ਚੰਡੀਗੜ੍ਹ : ਪੰਜਾਬ ਦੇ ਸਵੈ ਸੇਵੀ ਗਰੁੱਪਾਂ ਵਲੋਂ ਹੱਥੀਂ ਤਿਆਰ ਕੀਤੀਆਂ ਵਸਤਾਂ ਦੀ ਵਿਕਰੀ ਨੂੰ ਪ੍ਰਫੁੱਲਤ ਕਰਨ ਲਈ ਇਥੇ ਸੈਕਟਰ 22 ਵਿਖੇ ਮਾਰਕਫੈਡ ਵਲੋਂ ਸਥਾਪਤ ਕੀਤੇ ਗਏ ”ਵਿਰਸਾ ਗ੍ਰਾਮ” ਨੂੰ ਟ੍ਰਾਈਸਿਟੀ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਨ੍ਹਾਂ ਸਵੈ-ਸੇਵੀ ਗਰੁੱਪਾਂ ਦੇ ਸੰਚਾਲਕ ਆਪਣੀਆਂ ਵਸਤਾਂ ਦੀ ਹੋ ਰਹੀ ਚੰਗੀ ਵਿਕਰੀ ਤੋਂ ਬਹੁਤ ਖੁਸ਼ ਹਨ।
ਮੰਡੀਕਰਨ ਸਹਿਕਾਰੀ ਫੈਡਰੇਸ਼ਨ ‘ਮਾਰਕਫੈਡ’ ਦੇ ਇਸ ਵਿੱਕਰੀ ਪਲੇਟਫਾਰਮ ਦਾ ਉਦਘਾਟਨ ਬੀਤੇ ਦਿਨ ਰਜਿਸਟਰਾਰ ਪੰਜਾਬ ਸਹਿਕਾਰੀ ਸਭਾਵਾਂ ਸ਼੍ਰੀ ਰਜਤ ਅਗਰਵਾਲ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਪੰਜਾਬ ਦੀ ਰਾਜਧਾਨੀ ਵਿਚ ਅਦਾਰੇ ਵੱਲੋਂ ਸਵੈ-ਸੇਵੀਂ ਗਰੁੱਪਾਂ ਲਈ ਮੁਹੱਈਆ ਕੀਤੇ ਉਦਮ ਦੀ ਸ਼ਲਾਘਾ ਕੀਤਾ। ਇਸ ‘ਵਿਰਸਾ ਗ੍ਰਾਮ’ ਵਿਚ ਪੰਜਾਬ ਦੇ ਵੱਖ-ਵੱਖ ਗਰੁੱਪਾਂ ਵਲੋਂ ਹੱਥੀਂ ਬਣਾਏ ਉਤਪਾਦਾਂ ਦੀ ਨੁਮਾਇਸ਼ ਲੱਗੀ ਹੋਈ ਹੈ ਅਤੇ ਇਹ ਵਸਤਾਂ ਵਿੱਕਰੀ ਲਈ ਵੀ ਉਪਲੱਬਧ ਹਨ।
ਜ਼ਾਇਕਾ ਗਰੁੱਪ ਦੀ ਸੰਚਾਲਕਾ ਅਨੀਤਾ ਗੋਇਲ ਆਪਣੇ ਤਜ਼ਰਬੇ ਜਾਹਿਰ ਕਰਦਿਆਂ ਬਹੁਤ ਹੀ ਖੁਸ਼ ਸੀ ਜੋ ਕਿ ਘਰ ਦੇ ਬਣੇ ਕੱਪ ਕੇਕ, ਮਫਿਨਜ਼, ਬਿਸਕੁਟ ਅਤੇ ਵੱਖ-ਵੱਖ ਸਵਾਦ ਵਾਲੇ ਬਿਸਕੁਟ ਖੂਬ ਵੇਚ ਰਹੀ ਸੀ। ਉਸ ਨੇ ਦੱਸਿਆ ਕਿ ਚੰਡੀਗੜ੍ਹ ਦੇ ਖਰੀਦਦਾਰ ਉਹਨਾਂ ਵਲੋਂ ਤਿਆਰ ਬੇਕਰੀ ਵਸਤਾਂ ਬਹੁਤ ਖੁਸ਼ ਹੋ ਕੇ ਖਰੀਦ ਰਹੇ ਹਨ ਕਿਉਂÎਕਿ ਇਹਨਾਂ ਬਿਸਕੁਟਾਂ ਵਿਚ ਮੈਦੇ ਦੀ ਥਾਂ ਸਿਰਫ ਆਟੇ ਅਤੇ ਬਰਾਨ ਦੀ ਹੀ ਵਰਤੋਂ ਕੀਤੀ ਗਈ ਹੈ ਜਿਸ ਵਿਚ ਪੂਰੇ ਪੋਸ਼ਟਿਕ ਤੱਤ ਹਨ।
ਸ੍ਰੀ ਗੁਰੂ ਅਰਜਨ ਦੇਵ ਜੀ ਸਵੈ-ਸੇਵੀ ਗਰੁੱਪ ਦੇ ਬੇਅੰਤ ਸ਼ਰਮਾ ਨੇ ਦੱਸਿਆ ਕਿ ਆਮ ਲੋਕਾਂ ਦੇ ਨਾਲ-ਨਾਲ ਹੋਰ ਗਾਹਕਾਂ ਵਲੋਂ ਵੀ ਫੁਲਕਾਰੀ ਦੀ ਭਾਰੀ ਮੰਗ ਕੀਤੀ ਜਾ ਰਹੀ ਹੈ।  ਉਹ ਇਸ ਉਦਮ ਲਈ ਸਹਿਕਾਰੀ ਵਿਭਾਗ ਅਤੇ ਮਾਰਕਫੈਡ ਦੀ ਰਿਣੀ ਹੈ ਜਿਸ ਨੇ ਉਹਨਾਂ ਨੂੰ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ (ਟ੍ਰਾਈਸਿਟੀ) ਦੇ ਗ੍ਰਾਹਕਾਂ ਨਾਲ ਜੁੜਨ ਦਾ ਮੌਕਾ ਦਿੱਤਾ ਹੈ।
ਗਲੋਬਲ ਸਵੈ-ਸੇਵੀ ਗਰੁੱਪ ਦੀ ਗੁਰਦੇਵ ਕੌਰ ਦਿਉਲ ਨੇ ਖੁਸ਼ੀ ਜਾਹਰ ਕਰਦਿਆਂ ਕਿਹਾ ਉਸ ਨੂੰ ਆਪਣੇ ਮਸਾਲੇ, ਅਚਾਰ, ਜੈਵਿਕ ਦਾਲਾਂ ਆਦਿ ਵਿਰਸਾ ਗ੍ਰਾਮ ਵਿਚ ਲਿਆਉਣ ਦਾ ਸੁਭਾਗਾ ਮੌਕਾ ਮਿਲਿਆ ਹੈ। ਸਰਸਵਤੀ ਸੈਲਫ ਹੈਲਪ ਗਰੁੱਪ ਲੁਧਿਆਣਾ ਦੇ ਨਵੀਨ ਕੁਮਾਰ ਪੰਜਾਬੀ ਜੁੱਤੀ ਬਣਾਉਣ ਵਿਚ ਮਾਹਿਰ ਹਨ। ਉਹਨਾਂ ਦੱਸਿਆ ਕਿ ਜੋ ਗ੍ਰਾਹਕ ਇਕ ਵਾਰ ਆਉਂਦਾ ਹੈ ਉਹ ਮੁੜ੍ਹ ਆਪਣੇ ਮਿੱਤਰਾਂ-ਰਿਸ਼ਤੇਦਾਰਾਂ ਨੂੰ ਨਾਲ ਲਿਆਉਂਦੇ ਹਨ ਕਿਉਂਕਿ ਜੁੱਤੀਆਂ ਦੀ ਕੀਮਤ ਅਤੇ ਗੁਣਵੱਤਾ ਤੋਂ ਖਰੀਦਦਾਰ ਖੁਸ਼ ਹਨ।
ਇਸ ਦੌਰਾਨ ਸਹਿਕਾਰੀ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਵਸਤਾਂ ਦੀ ਵਿੱਕਰੀ 11 ਜੂਨ ਐਤਵਾਰ ਤੱਕ ਹਰ ਮੰਗਲਵਾਰ ਤੋਂ ਐਤਵਾਰ ਰੋਜਾਨਾ ਸਵੇਰੇ 10 ਵਜੇ ਤੋਂ ਸ਼ਾਮ ਸਾਢੇ ਸੱਤ ਵਜੇ ਤੱਕ ਵਿਰਸਾ ਗ੍ਰਾਮ ਵਿਚ ਚਾਲੂ ਰਹੇਗੀ।