ਜਲੰਧਰ : ਨਿਊਯਾਰਕ ਦੀ ਯੂਨੀਵਰਸਿਟੀ ਵਿਚ ਸਿੱਖ ਨੌਜਵਾਨ ‘ਤੇ ਨਸਲੀ ਟਿੱਪਣੀ ਕੀਤੇ ਜਾਣ ਦੇ ਮਾਮਲੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧ ਪ੍ਰਗਟਾਇਆ ਹੈ। ਕੈਪਟਨ ਨੇ ਸਿੱਖਾਂ ਦੇ ਖਿਲਾਫ ਹੋ ਰਹੇ ਨਸਲੀ ਹਮਲਿਆਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕਰਕੇ ਚੁੱਕਿਆ ਹੈ ਅਤੇ ਸਿੱਖਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਹੈ ਕਿ ਅਮਰੀਕਾ ਦੇ ਸਿੱਖ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਅਮਰੀਕੀ ਅਤੇ ਭਾਰਤ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਟਵੀਟ ਕਰਕੇ ਕਿਹਾ ਸੀ ਕਿ ਅਮਰੀਕਾ ‘ਚ ਫਿਰ ਤੋਂ ਸਿੱਖ ਨਸਲਵਾਦ ਦਾ ਸ਼ਿਕਾਰ ਹੋ ਰਹੇ ਹਨ।
ਸੈਂਟਰ ਫਾਰ ਰਿਲੀਜਨ ਐਂਡ ਮੀਡੀਆ ‘ਚ ਪੋਸਟ ਡਾਕਟਰੇਲ ਫੈਲੋਅ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਉਹ ਸ਼ਹਿਰ ਦੇ ਹਡਸਨ ਨਦੀ ਨੇੜਿਓਂ ਗੁਜ਼ਰ ਰਿਹਾ ਸੀ ਤਾਂ ਇਸ ਦੌਰਾਨ ਕੁਝ ਨੌਜਵਾਨਾਂ ਨੇ ਉਸ ਨੂੰ ਦੇਖ ਕੇ ‘ਓਸਾਮਾ-ਓਸਾਮਾ’ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਨੂੰ ਅਪਸ਼ਬਦ ਵੀ ਕਹੇ ਗਏ ਪਰ ਜਦੋਂ ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਇਹ ਬੱਚੇ ਸਨ।