ਚੰਡੀਗਡ਼੍ਹ : ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ ਡੈਨੀਅਲ ਕੈਰਮਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰੱਖਿਆ, ਖੇਤੀਬਾਡ਼ੀ, ਬਾਗਬਾਨੀ ਅਤੇ ਜਲ ਸੰਭਾਲ ਸਣੇ ਵੱਖ-ਵੱਖ ਵਿਸ਼ਿਆਂ ਬਾਰੇ ਵਿਸਤ੍ਰਤ ਵਿਚਾਰ-ਵਟਾਂਦਰੇ ਅਤੇ ਸਹਿਯੋਗ ਲਈ ਸਤੰਬਰ ਮਹੀਨੇ ਆਪਣੇ ਦੇਸ਼ ਆਉਣ ਦਾ ਸੱਦਾ ਦਿੱਤਾ ਹੈ।
ਇਜ਼ਰਾਈਲ ਦੇ ਭਾਰਤ ਵਿੱਚ ਰਾਜਦੂਤ ਡੈਨੀਅਲ ਕੈਰਮਨ ਦੇ ਮੰਗਲਵਾਰ ਸਵੇਰੇ ਮੁੱਖ ਮੰਤਰੀ ਨਾਲ ਮਿਲਣ ਤੋਂ ਬਾਅਦ ਇੱਕ ਸਰਕਾਰੀ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਬੁਲਾਰੇ ਅਨੁਸਾਰ ਦੋਵਾਂ ਧਿਰਾਂ ਨੇ ਅਨੇਕਾਂ ਖੇਤਰਾਂ ਵਿੱਚ ਆਪਸੀ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਾਇਆ ਜੋ ਪੰਜਾਬ ਦੇ ਵਿਕਾਸ ਅਤੇ ਪ੍ਰਗਤੀ ਲਈ ਬਹੁਤ ਅਹਿਮ ਹਨ। ਮੁੱਖ ਮੰਤਰੀ ਨੇ ਇਜ਼ਰਾਈਲ ਜਾਣ ਵਾਲੇ ਉਨ੍ਹਾਂ ਦੇ ਵਫਦ ਵਿੱਚ ਕੁਝ ਅਗਾਂਹਵਧੂ ਕਿਸਾਨ ਵੀ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਹੈ।
ਇਜ਼ਰਾਈਲ ਦੇ ਵਫਦ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੇ ਦੌਰੇ ਦੀ ਤਵੱਕੋ ਕਰ ਰਹੇ ਹਨ ਜੋ ਭਾਰਤ ਦੇ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਬਾਅਦ ਹੋਵੇਗਾ। ਉਨ੍ਹਾਂ ਨੇ ਲਗਾਤਾਰ ਅਸਰਦਾਰ ਵਿਚਾਰ-ਵਟਾਂਦਰੇ ਨੂੰ ਯਕੀਨੀ ਬਣਾਉਣ ਲਈ ਇੱਕ ਵਿਸ਼ੇਸ਼ ਏਜੰਡਾ ਤਿਆਰ ਕਰਨ ਦੀ ਵੀ ਪੇਸ਼ਕਸ਼ ਕੀਤੀ। ਵਫਦ ਨੇ ਮੁੱਖ ਮੰਤਰੀ ਨੂੰ ਇਜ਼ਰਾਈਲ ਵਿੱਚ ਹੋਣ ਵਾਲੇ ਜਲ ਤਕਨਾਲੋਜੀ ਅਤੇ ਵਾਤਾਵਰਣ ਨਿਯੰਤਰਣ ਸਮਾਗਮ ਮੌਕੇ ਦੌਰਾ ਕਰਨ ਦਾ ਸੱਦਾ ਦਿੱਤਾ ਇਸ ਦੌਰਾਨ 12 ਤੋਂ 14 ਸਤੰਬਰ ਤੱਕ ਤੇਲ ਅਵੀਵ ਵਿਖੇ ਅੰਤਰਰਾਸ਼ਟਰੀ ਪ੍ਰੋਫੈਸ਼ਨਲ ਪ੍ਰਦਰਸ਼ਨੀ ਲਗਾਈ ਜਾਵੇਗੀ ਜਿਸ ਦੌਰਾਨ ਜਲ ਅਤੇ ਵਾਤਾਵਰਣ ਬਾਰੇ ਅਤਿ ਆਧੁਨਿਕ ਤਕਨਾਲੋਜੀ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਬੁਲਾਰੇ ਅਨੁਸਾਰ ਇਜ਼ਰਾਈਲ ਅਤੇ ਪੰਜਾਬ ਵਿਚਕਾਰ ਸਹਿਯੋਗ ਦੀ ਮੁੱਖ ਪ੍ਰਾਥਮਿਕਤਾ ਰੱਖਿਆ ਦੇ ਖੇਤਰ ਨੂੰ ਮਿੱਥਿਆ ਗਿਆ ਹੈ। ਮੁੱਖ ਮੰਤਰੀ ਨੇ ਸੂਬੇ ਵਿੱਚ  ਬਾਗਬਾਨੀ, ਡੇਅਰੀ ਫਾਰਮਿੰਗ, ਸ਼ਹਿਦ ਦੀਆਂ ਮੱਖਿਆਂ ਪਾਲਣ, ਸੰਚਾਈ ਅਤੇ ਜਲ ਸੰਭਾਲ ਨੂੰ ਬਡ਼੍ਹਾਵਾ ਦੇਣ ਲਈ ਇਜ਼ਰਾਈਲ ਦੀ ਮੁਹਾਰਤ ਦੀ ਵਰਤੋਂ ਲਈ ਵੀ ਦਿਲਚਸਪੀ ਵਿਖਾਈ। ਇਸ ਤੋਂ ਇਲਾਵਾ ਜਲ ਸੰਭਾਲ, ਬਾਗਬਾਨੀ, ਡੇਅਰੀ ਫਾਰਮਿੰਗ ਅਤੇ ਖੇਤੀਬਾਡ਼ੀ ਵਿੱਚ ਰਣਨੀਤਿਕ ਭਾਈਵਾਲੀ ਲਈ ਵੀ ਦੋਵਾਂ ਧਿਰਾਂ ਨੇ ਸਮੂਹਿਕ ਕਾਰਜ ਗਰੁੱਪ ਸਥਾਪਿਤ ਕਰਨ ਦਾ ਫੈਸਲਾ ਕੀਤਾ।
ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਇਜ਼ਰਾਈਲ ਦੇ ਰਾਜਦੂਤ ਨਾਲ ਇਹ ਦੂਜੀ ਮੀਟਿੰਗ ਸੀ। ਅਪ੍ਰੈਲ ਵਿੱਚ ਹੋਈ ਪਿਛਲੀ ਮੀਟਿੰਗ ਦੌਰਾਨ ਦੋਵੇਂ ਧਿਰਾਂ ਭਾਰਤ ਸਰਕਾਰ ਦੀ  ਸਹਿਮਤੀ ਨਾਲ ਦੁਵੱਲੇ ਹਿੱਤਾਂ ਦੇ ਮੁੱਦਿਆਂ ‘ਤੇ ਲਗਾਤਾਰ ਵਿਚਾਰ-ਵਟਾਂਦਰਾ ਕਰਨ ਲਈ ਪੰਜਾਬ/ਇਜ਼ਰਾਈਲ ਕਾਰਜ ਗਰੁੱਪ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਸਹਿਮਤ ਹੋਈਆਂ ਸਨ। ਬੁਲਾਰੇ ਅਨੁਸਾਰ ਅੱਜ ਦੀ ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਕਾਰਜ ਗਰੁੱਪ ਦੇ ਸਥਾਪਤੀ ਲਈ ਇੱਕ ਰੂਪ ਰੇਖਾ ਪੇਸ਼ ਕੀਤੀ।
ਇਜ਼ਰਾਈਲ ਦੇ ਰਾਜਦੂਤ ਨੇ ਕਰਤਾਰਪੁਰ ਅਤੇ ਹੁਸ਼ਿਆਰਪੁਰ ਵਿਖੇ ਦੋ ਮੌਜੂਦਾ ਸੈਂਟਰ ਆਫ ਐਕਸੀਲੈਂਸ ਦੀ ਵੱਡੀ ਸਫਲਤਾ ਤੋਂ ਬਾਅਦ ਸੂਬੇ ਵਿੱਚ ਖੇਤੀ ਵਿਭਿੰਨਤਾ ਨੂੰ ਬਡ਼੍ਹਾਵਾ ਦੇਣ ਲਈ ਇੱਕ ਹੋਰ ਸੈਂਟਰ ਆਫ ਐਕਸੀਲੈਂਸ ਸਥਾਪਿਤ ਕਰਨ ਲਈ ਦਿਲਚਸਪੀ ਵਿਖਾਈ। ਉਨ੍ਹਾਂ ਕਿਹਾ ਕਿ ਇਸ ਕੇਂਦਰ ਫਲਾਂ ਤੇ ਸਬਜ਼ੀਆਂ ਦਾ ਵੱਧ ਝਾਡ਼ ਵਾਲੀਆਂ ਕਿਸਮਾਂ ਤਿਆਰ ਕਰਨ, ਨਿਯੰਤਰਿਤ ਹਾਲਤਾਂ ਵਿੱਚ ਨਵੇਂ ਖੇਤੀ ਅਮਲਾ, ਨੈਟ ਫਾਰਮਿੰਗ, ਤੁਪਕਾ ਅਤੇ ਫੁਆਰਾ ਸੰਚਾਈ ਲਾਗੂ ਕਰਨ ਲਈ ਸਾਧਨ ਬਣੇ ਹਨ। ਕੈਰਮਨ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੂਬੇ ਵਿੱਚ ਫੂਲਾਂ ਅਤੇ ਸ਼ਹਿਦ ਦੀਆਂ ਮੱਖਿਆਂ ਨੂੰ ਪਾਲਣ ਨੂੰ ਬਡ਼੍ਹਾਵਾ ਦੇਣ ਲਈ ਦੋ ਹੋਰ ਅਜਿਹੇ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਲਈ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਕੋਲ ਮੁੱਦਾ ਉਠਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਦਖਲ ਦੀ ਮੰਗ ਕੀਤੀ।
ਦੇਵੇਂ ਧਿਰਾਂ ਨੇ ਅਜਿਹੇ ਪ੍ਰੋਜੈਕਟਾਂ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਭਾਈਵਾਲ ਬਣਾਉਣ ਦੀ ਜ਼ਰੂਰਤ ‘ਤੇ ਸਹਿਮਤੀ ਪ੍ਰਗਟਾਈ। ਮੁੱਖ ਮੰਤਰੀ ਨੇ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਸ਼ਾਮਲ ਹੋਣ ਲਈ ਭਾਰਤੀ ਨਿੱਜੀ ਕੰਪਨੀਆਂ ਨੂੰ ਪ੍ਰੇਰਿਤ ਕਰਨ ਵਾਸਤੇ ਆਪਣੀ ਤਕਨਾਲੋਜੀ ਪ੍ਰਦਰਸ਼ਿਤ ਕਰਨ ਵਾਸਤੇ ਇਜ਼ਰਾਈਲੇ ਵਫਦ ਨੂੰ ਅਪੀਲ ਕੀਤੀ। ਇੱਕ ਪਾਇਲਟ ਪ੍ਰੋਜੈਕਟ ਬਾਰੇ ਕਾਰਜ ਕਰਨ ਲਈ ਸ਼ੁਰੂ ਵਿੱਚ ਨਿੱਜੀ ਕੰਪਨੀਆਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਅਜਿਹੇ ਪ੍ਰੋਜੈਕਟਾਂ ਵੱਡੀ ਪੱਧਰ ‘ਤੇ ਸ਼ਮੂਲੀਅਤ ਅਤੇ ਫੰਡਾਂ ਲਈ ਰਾਹ ਪੱਧਰਾ ਕੀਤਾ ਜਾ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਖੇਤੀਬਾਡ਼ੀ ਦੇ ਵਿਕਾਸ ਵਿੱਚ ਤਕਨਾਲੋਜੀ ਦੀ ਹੋਰ ਜ਼ਿਆਦਾ ਜ਼ਰੂਰਤ ‘ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਮਹਿੰਦਰਾ, ਅੰਬਾਨੀਜ਼ ਅਤੇ ਆਈ. ਟੀ. ਸੀ. ਵਰਗੀਆਂ ਪ੍ਰਮੁੱਖ ਐਗਰੀਟੈਕ ਕੰਪਨੀਆਂ ਨੂੰ ਇਸ ਵਿੱਚ ਸ਼ਾਮਲ ਕਰਨ ਲਈ ਆਪਣੇ ਮੁੱਖ ਪ੍ਰਮੁੱਖ ਸਕੱਤਰ ਨੂੰ ਕਿਹਾ ਤਾਂ ਜੋ ਖੇਤੀ ਉਤਪਾਦਾਂ ਤੋਂ ਹੋਰ ਵਸਤਾਂ ਬਣਾ ਕੇ ਕਿਸਾਨਾਂ ਦੀ ਆਮਦਨ ਵਧਾਈ ਜਾ ਸਕੇ ਕਿਉਂਕਿ ਸੂਬੇ ਦੇ ਕਿਸਾਨ ਖੇਤੀ ‘ਚੋਂ ਮੁਨਾਫਾ ਘੱਟਣ ਕਾਰਨ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਪਾਣੀ ਦੀ ਸਮੱਸਿਆ ਨਾਲ ਨਿਪਟਣ ਲਈ ਤੁਪਕਾ ਸੰਚਾਈ ਅਤੇ ਹਾਇਡਰੋਫੋਨਿਕਸ ਨਵੀਨਤਮ ਤਕਨੀਕਾਂ ਕਿਸਾਨਾਂ ਵਲੋਂ ਅਪਣਾਏ ਜਾਣ ਦੇ ਸਬੰਧ ਵਿੱਚ ਇਜ਼ਰਾਈਲ ਦੇ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਮਾਡਲ ਫਾਰਮ ਬਣਾਏ ਜਾਣ। ਸਬਜ਼ੀ ਅਤੇ ਫੂਲਾਂ ਦੇ ਮੰਡੀਕਰਨ ਨੂੰ ਬਡ਼੍ਹਾਵਾ ਦੇਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਨਾਲ ਖੇਤੀਬਾਡ਼ੀ ਆਮਦਨ ‘ਚ ਵਾਧਾ ਹੋਵੇਗਾ। ਮੁੱਖ ਮੰਤਰੀ ਨੇ ਮੰਡੀ ਬੋਰਡ ਦੀ ਇਮਾਰਤ ਨੂੰ ਮਾਰਕਿਟ ਵਿੱਚ ਤਬਦੀਲ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਦਾ ਵੀ ਸੁਝਾਅ ਦਿੱਤਾ ਤਾਂ ਜੋ ਕਿਸਾਨੀ ਉਤਪਾਦਨ ਲਈ ਬਿਨ੍ਹਾਂ ਕਿਸੇ ਦਿੱਕਤ ਤੋਂ ਮੰਡੀਕਰਨ ਮੁਹੱਈਆ ਕਰਾਇਆ ਜਾ ਸਕੇ।
ਅੰਤਰ-ਰਾਸ਼ਟਰੀ ਵਿਕਾਸ ਸਹਿਯੋਗ ਪ੍ਰੋਗਰਾਮ ਦੇ ਸਬੰਧ ਵਿੱਚ ਦੌਰੇ ‘ਤੇ ਆਏ ਰਾਜਦੂਤ ਦੀ ਬੇਨਤੀ ਦੇ ਹੁੰਗਾਰੇ ਵਿੱਚ ਮੁੱਖ ਮੰਤਰੀ ਨੇ ਸਮਰੱਥਾ ਨਿਰਮਾਣ ਪ੍ਰੋਗਰਾਮ ਵਿੱਚ ਵਾਧਾ ਕਰਨ ਤੋਂ ਇਲਾਵਾ ਮਾਨਵੀ ਵਸੀਲਿਆਂ ਦੇ ਵਿਕਾਸ ‘ਤੇ ਹੋਰ ਜ਼ੋਰ ਦੇਣ ਲਈ ਇਜ਼ਰਾਈਲ ਸਰਕਾਰ ਦੀ ਥੋਡ਼ੀ ਮਿਆਦ ਦੇ ਵੱਖ-ਵੱਖ ਕੋਰਸਾਂ ਦੀ ਸਿਖਲਾਈ ਸਬੰਧੀ ਕੀਤੀ ਪੇਸ਼ਕਸ਼ ਬਾਰੇ ਕਾਰਜ ਯੋਜਨਾ ਤਿਆਰ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਮੁੱਖ ਸਕੱਤਰ ਨੂੰ ਆਖਿਆ ਹੈ।
ਮੀਟਿੰਗ ਵਿੱਚ ਸ਼ਾਮਲ ਹੋਰਨਾਂ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ (ਵਿਕਾਸ) ਸਤੀਸ਼ ਚੰਦਰਾ, ਪ੍ਰਮੁੱਖ ਸਕੱਤਰ ਉਦਯੋਗ ਤੇ ਕਮਰਸ ਡੀ. ਪੀ. ਰੈਡੀ ਅਤੇ ਸੀ. ਈ. ਓ. ਇਨਵੈਸਟ ਪੰਜਾਬ ਡੀ. ਕੇ. ਤਿਵਾਰੀ ਹਾਜ਼ਰ ਸਨ।