ਚੰਡੀਗਡ਼ : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਪਹਿਲੇ ਬਜਟ ਸਮਾਗਮ ਬਾਰੇ ਰਣਨੀਤੀ ਤਿਆਰ ਕਰਨ ਵਾਸਤੇ ਕਾਂਗਰਸ ਵਿਧਾਇਕ ਪਾਰਟੀ ਦੀ ਮੀਟਿੰਗ 13 ਜੂਨ ਨੂੰ ਹੋਵੇਗੀ ਤਾਂ ਜੋ ਸਦਨ ਦੀ ਕਾਰਵਾਈ ਨੂੰ ਬਿਨਾਂ ਕਿਸੇ ਅਡ਼ਚਣ ਤੋਂ ਯਕੀਨੀ ਬਣਾਇਆ ਜਾ ਸਕੇ ਅਤੇ ਸਦਨ ਵਿੱਚ ਉੱਠਣ ਵਾਲੇ ਸੰਭਾਵਿਤ ਮੁੱਦਿਆਂ ਬਾਰੇ ਵਿਰੋਧੀ ਧਿਰ ਦਾ ਪ੍ਰਭਾਵੀ ਢੰਗ ਨਾਲ ਟਾਕਰਾ ਕੀਤਾ ਜਾ ਸਕੇ।
ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸ ਵਿਧਾਇਕ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕਾਂ ਦੀ ਮੀਟਿੰਗ ਮੰਗਲਵਾਰ ਸ਼ਾਮ ਨੂੰ ਪੰਜਾਬ ਭਵਨ ਵਿਖੇ ਬੁਲਾਈ ਹੈ। ਇਸਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕਾਂਗਰਸ ਵਿਧਾਇਕ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਇਸ ਮੀਟਿੰਗ ਲਈ ਵਿਅੱਕਤੀਗੱਤ ਤੌਰ ‘ਤੇ ਸੱਦਾ ਭੇਜਿਆ ਗਿਆ ਹੈ।
ਬੁਲਾਰੇ ਅਨੁਸਾਰ ਇਸ ਮੀਟਿੰਗ ਵਿੱਚ ਸੱਤਾਧਾਰੀ ਪਾਰਟੀ ਇਹ ਸਾਰੇ ਵਿਧਾਇਕਾਂ ਵਲੋਂ ਹਿੱਸਾ ਲਏ ਜਾਣ ਦੀ ਸੰਭਾਵਨਾ ਹੈ ਅਤੇ 14 ਜੂਨ ਤੋਂ 23 ਜੂਨ ਤੱਕ ਚੱਲਣ ਵਾਲੇ ਬਜਟ ਸਮਾਗਮ ਦੌਰਾਨ ਵਿਚਾਰ-ਚਰਚਾ ਲਈ ਆਉਣ ਵਾਲੇ ਸਾਰੇ ਮੁੱਦਿਆਂ ‘ਤੇ ਇਸ ਮੀਟਿੰਗ ਦੌਰਾਨ ਵਿਚਾਰ-ਵਟਾਂਦਰਾ ਹੋਵੇਗਾ। ਇਸ ਦੌਰਾਨ ਕਾਂਗਰਸ ਵਿਧਾਇਕ ਪਾਰਟੀ ਵਿਧਾਨ ਸਭਾ ਵਿੱਚ ਹੋਣ ਵਾਲੇ ਕੰਮ-ਕਾਜ ਬਾਰੇ ਵਿਚਾਰ-ਚਰਚਾ ਕਰੇਗੀ ਅਤੇ ਇਸ ਦੌਰਾਨ ਹੋਰ ਮੁੱਦੇ ਲੀਡਰ ਦੀ ਆਗਿਆ ਨਾਲ ਸਦਨ ਵਿੱਚ ਉਠਾਏ ਜਾਣਗੇ।
ਪੰਜਾਬ ਮੰਤਰੀ ਮੰਡਲ ਵਲੋਂ ਪ੍ਰਵਾਨ ਕੀਤੇ ਗਏ ਪ੍ਰੋਗਰਾਮ ਦੇ ਅਨੁਸਾਰ ਇਹ ਬਜਟ ਸਮਾਗਮ 14 ਜੂਨ ਨੂੰ ਬਾਅਦ ਦੁਪਹਿਰ 2 ਵਜੇ ਸ਼ਰਧਾਂਜਲੀਆਂ ਨਾਲ ਸ਼ੁਰੂ ਹੋਵੇਗਾ ਅਤੇ ਇਸਨੂੰ ਵਿਧਾਨਿਕ ਕੰਮ-ਕਾਜ ਤੋਂ ਬਾਅਦ 23 ਜੂਨ ਨੂੰ ਉਠਾ ਦਿੱਤਾ ਜਾਵੇਗਾ। ਰਾਜਪਾਲ ਦੇ ਭਾਸ਼ਣ ‘ਤੇ ਬਹਿਸ 16 ਅਤੇ 19 ਜੂਨ ਨੂੰ ਹੋਵੇਗੀ।
ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ਵਲੋਂ ਕੀਤੇ ਗਏ ਚੋਣ ਵਾਅਦਿਆਂ ਦੇ ਮੁਤਾਬਿਕ ਬਜਟ ਸਮਾਗਮ ਦੌਰਾਨ ਕੁੱਝ ਮਹੱਤਵਪੂਰਨ ਚੋਣ ਵਾਅਦਿਆਂ ਵਿੱਤ ਨਾਲ ਜੁਡ਼ੇ ਫੈਸਲਿਆਂ ਦਾ ਐਲਾਨ ਕਰਨ ਦਾ ਪਹਿਲਾ ਹੀ ਸੰਕੇਤ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਇੱਕ ਸਮਾਰੋਹ ਦੌਰਾਨ ਕਿਹਾ ਸੀ ਕਿ ਉਨ•ਾਂ ਦੀ ਸਰਕਾਰ ਵਲੋਂ ਕੀਤੇ ਚੋਣ ਵਾਅਦਿਆਂ ਨਾਲ ਸਬੰਧਤ 140 ਫੈਸਲਿਆਂ ਨੂੰ ਪਹਿਲਾਂ ਹੀ ਲਿਆ ਜਾ ਚੁੱਕਾ ਹੈ ਅਤੇ ਵਿੱਤ ਨਾਲ ਸਬੰਧਤ ਕੁੱਝ ਮਾਮਲਿਆਂ ਨੂੰ ਬਜਟ ਸਮਾਗਮ ਤੱਕ ਅੱਗੇ ਪਾਇਆ ਗਿਆ ਹੈ।
ਮੁੱਖ ਮੰਤਰੀ ਨੇ ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ•ਾਂ ਦੀ ਪਾਰਟੀ ਵਲੋਂ ਕੀਤੇ ਹਰੇਕ ਚੋਣ ਵਾਅਦੇ ਨੂੰ ਲਾਗੂ ਕਰਨ ਲਈ ਆਪਣੀ ਵਚਨਬੱਧਤਾ ਬਾਰ-ਬਾਰ ਦੁਹਰਾਈ ਹੈ।