ਲੰਡਨ : ਆਈ.ਸੀ.ਸੀ ਚੈਂਪੀਅਨ ਟਰਾਫੀ ਦੇ ਫਾਈਨਲ ਵਿਚ ਕੱਲ੍ਹ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਹਾਮੁਕਾਬਲਾ ਹੋਵੇਗਾ| ਹਾਲਾਂਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹਮੇਸ਼ਾਂ ਹੀ ਰੋਮਾਂਚਕ ਹੁੰਦਾ ਹੈ, ਪਰ ਚੈਂਪੀਅਨ ਟਰਾਫੀ ਦਾ ਇਹ ਫਾਈਨਲ ਮੁਕਾਬਲਾ ਕ੍ਰਿਕਟ ਦੇ ਇਤਿਹਾਸ ਵਿਚ ਇਸ ਮੈਚ ਨੂੰ ਸਭ ਤੋਂ ਵੱਡਾ ਮੰਨਿਆ ਜਾ ਰਿਹਾ ਹੈ| ਦੋਨੋਂ ਟੀਮਾਂ ਜਬਰਦਸਤ ਫਾਰਮ ਵਿਚ ਹਨ| ਭਾਰਤ ਨੇ ਜਿਥੇ ਇਸ ਟੂਰਨਾਮੈਂਟ ਵਿਚ ਕੇਵਲ ਇਕ ਮੈਚ ਸ੍ਰੀਲੰਕਾ ਤੋਂ ਹਾਰਿਆ ਹੈ, ਉਥੇ ਪਾਕਿਸਤਾਨ ਟੀਮ 4 ਜੂਨ ਨੂੰ ਭਾਰਤ ਤੋਂ 124 ਦੌੜਾਂ ਨਾਲ ਹਾਰੀ ਸੀ| ਹੁਣ ਫਿਰ ਤੋਂ ਕਰੋੜਾਂ ਭਾਰਤੀਆਂ ਨੂੰ ਆਸ ਹੈ ਕਿ ਟੀਮ ਇੰਡੀਆ ਮੁੜ ਤੋਂ ਪਾਕਿਸਤਾਨ ਨੂੰ ਮਾਤ ਦੇ ਕੇ ਚੈਂਪੀਅਨ ਟਰਾਫੀ ਜਿੱਤੇਗੀ|
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਉਹ ਹਰ ਹਾਲ ਵਿਚ ਇਸ ਮੈਚ ਨੂੰ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਗੇ| ਉਨ੍ਹਾਂ ਕਿਹਾ ਕਿ ਸਾਨੂੰ ਹਰ ਖੇਤਰ ਵਿਚ ਆਪਣਾ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ|
ਭਾਰਤੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਇਸ ਟੂਰਨਾਮੈਂਟ ਵਿਚ ਸਲਾਮੀ ਜੋੜੀ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਦਾ ਪ੍ਰਦਰਸ਼ਨ ਲਾਜਵਾਬ ਰਿਹਾ ਹੈ| ਇਸ ਤੋਂ ਇਲਾਵਾ ਵਿਰਾਟ ਕੋਹਲੀ ਵੀ ਵਿਰੋਧੀ ਟੀਮਾਂ ਲਈ ਸਿਰਦਰਦੀ ਬਣਿਆ ਹੋਇਆ ਹੈ| ਇਸ ਦੇ ਨਾਲ ਹੀ ਗੇਂਦਬਾਜ਼ੀ ਪੱਖੋਂ ਵੀ ਟੀਮ ਇੰਡੀਆ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ|
ਦੱਸਣਯੋਗ ਹੈ ਕਿ ਦੋਵੇਂ ਟੀਮਾਂ 10 ਸਾਲ ਬਾਅਦ ਆਈ.ਸੀ.ਸੀ ਦੇ ਟੂਰਨਾਮੈਂਟ ਵਿਚ ਆਹਮੋ-ਸਾਹਮਣੇ ਹੋ ਰਹੀਆਂ ਹਨ| ਇਸ ਤੋਂ ਪਹਿਲਾਂ ਸਾਲ 2007 ਵਿਚ ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ਵਿਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ ਅਤੇ ਹੁਣ ਇਹ ਦੋਵੇਂ ਟੀਮਾਂ ਲੰਡਨ ਦੇ ਓਵਲ ਵਿਚ ਆਹਮੋ-ਸਾਹਮਣੇ ਹੋਣਗੀਆਂ|