ਜਲੰਧਰ — ਕੁਝ ਮਹੀਨੇ ਬਾਅਦ ਹੋਣ ਜਾ ਰਹੀਆਂ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਇਸ ਵਾਰ 60 ਦੀ ਬਜਾਏ 75 ਵਾਰਡਾਂ ਵਿਚ ਹੋਣਗੀਆਂ। ਇਸ ਬਾਰੇ ਜਲੰਧਰ ਦੇ ਕਾਂਗਰਸੀ ਵਿਧਾਇਕਾਂ ਪਰਗਟ ਸਿੰਘ, ਰਾਜਿੰਦਰ ਬੇਰੀ ਤੇ ਬਾਵਾ ਹੈਨਰੀ ਨੇ ਬੀਤੇ ਦਿਨ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸਾਹਮਣੇ ਆਇਆ ਕਿ ਨਵੀਂ ਵਾਰਡਬੰਦੀ 75 ਵਾਰਡਾਂ ‘ਤੇ ਆਧਾਰਿਤ ਹੋਵੇਗੀ ਤੇ ਇਹ ਵਾਰਡ ਇਕ ਬਰਾਬਰ ਤੇ ਤਰਕਸੰਗਤ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਫਿਲਹਾਲ ਇਸ ਸਮੇਂ ਨਗਰ ਨਿਗਮ ਦੇ ਕਈ ਵਾਰਡ ਬਹੁਤ ਵੱਡੇ ਹਨ, ਜਦੋਂਕਿ ਕੁਝ ਵਾਰਡਾਂ ਵਿਚ ਵੋਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਜ ਦੌਰਾਨ ਜਲੰਧਰ ਨਗਰ ਨਿਗਮ ਦੇ ਵਾਰਡਾਂ ਦੀ ਗਿਣਤੀ 60 ਤੋਂ ਵਧਾ ਕੇ 65 ਕਰਨ ਦਾ ਫੈਸਲਾ ਲਿਆ ਸੀ ਤੇ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਸੀ। ਬਾਦਲ ਸਰਕਾਰ ਦੇ ਰਹਿੰਦਿਆਂ ਹੀ ਜਲੰਧਰ ਨਗਰ ਨਿਗਮ ਦੀ ਨਵੀਂ ਵਾਰਡਬੰਦੀ ਦਾ ਸਰਵੇ ਸ਼ੁਰੂ ਹੋ ਗਿਆ ਸੀ ਤੇ ਹੁਣ ਵੀ 65 ਵਾਰਡਾਂ ਦਾ ਇਹ ਸਰਵੇ ਚੰਡੀਗੜ੍ਹ ਵਿਚ ਪਿਆ ਹੋਇਆ ਹੈ। ਛਾਉਣੀ ਹਲਕੇ ਤੋਂ ਜਿੱਤੇ ਵਿਧਾਇਕ ਪਰਗਟ ਸਿੰਘ ਨੇ ਆਪਣੇ ਹਲਕੇ ਦੇ ਦਰਜਨ ਕੁ ਪਿੰਡਾਂ ਨੂੰ ਨਗਰ ਨਿਗਮ ਦੀ ਹੱਦ ਵਿਚ ਸ਼ਾਮਲ ਕਰਨ ਲਈ ਕੁਝ ਸਾਲ ਪਹਿਲਾਂ ਹੀ ਕੌਂਸਲਰ ਹਾਊਸ ਵਿਚ ਪ੍ਰਸਤਾਵ ਪਾਇਆ ਹੋਇਆ ਸੀ ਤੇ ਇਸ ਵਾਰ ਉਨ੍ਹਾਂ ਨੇ ਆਪਣੇ ਹਲਕੇ ਇਨ੍ਹਾਂ ਪਿੰਡਾਂ ਨੂੰ ਨਗਰ ਨਿਗਮ ਵਿਚ ਸ਼ਾਮਲ ਕਰਵਾਉਣ ਲਈ ਸ਼ਹਿਰ ਦੀ ਨਵੀਂ ਹੱਦਬੰਦੀ ਦਾ ਨੋਟਿਸ ਜਾਰੀ ਕਰਵਾ ਦਿੱਤਾ।
ਏ. ਜੀ. ਆਈ. ਤੇ 6 ਪਿੰਡਾਂ ਤੋਂ ਮਿਲੇ ਇਤਰਾਜ਼
ਨਵੀਂ ਹੱਦਬੰਦੀ ਦਾ ਨੋਟਿਸ ਜਾਰੀ ਹੋਣ ਤੋਂ ਬਾਅਦ ਜਲੰਧਰ ਨਗਰ ਨਿਗਮ ਨੇ ਇਕ ਮਹੀਨੇ ਤੱਕ ਇਸ ਹੱਦਬੰਦੀ ‘ਤੇ ਆਮ ਜਨਤਾ ਕੋਲੋਂ ਲਿਖਤੀ ਇਤਰਾਜ਼ ਲਏ, ਜਿਸ ਦੇ ਅਧੀਨ ਨਿਗਮ ਨੂੰ ਏ. ਜੀ. ਆਈ., ਹਾਊਸਿੰਗ ਪ੍ਰਾਜੈਕਟ ‘ਤੇ 6 ਪਿੰਡਾਂ ਨੇ ਇਤਰਾਜ਼ ਕੀਤਾ ਹੈ। ਇਨ੍ਹਾਂ ਖੇਤਰਾਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਉਹ ਨਿਗਮ ਹੱਦ ਵਿਚ ਸ਼ਾਮਲ ਨਹੀਂ ਹੋਣਾ ਚਾਹੁੰਦੇ। ਜ਼ਿਕਰਯੋਗ ਹੈ ਕਿ ਨਿਗਮ ਹੱਦ ਵਿਚ ਆਉਣ ‘ਤੇ ਇਨ੍ਹਾਂ ਪਿੰਡਾਂ ਦੇ ਵਾਸੀਆਂ ਨੂੰ ਕਈ ਤਰ੍ਹਾਂ ਦੇ ਸ਼ਹਿਰੀ ਟੈਕਸ ਅਦਾ ਕਰਨੇ ਪੈਣਗੇ।
ਇਤਰਾਜ਼ ਦੂਰ ਕਰੇਗਾ ਨਿਗਮ
ਹੁਣ ਨਿਗਮ ਪ੍ਰਸ਼ਾਸਨ ਨੇ ਨਵੀਂ ਹੱਦਬੰਦੀ ‘ਤੇ ਆਏ ਇਤਰਾਜ਼ਾਂ ਨੂੰ ਨਿਬੇੜਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਤਹਿਤ ਇਤਰਾਜ਼ ਜਤਾਉਣ ਵਾਲੀਆਂ ਧਿਰਾਂ ਨੂੰ ਬੁਲਾ ਕੇ ਉਨ੍ਹਾਂ ਦੀ ਗੱਲ ਸੁਣੀ ਜਾਵੇਗੀ ਤੇ ਪੂਰਾ ਫੈਸਲਾ ਨਗਰ ਨਿਗਮ ਦੇ ਕੌਂਸਲਰ ਹਾਊਸ ਵਿਚ ਪ੍ਰਸਤਾਵ ਲਿਆ ਕੇ ਕੀਤਾ ਜਾਵੇਗਾ।
15 ਵਾਰਡਾਂ ‘ਚ ਕਰਨਾ ਹੋਵੇਗਾ ਨਵਾਂ ਸਰਵੇ
ਸਰਕਾਰ ਦੇ ਨਿਰਦੇਸ਼ਾਂ ‘ਤੇ ਨਵੀਂ ਵਾਰਡਬੰਦੀ ਲਈ ਪ੍ਰਾਈਵੇਟ ਕੰਪਨੀ ਨੇ ਸ਼ਹਿਰ ਦ 60 ਵਾਰਡਾਂ ਦਾ ਸਰਵੇ ਪੂਰਾ ਕਰ ਲਿਆ ਹੈ ਪਰ ਜੋ 15 ਵਾਰਡ ਬਣਨ ਜਾ ਰਹੇ ਹਨ ਉਨ੍ਹਾਂ ਦਾ ਸਰਵੇ ਨਵੇਂ ਸਿਰੇ ਤੋਂ ਹੋਵੇਗਾ, ਜਿਸ ਦੇ ਲਈ ਸਮਾਂ ਲੱਗ ਸਕਦਾ ਹੈ। ਅਜੇ ਹੱਦਬੰਦੀ ਦੀ ਪ੍ਰਕਿਰਿਆ ਨੂੰ ਫਾਈਨਲ ਕੀਤਾ ਜਾਣਾ ਹੈ ਤੇ ਕੌਂਸਲਰ ਹਾਊਸ ਦੀ ਬੈਠਕ ਦੇ ਵੀ ਆਸਾਰ ਨਜ਼ਰ ਨਹੀਂ ਆ ਰਹੇ। ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਨੇ ਜਲੰਧਰ ਦੇ ਵਿਧਾਇਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਵਿਧਾਨ ਸਭਾ ਸੈਸ਼ਨ ਤੋਂ ਤੁਰੰਤ ਬਾਅਦ ਨਿਗਮ ਚੋਣਾਂ ਵਲ ਪੂਰਾ ਧਿਆਨ ਦਿੱਤਾ ਜਾਵੇਗਾ ਤੇ 75 ਵਾਰਡਾਂ ਦੀ ਪ੍ਰਕਿਰਿਆ ਨੂੰ ਪੂਰਾ ਕਰਕੇ ਤੈਅ ਸਮੇਂ ਦੇ ਅੰਦਰ ਚੋਣਾਂ ਕਰਵਾਈਆਂ ਜਾਣਗੀਆਂ।