ਤਰਨਤਾਰਨ— ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਝਟਕਾ ਦਿੰਦੇ ਹੋਏ ਹਰੀਕੇ ਪਤਣ ‘ਚ ਚੱਲਣ ਵਾਲੀ ਉਨ੍ਹਾਂ ਦੀ ਡ੍ਰੀਮ ਪ੍ਰਾਜੈਕਟ ਪਾਣੀ ਵਾਲੀ ਬੱਸ ‘ਤੇ ਬ੍ਰੇਕ ਲਗਾ ਦਿੱਤੀ ਹੈ। ਹਰੀਕੇ ਪਤਣ ‘ਚ ਦੌਰਾ ਕਰਨ ਪੁੱਜੇ ਸਿੱਧੂ ਨੇ ਕਿਹਾ ਕਿ ਜਦੋਂ ਤੱਕ ਪੀ. ਆਰ. ਟੀ. ਸੀ. ਮੁਨਾਫੇ ‘ਚ ਨਹੀਂ ਜਾਂਦਾ, ਉਸ ਸਮੇਂ ਤੱਕ ਪਾਣੀ ਵਾਲੀ ਬੱਸ ‘ਤੇ ਰੋਕ ਲੱਗੇਗੀ। ਸਿੱਧੂ ਨੇ ਕਿਹਾ ਕਿ ਕਰੋੜਾਂ ਦੀ ਲਾਗਤ ਵਾਲੀ ਇਹ ਬੱਸ ਸਫੇਦ ਹੱਥ ਸਾਬਤ ਹੋ ਰਹੀ ਹੈ ਅਤੇ ਜਦੋਂ ਤੱਕ ਪੀ. ਆਰ. ਟੀ. ਸੀ. ਦੀ ਹਾਲਤ ਸੁਧਰ ਨਹੀਂ ਜਾਂਦੀ, ਉਦੋਂ ਤੱਕ ਇਹ ਪ੍ਰਾਜੈਕਟ ਬੰਦ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਾਦਲਾਂ ਦਾ ਕੋਈ ਵੀ ਨਾਜਾਇਜ਼ ਵਪਾਰ ਨਹੀਂ ਹੋਣ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਬਜਟ ਸੈਸ਼ਨ ਦੌਰਾਨ ਸਿੱਧੂ ਵੱਲੋਂ ਪਾਣੀ ਵਾਲੀ ਬੱਸ ‘ਤੇ ਸਵਾਲ ਚੁੱਕੇ ਗਏ ਸਨ। ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਾਬਕਾ ਉੱਪ ਮੁੱਖ ਮੰਤਰੀ ਪੁੱਤ ਦੀ ਜ਼ਿੱਦ ਪੁਗਾਉਣ ਲਈ ਕਰੋੜਾਂ ਰੁਪਏ ਖਰਚ ਕਰ ਦਿੱਤੇ ਸਨ।