਤੀ ਜਾਵੇ।
ਇੱਥੇ ਸਿੰਚਾਈ ਭਵਨ ਵਿਖੇ ਕੰਢੀ ਖੇਤਰ ਦੇ ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਕੰਢੀ ਖੇਤਰ ਵਿਕਾਸ (ਕੈਡ) ਪ੍ਰਬੰਧਕਾਂ ਨਾਲ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕੰਢੀ ਖੇਤਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵਿਭਾਗ ਦੇ ਅਧਿਕਾਰੀ ਸਥਾਨਕ ਵਿਧਾਇਕਾਂ ਨਾਲ ਮਿਲ ਕੇ ਹੱਲ ਕੱਢਣ। ਕੰਢੀ ਖੇਤਰ ਦੇ ਜਿਨ•ਾਂ ਵਿਧਾਇਕਾਂ ਨੇ ਮੀਟਿੰਗ ਵਿਚ ਸ਼ਿਰਕਤ ਕੀਤੀ ਉਨ•ਾਂ ਵਿਚ ਰਾਜੇਸ਼ ਕੁਮਾਰ ਮੁਕੇਰੀਆਂ, ਅਰੁਣ ਡੋਗਰਾ ਦਸੂਹਾ, ਸੰਗਤ ਸਿੰਘ ਗਿਲਜ਼ੀਆ ਉੜਮੁੜ, ਪਵਨ ਆਦੀਆ ਸ਼ਾਮ ਚੁਰਾਸੀ, ਸ਼ਾਮ ਸੁੰਦਰ ਅਰੋੜਾ ਹੁਸ਼ਿਆਰਪੁਰ, ਡਾ. ਰਾਜ ਕੁਮਾਰ ਚੱਬੇਵਾਲ, ਦਰਸ਼ਨ ਲਾਲ ਮਾਂਗੇਪੁਰ ਬਲਾਚੌਰ ਅਤੇ ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ ਗੜਸ਼ੰਕਰ ਦੇ ਨਾਂ ਪ੍ਰਮੁੱਖ ਹਨ।
ਇਸ ਮੌਕੇ ਕੈਡ/ਵਿਜੀਲੈਂਸ ਦੇ ਮੁੱਖ ਇੰਜੀਨੀਅਰ ਪੀ.ਪੀ. ਗਰਗ ਵੱਲੋਂ ਕੰਢੀ ਖੇਤਰ ਵਿਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ, ਹੋਰ ਪਹਿਲਕਦਮੀਆਂ ਅਤੇ ਪਾਣੀ ਦੀ ਉਪਲੱਬਧਤਾ ਅਤੇ ਵੰਡ ਸਬੰਧੀ ਵਿਸਥਾਰ ਵਿਚ ਪੇਸ਼ਕਾਰੀ ਵਿਖਾਈ ਗਈ, ਜਿਸ ਨੂੰ ਵੇਖਣ ਤੋਂ ਬਾਅਦ ਸਿੰਚਾਈ ਮੰਤਰੀ ਨੇ ਹਾਜ਼ਰ ਵਿਧਾਇਕਾਂ ਤੋਂ ਸੁਝਾਅ ਅਤੇ ਇਤਰਾਜ਼ ਮੰਗੇ। ਉਨ•ਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਧਾਇਕਾਂ ਵੱਲੋਂ ਦਿੱਤੇ ਸੁਝਾਵਾਂ ‘ਤੇ ਗੌਰ ਕੀਤਾ ਜਾਵੇ ਅਤੇ ਦਿੱਤੀ ਸਲਾਹ ਨੂੰ ਅਮਲ ਵਿਚ ਲਿਆਂਦਾ ਜਾਵੇ। ਉਨ•ਾਂ ਇਹ ਵੀ ਨਿਰਦੇਸ਼ ਦਿੱਤੇ ਕਿ ਕੰਢੀ ਖੇਤਰ ਦੇ ਵਿਧਾਇਕਾਂ ਅਤੇ ਹੋਰ ਲੋਕ ਨੁਮਾਇੰਦਿਆਂ ਨੂੰ ਨਾਲ ਲਿਜਾ ਕੇ ਕੈਡ ਦੇ ਅਧਿਕਾਰੀ ਲੋਕਾਂ ਨਾਲ ਤਾਲਮੇਲ ਕਰਨ ਅਤੇ ਜ਼ਮੀਨੀ ਪੱਧਰ ‘ਤੇ ਆ ਰਹੀਆਂ ਸਮੱਸਿਆਵਾਂ ਦਾ ਜਲਦ ਹੱਲ ਕੱਢਿਆ ਜਾਵੇ।
ਇਸ ਮੌਕੇ ਵਿਧਾਇਕਾਂ ਵੱਲੋਂ ਦੱਸਿਆ ਗਿਆ ਕਿ ਕੁਝ ਵਿਕਾਸ ਪ੍ਰੋਜੈਕਟਾਂ ਵਿਚ ਮਾੜੀ ਕੁਆਲਿਟੀ ਦੇ ਸਾਮਾਨ ਦੀ ਵਰਤੋਂ ਹੋਈ ਹੈ ਅਤੇ ਹੋਰ ਵੀ ਕੁਝ ਊਣਤਾਈਆਂ ਸਾਹਮਣੇ ਆ ਰਹੀਆਂ ਹਨ। ਇਸ ਗੱਲ ਦਾ ਗੰਭੀਰ ਨੋਟਿਸ ਲੈਂਦਿਆਂ ਸਿੰਚਾਈ ਮੰਤਰੀ ਨੇ ਕਿਹਾ ਕਿ ਇਹ ਗੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਕਿਸੇ ਵੀ ਪੱਧਰ ‘ਤੇ ਭਿਸ਼ਟਾਚਾਰ ਅਤੇ ਊਣਤਾਈਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਇਸ ਲਈ ਅਧਿਕਾਰੀ ਵਿਕਾਸ ਪ੍ਰੋਜੈਕਟਾਂ ਲਈ ਸਰਕਾਰੀ ਪੈਸੇ ਦੀ ਸੁਚੱਜੀ ਵਰਤੋਂ ਕਰਨ ਅਤੇ ਉੱਚ ਕੁਆਲਿਟੀ ਦਾ ਸਾਮਾਨ ਵਰਤਿਆਂ ਜਾਵੇ।
ਮੀਟਿੰਗ ਦੇ ਅੰਤ ਵਿਚ ਵਿਸ਼ੇਸ਼ ਮੁੱਖ ਸਕੱਤਰ ਸ੍ਰੀ ਕੇਬੀਐਸ ਸਿੱਧੂ ਨੇ ਸਿੰਚਾਈ ਮੰਤਰੀ ਨੂੰ ਭਰੋਸਾ ਦਿੱਤਾ ਕਿ ਸਾਰੇ ਸੁਝਾਵਾਂ ਅਤੇ ਮੀਟਿੰਗ ਵਿਚ ਸਾਹਮਣੇ ਆਈ ਵਿਚਾਰ-ਚਰਚਾ ਨੂੰ ਸਹੀ ਤਰੀਕੇ ਲਾਗੂ ਕਰਨ ਵਿਚ ਵਿਭਾਗ ਦਾ ਹਰ ਅਧਿਕਾਰੀ/ਕਰਮਚਾਰੀ ਤਨਦੇਹੀ ਨਾਲ ਕੰਮ ਕਰੇਗਾ ਤਾਂ ਜੋ ਕੰਢੀ ਖੇਤਰ ਦੇ ਲੋਕਾਂ ਦਾ ਸਰਬਪੱਖੀ ਵਿਕਾਸ ਹੋ ਸਕੇ।