ਪਠਾਨਕੋਟ – ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀਟ ਨੂੰ ਲੈ ਕੇ ਜ਼ਿਮਨੀ ਚੋਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਆਪਣੀ ਦਾਅਵੇਦਾਰੀ ਜਤਾਉਣ ‘ਚ ਜੁੱਟ ਗਏ ਹਨ। ਇਸ ਦੇ ਚੱਲਦੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਚਰਨਜੀਤ ਕੌਰ ਬਾਜਵਾ ਨੇ ਸੁਜਾਨਪੁਰ ‘ਚ ਕਾਂਗਰਸ ਦੇ ਅਮਿਤ ਮੰਟੂ ਦੀ ਅਗਵਾਈ ‘ਚ ਸ਼ਕਤੀ ਪ੍ਰਦਰਸ਼ਨ ਕੀਤਾ ਜਿਸ ‘ਚ ਉਨ੍ਹਾਂ ਨੇ ਕਾਂਗਰਸ ਦੀ ਰੈਲੀ ‘ਚ ਪਹੁੰਚੇ ਸਾਰੇ ਵਰਕਰਾਂ ਨੂੰ ਸੰਬੋਦਨ ਕਰਦੇ ਹੋਏ ਕਮਰ ਕੱਸਣ ਨੂੰ ਕਿਹਾ।
ਇਸ ਮੌਕੇ ‘ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮੈਡਮ ਬਾਜਵਾ ਨੇ ਕਿਹਾ ਕਿ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ, ਪ੍ਰਤਾਪ ਸਿੰਘ ਬਾਜਵਾ ‘ਤੇ ਪੂਰਾ ਵਿਸ਼ਵਾਸ ਹੈ ਕਿਉਂਕਿ ਜਿਸ ਸਮੇਂ ਕਾਂਗਰਸ ਡੁੱਬ ਰਹੀ ਸੀ ਉਸ ਸਮੇਂ ਪ੍ਰਤਾਪ ਸਿੰਘ ਬਾਜਵਾ ਨੇ ਵਿਨੋਦ ਖੰਨਾ ਨੂੰ ਹਰਾਇਆ। ਇਸ ਲਈ ਹੁਣ ਪਾਰਟੀ ਫਿਰ ਤੋਂ ਸਾਡੇ ਪਰਿਵਾਰ ਨੂੰ ਚੋਣ ਲਈ ਜ਼ਰੂਰ ਮੌਕਾ ਦੇਵੇਗੀ।