20 ਦਸੰਬਰ 2016 ਨੂੰ ਪੂਰੇ 3 ਸਾਲ ਬਾਅਦ ਹਰਪ੍ਰੀਤ ਕੌਰ ਤੇਜਾਬ ਕਾਂਡ ਦੇ ਨਾਂ ਨਾਲ ਮਸ਼ਹੂਰ ਕੇਸ ਦਾ ਫ਼ੈਸਲਾ ਸੁਣਾਇਆ ਗਿਆ।ਜਦੋਂ ਅਦਾਲਤ ਨੇ ਸਖਤ ਫ਼ੈਸਲਾ ਸੁਣਾਇਆ ਤਾਂ ਦੋਸ਼ੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਹ ਪੰਜਾਬ ਦਾ ਬਹੁਤ ਚਰਚਿਤ ਮਾਮਲਾ ਸੀ। ਇਸ ਦਾ ਕਾਰਨ ਇਹ ਸੀ ਕਿ ਇਹ ਤੇਜਾਬ ਕਾਂਡ ਉਦੋਂ ਹੋਇਆ, ਜਿਸ ਦਿਨ ਹਰਪ੍ਰੀਤ ਕੌਰ ਦਾ ਵਿਆਹ ਹੋਣ ਵਾਲਾ ਸੀ। ਦੁੱਖ ਦੀ ਗੱਲ ਇਹ ਸੀ ਕਿ ਇਸ ਮਾਮਲੇ ਵਿੱਚ ਦੋਸ਼ ਕਿਸੇ ਹੋਰ ਦਾ ਸੀ, ਦੁਸ਼ਮਣੀ ਕਿਸੇ ਹੋਰ ਦੀ ਅਤੇ ਸਜ਼ਾ ਭੁਗਤਣੀ ਪਈ ਨਿਰਦੋਸ਼ ਹਰਪ੍ਰੀਤ ਕੌਰ ਨੂੰ। ਬਹੁਤ ਪੀੜ ਸਹਿਣ ਕਰਨ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਕੀ ਸਜ਼ਾ ਸੁਣਾਈ, ਆਓ ਪਹਿਲਾਂ ਇਸ ਸਾਰੇ ਮਾਮਲੇ ਬਾਰੇ ਜਾਣ ਲਈਏ।
ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਧਨੌਲਾ ਰੋਡ ਤੇ ਸਥਿਤ ਹੈ ਬਸਤੀ ਫ਼ਤਿਹਨਗਰ। ਜਸਵੰਤ ਸਿੰਘ ਇੱਥੋਂ ਦਾ ਰਹਿਣ ਵਾਲਾ ਸੀ। ਉਹਨਾਂ ਨੇ ਆਪਣੇ ਘਰ ਦੇ ਇੱਕ ਹਿੱਸੇ ਵਿੱਚ ਸੈਲੂਨ ਖੋਲ੍ਹਿਆ ਹੋਇਆ ਸੀ, ਉਸੇ ਦੀ ਕਮਾਈ ਨਾਲ ਪਰਿਵਾਰ ਦਾ ਗੁਜ਼ਾਰਾ ਚਲਦਾ ਸੀ। ਉਹਨਾਂ ਦੇ ਪਰਿਵਾਰ ਵਿੱਚ ਪਤਨੀ ਦਵਿੰਦਰ ਕੌਰ ਤੇ ਇਲਾਵਾ 2 ਬੇਟੇ ਅਤੇ ਇੱਕ ਬੇਟੀ ਹਰਪ੍ਰੀਤ ਕੌਰ ਸੀ। ਲੜਕੀ ਪੜ੍ਹ ਲਿਖ ਕੇ ਵਿਆਹ ਲਾਇਕ ਹੋਈ ਤਾਂ ਲੁਧਿਆਣੇ ਰਹਿੰਦੀ ਉਹਨਾਂ ਦੀ ਭੈਣ ਭੋਲੀ ਦੇ ਜ਼ਰੀਏ ਹਰਪ੍ਰੀਤ ਕੌਰ ਦਾ ਵਿਆਹ ਕੋਲਕਾਤਾ ਦੇ ਰਹਿਣ ਵਾਲੇ ਰਣਜੀਤ ਸਿੰਘ ਦੇ ਲੜਕੇ ਹਰਪ੍ਰੀਤ ਸਿੰਘ ਉਰਫ਼ ਹਨੀ ਨਾਲ ਹੋ ਗਿਆ। ਰਣਜੀਤ ਸਿੰਘ ਮੂਲ ਤੌਰ ਤੇ ਲੁਧਿਆਣੇ ਦਾ ਰਹਿਣ ਵਾਲਾ ਸੀ ਪਰ ਆਪਣੀ ਜਵਾਨੀ ਵਿੱਚ ਹੀ ਕੋਲਕਾਤਾ ਚਲਿਆ ਗਿਆ ਸੀ ਅਤੇ ਉਥੇ ਹੋਟਲ ਅਤੇ ਰੈਸਟੋਰੈਂਟ ਦਾ ਚੰਗਾ ਕਾਰੋਬਾਰ ਕਰਦਾ ਸੀ। ਉਸ ਕੋਲ ਲੋੜ ਮੁਤਾਬਕ ਸਭ ਕੁਝ ਸੀ।
ਉਹ ਗਰੀਬ ਘਰ ਦੀ ਸ਼ਰੀਫ਼ ਲੜਕੀ ਦੀ ਭਾਲ ਵਿੱਚ ਸਨ। ਇਸ ਕਰਕੇ ਦੋਵਾਂ ਵਿੱਚ ਗੱਲਬਾਤ ਚਲਦਿਆਂ ਹੀ ਵਿਆਹ ਦੀ ਤਾਰੀਖ 7 ਦਸੰਬਰ 2013 ਰੱਖ ਦਿੱਤੀ। ਜਸਵੰਤ ਸਿੰਘ ਅਤੇ ਰਣਜੀਤ ਸਿੰਘ ਦੀ ਆਰਥਿਕ ਹਾਲਤ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਸੀ। ਵਿਆਹ ਤਹਿ ਹੋਣ ਦੇ ਕੁਝ ਦਿਨਾਂ ਬਾਅਦ ਹੀ ਜਸਵੰਤ ਸਿੰਘ ਨੂੰ ਫ਼ੋਨ ਕਰਕੇ ਧਮਕੀ ਦਿੱਤੀ ਜਾਣ ਲੱਗੀ ਕਿ ਇਹ ਰਿਸ਼ਤਾ ਤੋੜ ਦੇਵੇ ਨਹੀਂ ਤਾਂ ਨਤੀਜੇ ਮਾੜੇ ਨਿਕਲਣਗੇ। ਜਸਵੰਤ ਸਿੰਘ ਨੇ ਇਹ ਗੱਲ ਰਣਜੀਤ ਸਿੰਘ ਨੂੰ ਦੱਸੀ ਤਾਂ ਉਸਨੇ ਕਿਹਾ, ਕੁਝ ਲੋਕਾਂ ਨਾਲ ਸਾਡੀ ਰੰਜਿਸ਼ ਹੈ, ਸ਼ਾਇਦ ਉਹੀ ਫ਼ੋਨ ਕਰਕੇ ਧਮਕਾ ਰਹੇ ਹੋਣ ਪਰ ਤੁਸੀਂ ਚਿੰਤਾ ਨਾ ਕਰੋ, ਸਾਡੇ ਵੱਲੋਂ ਕੋਈ ਗੱਲ ਨਹੀਂ, ਤੁਸੀਂ ਵਿਆਹ ਲਈ ਤਿਆਰ ਰਹੋ।
ਕੁਝ ਦਿਨ ਬਾਅਦ ਬਰਨਾਲੇ ਆ ਕੇ ਕੁਝ ਲੜਕਿਆਂ ਨੇ ਉਹਨਾਂ ਨੂੰ ਵਿਆਹ ਤੋੜਨ ਦੀ ਧਮਕੀ ਦਿੱਤੀ ਪਰ ਜਸਵੰਤ ਸਿੰਘ ਨੇ ਪਰਵਾਹ ਕੀਤੇ ਬਿਨਾਂ ਵਿਆਹ ਦੀ ਤਿਆਰੀ ਜਾਰੀ ਰੱਖੋ।
ਵਿਆਹ ਦੀ ਤਾਰੀਖ ਨੇੜੇ ਆਈ ਤਾਂ ਜਸਵੰਤ ਸਿੰਘ ਪਰਿਵਾਰ ਸਮੇਤ ਲੁਧਿਆਣੇ ਦੇ ਜਨਤਾ ਨਗਰ ਦੀ ਗਲੀ ਨੰਬਰ 16 ਵਿੱਚ ਰਹਿਣ ਵਾਲੇ ਆਪਣੇ ਰਿਸ਼ਤੇਦਾਰ ਰਾਜਿੰਦਰ ਸਿੰਘ ਬੱਗਾ ਦੇ ਘਰ ਆ ਗਿਆ। ਦੂਜੇ ਪਾਸੇ ਰਣਜੀਤ ਸਿੰਘ ਦਾ ਪਰਿਵਾਰ ਵੀ ਲੜਕੇ ਦੇ ਵਿਆਹ ਲਈ ਕੋਲਕਾਤਾ ਤੋਂ ਲੁਧਿਆਣੇ ਆ ਗਿਆ। ਵਿਆਹ ਦੇ ਲਈ ਉਹਨਾਂ ਨੇ ਪਰਵੋਵਾਲ ਰੋਡ ਸਥਿਤ ਸ਼ਹਿਰ ਦਾ ਸਭ ਤੋਂ ਮਹਿੰਗਾ ਸਟਰਲਿੰਗ ਰਿਜ਼ਾਰਟ ਬੁੱਕ ਕਰਵਾ ਦਿੱਤਾ।
7 ਦਸੰਬਰ ਨੂੰ ਵਿਆਹ ਵਾਲੇ ਦਿਨ ਹਰਪ੍ਰੀਤ ਕੌਰ ਆਪਣੀ ਮਾਂ ਅਤੇ ਪਿਤਾ ਅਤੇ 2 ਸਹੇਲੀਆਂ ਦੇ ਨਾਲ ਸਜਣ-ਸੰਵਰਨ ਲੀ ਸਵੇਰੇ 7 ਵਜੇ ਕਾਰ ਵਿੱਚ ਸਰਾਭਾ ਨਗਰ ਸਥਿਤ ਲੈਕਮੇ ਬਿਊਟੀ ਸੈਲੂਨ ਪਹੁੰਚੀ। ਮਾਤਾ ਪਿਤਾ ਬਾਹਰ ਕਾਰ ਵਿੱਚ ਬੈਠੇ ਸਨ, ਜਦਕਿ ਹਰਪ੍ਰੀਤ ਕੌਰ ਸਹੇਲੀਆਂ ਨਾਲ ਸੈਲੂਨ ਵਿੱਚ ਸੀ। ਠੀਕ ਸਾਢੇ 7 ਵਜੇ ਇੱਕ ਲੜਕਾ ਹੱਥ ਵਿੱਚ ਪਲਾਸਟਿਕ ਦਾ ਡੱਬਾ ਲੈ ਕੇ ਸੈਲੂਨ ਵਿੱਚ ਦਾਖਲ ਹੋਇਆ, ਉਸ ਨੇ ਆਪਣਾ ਚਿਹਰਾ ਢਕਿਆ ਹੋਇਆ ਸੀ। ਸੈਲੂਨ ਵਿੱਚ ਦਾਖਲ ਹੁੰਦੇ ਹੀ ਉਸ ਨੇ ਹਰਪ੍ਰੀਤ ਕੌਰ ਨੂੰ ਇਸ ਤਰ੍ਹਾਂ ਬੁਲਾਇਆ, ਜਿਵੇਂ ਕੋਈ ਵਾਕਫ਼ ਹੋਵੇ। ਹਰਪ੍ਰੀਤ ਕੌਰ ਦੇ ਬੋਲਦੇ ਹੀ ਉਹ ਉਥੇ ਗਿਆ। ਸੈਲੂਨ ਦੇ ਕਰਮਚਾਰੀ ਵੀ ਸਮਝੇ ਕਿ ਸ਼ਾਇਦ ਉਹ ਉਸਦਾ ਰਿਸ਼ਤੇਦਾਰ ਹੈ। ਹਰਪ੍ਰੀਤ ਕੌਰ ਕੋਲ ਆ ਕੇ ਬੋਲਿਆ, ਮੈਂ ਤੇਰੇ ਘਰ ਵਾਲਿਆਂ ਨੂੰ ਕਿੰਨੀ ਵਾਰ ਕਿਹਾ ਕਿ ਵਿਆਹ ਨਹੀਂ ਹੋਣ ਦਿਆਂਗਾ। ਇਸ ਤੋਂ ਬਾਅਦ ਪਲਾਸਟਿਕ ਦਾ ਡੱਬਾ ਖੋਲ੍ਹਿਆ ਅਤੇ ਤੇਜਾਬ ਹਰਪ੍ਰੀਤ ਕੌਰ ਤੇ ਸੁੱਟ ਦਿੱਤਾ। ਉਹ ਤੇਜ਼ੀ ਨਾਲ ਦੌੜ ਗਿਆ ਅਤੇ ਹਰਪ੍ਰੀਤ ਕੌਰ ਬੁਰੀ ਤਰ੍ਹਾਂ ਚੀਖਣਲੱਗੀ। ਇਸ ਤੋਂ ਬਾਅਦ ਹੰਗਾਮਾ ਮੱਚ ਗਿਆ। ਜਦੋਂ ਮਾਜਰਾ ਸਮਝ ਆਇਆ ਤਾਂ ਉਹ ਲੜਕਾ ਦੌੜ ਗਿਆ ਸੀ।
ਹਰਪ੍ਰੀਤ ਕੌਰ ਨਾਲ ਮੇਕਅਕ ਕਰਵਾ ਰਹੀਆਂ ਦੋ ਲੜਕੀਆਂ ਤੇ ਵੀ ਤੇਜਾਬ ਦੇ ਛਿੱਟੇ ਪੈ ਗਏ। ਮੌਕੇ ਤੇ ਪੁਲਿਸ ਬੁਲਾਈ ਅਤੇ ਜ਼ਖਮੀਆਂ ਨੂੰ ਡੀ. ਐਮ. ਸੀ. ਹਸਪਤਾਲ ਪਹੁੰਚਾਇਆ। ਹਰਪ੍ਰੀਤ ਕੌਰ ਦਾ ਚਿਹਰਾ ਅਤੇ ਛਾਤੀ ਬੁਰੀ ਤਰ੍ਹਾਂ ਸੜ ਗਏ ਸਨ। ਬਾਕੀਆਂ ਨੂੰ ਮੁਢਲੇ ਇਲਾਜ ਤੋਂ ਬਾਅਦ ਪੱਟੀਆਂ ਕਰਕੇ ਘਰ ਭੇਜ ਦਿੱਤਾ।
ਸੈਲੁਨ ਦੇ ਅੰਦਰ ਲੱਗੀ ਸੀ. ਸੀ. ਟੀ. ਵੀ. ਕੈਮਰੇ ਦੀ ਫ਼ੁਟੇਜ ਕੱਢੀ। ਜਦੋਂ ਸਪਸ਼ਟ ਹੋ ਗਿਆ ਕਿ ਇਹ ਕੇਸ ਇੱਕ ਪਾਸੜ ਪਿਆਰ ਦਾ ਨਹੀਂ ਹੈ ਤਾਂ ਕੁਝ ਹੋਰ ਹੈ। ਡੀ. ਐਮ. ਸੀ. ਨੇ ਹਰਪ੍ਰੀਤ ਦਾ ਇਲਾਜ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਤਾਂ ਪ੍ਰਸ਼ਾਸਨ ਨੇ ਜਹਾਜ਼ ਦੁਆਰਾ ਹਰਪ੍ਰੀਤ ਕੌਰ ਨੂੰ ਮੁੰਬਈ ਭਿਜਵਾਇਆ। ਰਣਜੀਤ ਸਿੰਘ ਅਤੇ ਉਸ ਦੇ ਮੁੰਡੇ ਹਰਪ੍ਰੀਤ ਸਿੰਘ ਤੋਂ ਵੀ ਪੁਲਿਸ ਨੇ ਕੁਝ ਸੁਰਾਗ ਦੱਸਣ ਬਾਰੇ ਕਿਹਾ। ਜਦੋਂ ਪੂਰੀ ਪਰਿਵਾਰਕ ਪਿੱਠਭੂਮੀ ਦੀ ਜਾਂਚ ਪੜਤਾਲ ਹੋਈ ਤਾਂ ਮਾਮਲਾ ਕੁਝ ਸਮਝ ਆਇਆ।
ਪੁਲਿਸ ਟੀਮ ਨੇ ਪਟਿਆਲਾ ਦੇ ਰਣਜੀਤ ਨਗਰ ਸਥਿਤ ਇੱਕ ਕੋਠੀ ਤੇ ਛਾਪਾ ਮਾਰਿਆ। ਇੱਕ ਲੜਕਾ ਛੱਤ ਤੋਂ ਕੁੱਦਿਆ ਪਰ ਉਸ ਦੀ ਲੱਤ ਟੁੱਟ ਗਈ, ਉਹ ਪਕੜ ਲਿਆ। ਉਸ ਦਾ ਨਾਂ ਪਰਵਿੰਦਰ ਸਿੰਘ ਉਰਫ਼ ਪਵਨ ਸੀ। ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਹਸਪਤਾਲ ਪਲਸਤਰ ਕਰਵਾ ਦਿੱਤਾ। ਇਸ ਤੋਂ ਇਲਾਵਾ 30-32 ਸਾਲ ਦੀ ਇੱਕ ਔਰਤ ਅੰਮ੍ਰਿਤਪਾਲ ਕੌਰ ਨੂੰ ਗ੍ਰਿਫ਼ਤਾਰ ਕੀਤਾ।
ਉਸਦਾ ਹਰਪ੍ਰੀਤ ਸਿੰਘ ਦੇ ਭਰਾ ਨਾਲ ਤਲਾਕ ਹੋ ਚੁੱਕਾ ਸੀ। ਉਸੇ ਨੇ ਆਪਣੇ ਸਹੁਰੇ ਰਣਜੀਤ ਸਿੰਘ ਅਤੇ ਉਹਨਾਂ ਦੇ ਘਰ ਵਾਲਿਆਂ ਤੋਂ ਬਦਲਾ ਲੈਣ ਲਈ ਹਰਪ੍ਰੀਤ ਕੌਰ ਤੇ ਤੇਜਾਬ ਸੁਟਵਾਇਆ ਸੀ। ਅੰਮ੍ਰਿਤਪਾਲ ਕੌਰ ਤੋਂ ਪੁੱਛਗਿੱਛ ਕੀਤੀ ਤਾਂ ਇਸ ਤੇਜਾਬ ਕਾਂਡ ਦੀ ਕਹਾਣੀ ਸਾਹਮਣੇ ਆਈ।
ਅੰਮ੍ਰਿਤਪਾਲ ਕੌਰ ਉਰਫ਼ ਡਿੰਪੀ ਹਨੀ ਉਰਫ਼ ਪਰੀ, ਲੁਧਿਆਣੇ ਦੇ ਦੁਗਰੀ ਦੇ ਰਹਿਣ ਵਾਲੇ ੋਹਨ ਸਿੰਘ ਦੀ ਲੜਕੀ ਸੀ। ਆਧੁਨਿਕ ਵਿਚਾਰਾਂ ਵਾਲੀ ਅੰਮ੍ਰਿਤਪਾਲ ਕੌਰ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਊਣਾ ਚਾਹੁੰਦੀ ਸੀ। ਜਿੱਦੀ ਅਤੇ ਝਗੜਾਲੂ ਸੁਭਾਅ ਦੀ ਹੋਣ ਕਾਰਨ ਮਾਂ-ਬਾਪ ਵੀ ਉਸਨੂੰ ਨਾ ਰੋਕ ਸਕੇ।
ਸੰਨ 2003 ਵਿੱਚ ਰਣਜੀਤ ਦੇ ਲੜਕੇ ਤਰਨਜੀਤ ਸਿੰਘ ਨਾਲ ਅੰਮ੍ਰਿਤਪਾਲ ਕੌਰ ਦਾ ਵਿਆਹ ਹੋ ਅਿਾ ਅਤੇ ਉਹ ਕੋਲਕਾਤਾ ਆ ਗਈ। ਸਹੁਰੇ ਆ ਕੇ ਜਦੋਂ ਉਸਨੂੰ ਪਤਾ ਲੱਗਿਆ ਕਿ ਤਰਨਜੀਤ ਨਪੁੰਸਕ ਹੈ ਤਾਂ ਉਹ ਹੈਰਾਨ ਰਹਿ ਗਈ। ਪਤੀ ਦਾ ਸਾਥ ਨਾ ਮਿਲਣ ਕਾਰਨ ਉਹ ਚਿੜਚਿੜੀ ਹੋ ਗਈ।
ਘਰ ਵਿੱਚ ਕਲੇਸ਼ ਰਹਿਣ ਲੱਗਿਆ। ਹੌਲੀ ਹੌਲੀ ਉਹ ਪਰਿਵਾਰ ਤੇ ਹਾਵੀ ਹੁੰਦੀ ਗਈ, ਸਰੀਰਕ ਕਮਜ਼ੋਰੀ ਅਤੇ ਸਮਾਜ ਵਿੱਚ ਬਦਨਾਮੀ ਦੇ ਡਰ ਕਾਰਨ ਤਰਨਜੀਤ ਸਿੰਘ ਹੀ ਨਹੀਂ, ਘਰ ਦਾ ਕੋਈ ਮੈਂਬਰ ਵੀ ਉਸਦੇ ਸਾਹਮਣੇ ਨਹੀਂ ਆਉਂਦਾ ਸੀ।
ਇਸ ਕਲੇਸ਼ ਤੋਂ ਬਚਣਲਈ ਤਰਨਜੀਤ ਸਿੰਘ ਅਮ੍ਰਿਤਪਾਲ ਕੌਰ ਨੂੰ ਵਿਦੇਸ਼ ਲੈ ਗਿਆ। ਉਥੇ ਉਸਦੇ ਜੁੜਵਾ ਲੜਕੇ ਹੋਏ। ਬੱਚਿਆਂ ਦੇ ਜਨਮ ਤੋਂ ਬਾਅਦ ਦੋਵੇਂ ਕੋਲਕਾਤਾ ਆ ਗਏ। ਘਰ ਵਿੱਚ ਕਲੇਸ਼ ਇੰਨਾ ਵੱਧ ਗਿਆ ਕਿ ਅੰਮ੍ਰਿਤਪਾਲ ਕੌਰ ਨੇ ਦੋਵੇਂ ਬੱਚਿਆਂ ਨੂੰ ਪਤੀ ਦੇ ਹਵਾਲੇ ਕਰ ਦਿੱਤਾ ਅਤੇ ਉਸ ਤੋਂ ਤਲਾਕ ਲੈ ਲਿਆ। ਇਸ ਤਲਾਕ ਵਿੱਚ ਅੰਮ੍ਰਿਤਪਾਲ ਕੌਰ ਨੇ 70 ਲੱਖ ਨਕਦ ਅਤੇ ਲੁਧਿਆਣੇ ਵਿੱਚ ਇੱਕ ਫ਼ਲੈਟ ਲਿਆ।
ਇਸ ਤੋਂ ਬਾਅਦ ਅੰਮ੍ਰਿਤਪਾਲ ਕੌਰ ਆਜ਼ਾਦ ਹੋ ਗਈ, ਉਹ ਆਪਣੀ ਮਰਜ਼ੀ ਦੀ ਮਾਲਕ ਸੀ। ਉਸ ਨੇ 2013 ਵਿੱਚ ਇੱਕ ਪ੍ਰਵਾਸੀ ਭਾਰਤੀ ਅਮਰਿੰਦਰ ਸਿੰਘ ਨਾਲ ਵਿਆਹ ਕਰ ਲਿਆ। ਉਹ ਵੈਸਟ ਲੰਡਨ ਵਿੱਚ ਰਹਿੰਦਾ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਉਹ ਲੰਡਨ ਚਲਾ ਗਿਆ ਅਤੇ ਅੰਮ੍ਰਿਤਪਾਲ ਪੇਕੇ ਰਹਿਣ ਲੱਗੀ। ਪਤੀ ਦੇ ਵਿਦੇਸ਼ ਜਾਣ ਬਾਅਦ ਉਸ ਦੀ ਮੁਲਾਕਾਤ ਪਲਵਿੰਦਰ ਸਿੰਘ ਉਰਫ਼ ਪਵਨ ਨਾਲ ਹੋਈ। ਉਹ ਅਪਰਾਧਿਕ ਪ੍ਰਵਿਰਤੀ ਦਾ ਸੀ, ਜਿਸ ਕਰਕੇ ਉਸ ਦੇ ਪਿਤਾ ਨੇ ਉਸਨੂੰ ਬੇਦਖਲ ਕਰ ਦਿੱਤਾ ਸੀ।
ਅੰਮ੍ਰਿਤਪਾਲ ਕੌਰ ਨੂੰ ਸਹਾਰੇ ਦੀ ਲੋੜ ਸੀ, ਇਸ ਕਰਕੇ ਨਜ਼ਦੀਕੀਆਂ ਵੱਧ ਗਈਆਂ। ਪਲਵਿੰਦਰ ਦੇ ਉਸ ਨਾਲ ਸਬੰਧ ਬਣ ਗਏ ਤਾਂ ਉਹ ਉਸਦੇ ਇਸ਼ਾਰੇ ਤੇ ਨੱਚਣ ਲੱਗਿਆ। ਅੰਮ੍ਰਿਤਪਾਲ ਕੌਰ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਂ ਰਹੀ ਸੀ ਪਰ ਤਲਾਕ ਤੋਂ ਬਾਅਦ ਉਸ ਦੇ ਸਹੁਰੇ ਘਰ ਵਾਲਿਆਂ ਨੇ ਚੈਨ ਦਾ ਸਾਹ ਲਿਆ। ਅੰਮ੍ਰਿਤਪਾਲ ਕੌਰ ਨੂੰ ਪਤਾ ਲੱਗਿਆ ਕਿ ਉਸਦੇ ਪਤੀ ਤਰਨਜੀਤ ਸਿੰਘ ਦੇ ਛੋਟੇ ਭਰਾ ਹਰਪ੍ਰੀਤ ਸਿੰਘ ਦਾ ਵਿਆਹ ਬਰਨਾਲਾ ਦੀ ਇੱਕ ਖੂਬਸੂਰਤ ਲੜਕੀ ਹਰਪ੍ਰੀਤ ਕੌਰ ਨਾਲ ਹੋ ਰਿਹਾ ਹੈ। ਉਸ ਤੇ ਅਜਿਹੀ ਸਨਕ ਚੜ੍ਹੀ ਕਿ ਉਹ ਇਹ ਵਿਆਹ ਨਹੀਂ ਹੋਣ ਦੇਵੇਗੀ। ਉਸ ਨੇ ਤੁਰੰਤ ਆਪਣੇ ਸਹੁਰੇ ਰਣਜੀਤ ਸਿੰਘ ਨੂੰ ਫ਼ੋਨ ਕੀਤਾ, ਰਣਜੀਤ ਸਿੰਘ ਕੰਨ ਖੋਲ੍ਹ ਕੇ ਸੁਣ ਲੈ, ਮੈਂ ਤੇਰੇ ਘਰ ਵਿੱਚ ਕਦੀ ਸ਼ਹਿਨਾਈ ਨਹੀਂ ਵੱਜਣ ਦਿਆਂਗੀ।
ਰਣਜੀਤ ਸਿੰਘ ਨੇ ਉਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਵਿਆਹ ਦੀ ਤਿਆਰੀ ਚਲਦੀ ਰਹੀ। ਅਮ੍ਰਿਤਪਾਲ ਕੌਰ ਸ਼ੈਤਾਨੀ ਦਿਮਾਗ ਸੀ ਅਤੇ ਦੌਲਤ ਵੀ ਸੀ। ਉਸ ਨੇ ਆਪਣੇ ਮਨ ਦੀ ਗੱਲ ਪਲਵਿੰਦਰ ਸਿੰਘ ਨੂੰ ਦੰਸ ਕੇ ਉਸ ਨਾਲ ਯੋਜਨਾ ਬਣਾਈ ਕਿ ਕੋਲਕਾਤਾ ਜਾ ਕੇ ਰਣਜੀਤ ਸਿੰਘ ਦੇ ਪਰਿਵਾਰ ਦਾ ਕੁਝ ਅਜਿਹਾ ਵਿਗਾੜਿਆ ਜਾਵੇ ਕਿ ਵਿਆਹ ਦੀ ਹਿੰਮਤ ਨਾ ਕਰਨ।
ਪਰ ਉਹਨਾਂ ਦੇ ਲਈ ਇਹ ਕੰਮ ਆਸਾਨ ਨਹੀਂ ਸੀ। ਇਸ ਕਰਕੇ ਅੰਮ੍ਰਿਤਪਾਲ ਕੌਰ ਨੇ ਵਿਚਾਰ ਕੀਤਾ ਕਿ ਜਿਸ ਲੜਕੀ ਨਾਲ ਹਰਪ੍ਰੀਤ ਸਿੰਘ ਦਾ ਵਿਆਹ  ਹੋ ਰਿਹਾ ਹੈ, ਜੇਕਰ ਉਸ ਦੀ ਸੁੰਦਰਤਾ ਖਰਾਬ ਕੀਤੀ ਜਾਵੇ ਤਾਂ ਵਿਆਹ ਰੁਕ ਜਾਵੇਗਾ। ਪਲਵਿੰਦਰ ਨੂੰ ਇਹ ਉਚਿਤ ਲੱਗਿਆ। ਉਸਨੇ ਕਿਹਾ ਕਿ ਜੇਕਰ ਲੜਕੀ ਤੇ ਤੇਜਾਬ ਸੁੱਟਿਆ ਜਾਵੇ ਤਾਂ ਵਿਆਹ ਰੁਕ ਸਕਦਾ ਹੈ।
ਇਸ ਯੋਜਨਾ ਤੇ ਸਹਿਮਤੀ ਬਣ ਗਈ ਤਾਂ ਅੰਮ੍ਰਿਤਪਾਲ ਕੌਰ ਨੇ ਇਹ ਕੰਮ ਕਰਨ ਲਈ ਪਲਵਿੰਦਰ ਸਿੰਘ ਨੂੰ 10 ਲੱਖ ਰੁਪਏ ਦਿੱਤੇ। ਪਲਵਿੰਦਰ ਨੇ ਇਸ ਯੋਜਨਾ ਵਿੱਚ ਆਪਣੇ ਚਚੇਰੇ ਭਰਾ ਸਨਪ੍ਰੀਤ ਸਿੰਘ ਉਰਫ਼ ਸਨੀ ਨੁੰ ਸ਼ਾਮਲ ਕਰ ਲਿਆ। ਇਹ ਕੰਮ ਸਿਰਫ਼ 2 ਲੋਕਾਂ ਤੋਂ ਨਹੀਂ ਹੋ ਸਕਦਾ ਸੀ, ਇਸ ਕਰਕੇ ਸੰਨੀ ਨੇ ਆਪਣੇ ਦੋਸਤਾਂ ਰਾਕੇਸ਼ ਕੁਮਾਰ ਪ੍ਰੇਮੀ, ਜਸਪ੍ਰੀਤ ਸਿੰਘ ਅਤੇ ਗੁਰਸੇਵਕ ਨੂੰ ਸ਼ਾਮਲ ਕਰ ਲਿਆ। ਪਲਵਿੰਦਰ ਅਤੇ ਸੰਨੀ ਹਰਪ੍ਰੀਤ ਕੌਰ ਤੇ ਤੇਜਾਬ ਸੁੱਟਣ ਲਈ 3 ਵਾਰ ਬਰਨਾਲੇ ਸਥਿਤ ਉਸਦੇ ਘਰ ਗਏ ਪਰ ਮੌਕਾ ਨਾ ਮਿਲਿਆ।
ਇਸ ਤੋਂ ਬਾਅਦ ਅੰਮ੍ਰਿਤਪਾਲ ਕੌਰ ਨੇ ਪਲਵਿੰਦਰ ਨੂੰ ਲੁਧਿਆਣੇ ਬੁਲਾ ਲਿਆ, ਕਿਉਂਕਿ ਉਸਨੂੰ ਪਤਾ ਲੱਗਿਆ ਕਿ 5 ਦਸੰਬਰ ਨੂੰ ਹਰਪ੍ਰੀਤ ਕੌਰ ਦਾ ਪਰਿਵਾਰ ਲੁਧਿਆਣੇ ਆ ਗਿਆ ਹੈ ਅਤੇ 6 ਦਸੰਬਰ ਨੂੰ ਪਲਵਿੰਦਰ ਵੀ ਆਪਣੇ ਸਾਥੀਆਂ ਨਾਲ ਲੁਧਿਆਣੇ ਆ ਗਿਆ। ਉਸਨੇ ਆਪਣੇ ਫ਼ੁੱਫ਼ੜ ਦੀ ਮਾਰੂਤੀ ਜੈਨ ਕਾਰ ਇਹ ਕਹਿ ਕੇ ਮੰਗੀ ਕਿ ਉਹ ਦੋਸਤਾਂ ਨਾਲ ਵਿਆਹ ਤੇ ਜਾ ਰਿਹਾ ਹੈ। ਇਸੇ ਕਾਰ ਵਿੱਚ ਪਲਵਿੰਦਰ ਨੇ ਨਕਲੀ ਨੰਬਰ ਪਲੇਟ ਲਗਾਈ ਅਤੇ ਘਟਨਾ ਨੂੰ ਅੰਜ਼ਾਮ ਦੇ ਦਿੱਤਾ।
ਪਲਵਿੰਦਰ ਸਿੰਘ ਨੇ ਤੇਜਾਬ ਪਟਿਆਲੇ ਦੇ ਇੱਕ ਮੋਟਰ ਮਕੈਨਿਕ ਅਸ਼ਵਨੀ ਕੁਮਾਰ ਤੋ ਂਲਿਆ ਸੀ। ਅੰਮ੍ਰਿਤਪਾਲ ਕੌਰ ਨੇ ਆਪਣੇ ਸੂਤਰਾਂ ਤੋਂ ਪਤਾ ਲਗਾਇਆ ਕਿ ਹਰਪ੍ਰੀਤ ਕੌਰ ਲੈਕਮੇ ਬਿਊਟੀ ਸੈਲੁਨ ਜਾਵੇਗੀ, ਇਸ ਕਰਕੇ ਪਲਵਿੰਦਰ ਨੇ ਇੱਕ ਦਿਨ ਪਹਿਲਾਂ ਰੇਕੀ ਕਰਕੇ ਹਰਪ੍ਰੀਤ ਕੌਰ ਤੇ ਤੇਜਾਬ ਸੁੱਟ ਕੇ ਭੱਜਣ ਦਾ ਰਸਤਾ ਦੇਖ ਲਿਆ।
ਮੁੰਬਈ ਦੇ ਨੈਸ਼ਨਲ ਬਰਨ ਹਸਪਤਾਲ ਵਿੱਚ ਭਰਤੀ ਹਰਪ੍ਰੀਤ ਕੌਰ ਨੇ 17 ਦਸੰਬਰ ਦੀ ਸਵੇਰ 5 ਵਜੇ ਦਮ ਤੋੜ ਦਿੱਤਾ। ਹਰਪ੍ਰੀਤ ਕੌਰ ਦੀ ਲਾਸ਼ ਜਹਾਜ਼ ਰਾਹੀਂ ਦਿੱਲੀ ਲਿਆਂਦੀ ਅਤੇ ਫ਼ਿਰ ਬਰਨਾਲੇ ਲਿਆ ਕੇ ਉਸਦਾ ਅੰਤਿਮ ਸਸਕਾਰ ਕਰ ਦਿੱਤਾ। ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਪਕੜ ਲਿਆ ਅਤੇ ਸੈਲੂਨ ਦੇ ਮਾਲਕ ਸਮੇਤ 38 ਗਵਾਹ ਪੇਸ਼ ਕੀਤੇ। ਸੀਸੀਟੀਵੀ ਫ਼ੁਟੇਜ ਵੀ ਅਦਾਲਤ ਵਿੱਚ ਪੇਸ਼ ਕੀਤੀ ਗਈ। ਅਦਾਲਤ ਨੇ 6 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ 20 ਦਸੰਬਰ 2016 ਦਾ ਦਿਨ ਸਜ਼ਾ ਲਈ ਤਹਿ ਕਰ ਦਿੱਤਾ।20 ਦਸੰਬਰ ਨੂੰ ਅਦਾਲਤ ਨੇ ਅੰਮ੍ਰਿਤਪਾਲ ਕੌਰ ਅਤੇ ਪਲਵਿੰਦਰ ਸਿੰਘ ਉਰਫ਼ ਪਵਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਪਰ ਇਹ ਵੀ ਸ਼ਰਤ ਰੱਖੀ ਕਿ ਦੋਵੇਂ 25 ਸਾਲ ਘੱਟ ਤੋਂ ਘੱਟ ਜੇਲ੍ਹ ਵਿੱਚ ਰਹਿਣਗੇ। ਇਸ ਤੋਂ ਇਲਾਵਾ ਉਹਨਾਂ ਤੇ 9 ਲੱਖ 60 ਹਜ਼ਾਰ ਜੁਰਮਾਨਾ ਲਗਾਇਆ। ਜੁਰਮਾਨੇ ਵਿੱਚੋਂ 6 ਲੱਖ ਦੀ ਰਾਸ਼ੀ ਮ੍ਰਿਤਕਾ ਹਰਪ੍ਰੀਤ ਕੌਰ ਦੇ ਘਰ ਵਾਲਿਆ ਨੂੰ ਮਿਲਣਗੇ, 1 ਲੱਖ ਬਿਊਟੀ ਪਾਰਲਰ ਵਿੱਚ ਜ਼ਖਮੀ ਹੋਈਆਂ ਲੜਕੀਆਂ ਨੂੰ ਦਿੱਤੇ ਜਾਣਗੇ।ਅਦਾਲਤ ਨੇ ਬਾਕੀ ਦੋਸ਼ੀਆ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ ਸਵਾ-ਸਵਾ ਲੱਖ ਦਾ ਜੁਰਮਾਨਾ ਕੀਤਾ। ਦੋਸ਼ੀ ਅਸ਼ਵਨੀ ਕੁਮਾਰ ਨੂੰ ਸਬੂਤਾਂ ਦੀ ਕਮੀ ਕਾਰਨ ਦੋਸ਼ ਮੁਕਤ ਕਰ ਦਿੱਤਾ।