ਸ਼੍ਰੀਨਗਰ— ਜੰਮੂ-ਕਸ਼ਮੀਰ ‘ਚ ਲਗਾਤਾਰ ਵਿਗੜਦੇ ਮਾਹੌਲ ਦੇ ਪਿੱਛੇ ਕਾਫੀ ਹੱਦ ਤੱਕ ਵੱਖਵਾਦੀ ਨੇਤਾਵਾਂ ਦਾ ਹੀ ਹੱਥ ਰਹਿੰਦਾ ਹੈ ਅਤੇ ਵੱਖਵਾਦੀ ਨੇਤਾਵਾਂ ਨੂੰ ਉਨ੍ਹਾਂ ਦੇ ਪਾਕਿ ਮਾਲਕਾਂ ਤੋਂ ਮਦਦ ਮਿਲਦੀ ਹੈ ਅਤੇ ਉਹ ਇੱਥੇ ਕਸ਼ਮੀਰੀ ਲੜਕਿਆਂ ਨੂੰ ਭੜਕਾਉਂਦੇ ਹਨ। ਵੱਖਵਾਦੀਆਂ ਨੂੰ ਪਾਕਿ ਫੰਡਿੰਗ ਨੂੰ ਲੈ ਕੇ ਹੁਣ ਐੱਨ.ਆਈ.ਏ. (ਕੇਂਦਰੀ ਜਾਂਚ ਏਜੰਸੀ) ਦੀ ਰਿਪੋਰਟ ‘ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ 2005 ਤੋਂ 2011 ਦਰਮਿਆਨ ਵੱਖਵਾਦੀਆਂ ਨੂੰ ਆਈ.ਐੱਸ.ਆਈ.ਐੱਸ. ਵੱਲੋਂ ਲਗਾਤਾਰ ਮਦਦ ਮਿਲ ਰਹੀ ਸੀ ਪਰ ਯੂ.ਪੀ.ਏ. ਸਰਕਾਰ ‘ਚ ਸਾਬਕਾ ਪ੍ਰਧਾਨ ਮੰਤਰੀ ਰਹੇ ਮਨਮੋਹਨ ਸਿੰਘ ਨੇ ਜਾਣ ਬੁੱਝ ਕੇ ਅੱਖਾਂ ਬੰਦ ਕ ਰੱਖੀਆਂ ਸਨ। ਇਕ ਚੈਨਲ ਦੀ ਰਿਪੋਰਟ ਤੋਂ ਵੀ ਪਤਾ ਲੱਗਾ ਹੈ ਕਿ 2005 ਤੋਂ 2011 ਦਰਮਿਆਨ ਸਰਹੱਦ ਪਾਰ ਤੋਂ ਆ ਰਹੀਆਂ ਪੈਸਿਆਂ ਦੀ ਮਦਦ ਲੈਣ ਦੇ ਮਾਮਲੇ ਨੂੰ ਲਗਾਤਾਰ ਫੜਿਆ ਗਿਆ ਸੀ ਪਰ ਸਾਬਕਾ ਮਨਮੋਹਨ ਸਰਕਾਰ ਐਕਸ਼ਨ ਲੈਣ ‘ਚ ਅਸਫ਼ਲ ਰਹੀ।
2011 ‘ਚ ਐੱਨ.ਆਈ.ਏ. ਵੱਲੋਂ ਦਾਇਰ ਚਾਰਜਸ਼ੀਟ ਅਨੁਸਾਰ ਹਿਜ਼ਬੁਲ ਦੇ ਫੰਡ ਮੈਨੇਜਰ ਇਸਲਾਮਾਬਾਦ ਵਾਸੀ ਮੁਹੰਮਦ ਮਕਬੂਲ ਪੰਡਤ ਲਗਾਤਾਰ ਵੱਖਵਾਦੀਆਂ ਨੂੰ ਪੈਸੇ ਪਹੁੰਚਾ ਰਿਹਾ ਸੀ, ਜਿਸ ਤੋਂ ਬਾਅਦ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ 2011 ‘ਚ ਹੀ ਪਾਕਿ ਤੋਂ ਹਵਾਲਾ ਰਾਹੀਂ ਕਰੋੜਾਂ ਰੁਪਏ ਦੇ ਨਾਲ 4 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਸੀ। ਚਾਰਜਸ਼ੀਟ ‘ਚ ਗਿਲਾਨੀ ਦੇ ਨਾਂ ਦਾ ਜ਼ਿਕਰ ਹੈ ਪਰ ਸਰਕਾਰ ਨੇ ਨਾ ਤਾਂ ਗਿਲਾਨੀ ਨੂੰ ਗ੍ਰਿਫਤਾਰ ਕੀਤਾ ਅਤੇ ਨਾ ਹੀ ਕੋਈ ਐਕਸ਼ਨ ਲਿਆ ਸੀ।