ਜਲੰਧਰ :  ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਕੁਮਾਰ ਖੰਨਾ ਨੇ ਕਿਹਾ ਕਿ ਮੌਜੂਦਾ ਸਰਕਾਰ ਨੂੰ ਉੱਤਰ ਪ੍ਰਦੇਸ਼ ਬਹੁਤ ਬੁਰੀ ਹਾਲਤ ‘ਚ ਮਿਲਿਆ ਹੈ, ਜਿਸ ਨੂੰ ਸੁਧਾਰਨ ‘ਚ ਕੁਝ ਸਮਾਂ ਲੱਗੇਗਾ। ਵੀਰਵਾਰ ਨੂੰ ਇਥੇ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ‘ਚ ਉੱਤਰ ਪ੍ਰਦੇਸ਼ ਦਾ ਗ੍ਰਾਫ ਤੇਜ਼ੀ ਨਾਲ ਹੇਠਾ ਜਾ ਰਿਹਾ ਸੀ। ਉਸ ਤੋਂ ਬਾਅਦ ਸੂਬੇ ‘ਚ ਭਾਜਪਾ ਦੀ ਸਰਕਾਰ ਆਈ, ਜਿਸ ਨੇ ਆਉਂਦੇ ਹੀ ਇਸ ਡਿੱਗਦੇ ਗ੍ਰਾਫ ਨੂੰ ਸੰਭਾਲਣ ‘ਚ ਸਫਲਤਾ ਹਾਸਲ ਕੀਤੀ ਹੈ।
ਖੰਨਾ ਨੇ ਕਿਹਾ ਹੁਣ ਸੂਬੇ ‘ਚ ਹਾਲਤ ਸੁਧਾਰਨ ਦਾ ਕੰਮ ਚੱਲ ਰਿਹਾ ਹੈ, ਜਿਸ ‘ਚ ਜਲਦੀ ਹੀ ਸਰਕਾਰ ਸਫਲ ਹੋਵੇਗੀ। ਖੰਨਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ‘ਤੇ ਕੰਮ ਕਰ ਰਹੀ ਹੈ, ਜਿਸ ਲਈ ਹਾਲ ਹੀ ‘ਚ ਉਹ ਗੋਆ ਜਾ ਕੇ ਆਏ ਹਨ। ਉਨ੍ਹਾਂ ਕਿਹਾ ਕਿ ਗੋਆ ‘ਚ ਉਕਤ ਪ੍ਰਾਜੈਕਟ ਚੱਲ ਰਿਹਾ ਹੈ, ਜਿਸ ‘ਚ ਲੋਕਾਂ ਨੂੰ ਕਾਫੀ ਲਾਭ ਹੋ ਰਿਹਾ ਹੈ। ਖੰਨਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਵੀ ਇਸ ਤਰ੍ਹਾਂ ਦਾ ਪ੍ਰਾਜੈਕਟ ਲਗਾਉਣ ਲਈ ਕੰਪਨੀ ਨਾਲ ਗੱਲ ਚੱਲ ਰਹੀ ਹੈ, ਜਿਸ ‘ਚ ਕੂੜੇ ਨੂੰ ਕੱਢਣ ਵਾਲੀ ਗੈਸ ਨਾਲ ਬਿਜਲੀ ਉਤਪੰਨ ਕਰਨ ਤੋਂ ਲੈ ਕੇ ਹੋਰ ਪ੍ਰਯੋਗ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਾਇਲਟ ਪ੍ਰਾਜੈਕਟ ਦੇ ਤੌਰ ‘ਤੇ ਬਨਾਰਸ, ਗੋਰਖਪੁਰ ਅਤੇ ਸ਼ਾਹਜਹਾਂਪੁਰ ‘ਚ ਕੰਮ ਹੋਵੇਗਾ, ਜਿਸ ਲਈ ਜ਼ਮੀਨ ਤਲਾਸ਼ੀ ਜਾ ਰਹੀ ਹੈ। ਫਿਲਹਾਲ ਇਸ ਪ੍ਰਾਜੈਕਟ ‘ਚ ਖਰਚ ਜ਼ਿਆਦਾ ਅਤੇ ਆਊਟਪੁੱਟ ਘੱਟ ਹੈ।
ਉੱਤਰ ਪ੍ਰਦੇਸ਼ ‘ਚ ਕਾਨੂੰਨ ਵਿਵਸਥਾ ‘ਤੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹਾਲਤ ਕਾਫੀ ਬਿਹਤਰ ਹੋਈ ਹੈ ਅਤੇ ਆਉਣ ਵਾਲੇ ਸਮੇਂ ‘ਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 15 ਮਾਰਚ ਤੋਂ 30 ਅਪ੍ਰੈਲ 2017 ਤੱਕ ਉੱਤਰ ਪ੍ਰਦੇਸ਼ ‘ਚ 654 ਕਤਲ ਹੋਏ ਪਰ ਸੂਬੇ ‘ਚ ਯੋਗੀ ਸਰਕਾਰ ਆਉਣ ਤੋਂ ਬਾਅਦ ਇਹ ਘਟਨਾਵਾਂ ਘੱਟ ਹੋਈਆਂ ਹਨ ਅਤੇ ਅੰਕੜਾ 604 ਤੱਕ ਆਇਆ ਹੈ। ਖੰਨਾ ਨੇ ਕਿਹਾ ਪੰਜਾਬ ‘ਚ ਅਕਾਲੀ ਦਲ ਨਾਲ ਭਾਜਪਾ ਦਾ ਗਠਬੰਧਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸੂਬੇ ‘ਚ 10 ਸਾਲ ਲਗਾਤਾਰ ਗਠਬੰਧਨ ਦੀ ਸਰਕਾਰ ਰਹੀ ਹੈ ਅਤੇ ਲੋਕਾਂ ਨੇ ਜੋ ਫੈਸਲਾ ਦਿੱਤਾ ਹੈ ਉਹ ਸਿਰ ਮੱਥੇ ‘ਤੇ ਹੈ। ਬਿਹਾਰ ‘ਚ ਮਹਾਗਠਬੰਧਨ ਨੂੰ ਲੋਕਾਂ ਨੇ ਜਿੱਤ ਤਾਂ ਦਿਵਾ ਦਿੱਤੀ ਪਰ ਹੁਣ ਲੋਕ ਪਛਤਾ ਰਹੇ ਹਨ।  ਕੇਂਦਰ ਦੀ ਮੋਦੀ ਸਰਕਾਰ ‘ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜਨਤਾ ਹੁਣ ਕੰਮ ਕਰਨ ਵਾਲੀ ਸਥਾਈ ਸਰਕਾਰ ਚਾਹੁੰਦੀ ਹੈ, ਜਿਸ ਕਾਰਨ ਕੇਂਦਰ ‘ਚ ਮੋਦੀ ਸਰਕਾਰ ਨੂੰ ਸੱਪਸ਼ਟ ਬਹੁਮਤ ਮਿਲਿਆ ਸੀ। ਕੇਂਦਰ ਸਰਕਾਰ ਕਿਸਾਨਾਂ ਤੋਂ ਲੈ ਕੇ ਹਰ ਵਰਗ ਲਈ ਕੰਮ ਕਰ ਰਹੀ ਹੈ। ਬੀਮਾ ਯੋਜਨਾ ਦੇ ਨਾਲ ਪ੍ਰਧਾਨ ਮੰਤਰੀ ਖੇਤੀਬਾੜੀ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਆਪਣਾ ਫੀਡਰ ਦੇਣ ਲਈ ਯੋਜਨਾ ‘ਤੇ ਕੰਮ ਚੱਲ ਰਿਹਾ ਹੈ, ਜਿਸ ‘ਚ ਉਨ੍ਹਾਂ ਨੂੰ ਸਿੰਚਾਈ ਲਈ ਉਚਿਤ ਬਿਜਲੀ ਮਿੱਲ ਸਕੇ।