ਰੂਪਨਗਰ – ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਵਿਖੇ ਉੱਤਰੀ ਭਾਰਤ ਦੀ ਪਹਿਲੀ ਹੁਨਰ ਵਿਕਾਸ ਯੂਨੀਵਰਸਿਟੀ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਬੰਧੀ ਕੀਤੇ ਗਏ ਫੈਸਲੇ ਤੋਂ ਬਾਅਦ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੇ ਬਜਟ ਭਾਸ਼ਣ ‘ਚ ਸ੍ਰੀ ਚਮਕੌਰ ਸਾਹਿਬ ਵਿਖੇ ਹੁਨਰ ਵਿਕਾਸ ਯੂਨੀਵਰਸਿਟੀ ਖੋਲ੍ਹਣ ਦਾ ਐਲਾਨ ਕੀਤਾ ਗਿਆ। ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਮੋਹਤਬਰ ਵਿਅਕਤੀਆਂ ਨਾਲ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਹੁਨਰ ਵਿਕਾਸ ਯੂਨੀਵਰਸਿਟੀ ਦੀ ਸਥਾਪਨਾ ਹਲਕਾ ਚਮਕੌਰ ਸਾਹਿਬ ਦੇ ਵਿਕਾਸ ‘ਚ ਇਕ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗੀ।
ਚੰਨੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਯੂਨੀਵਰਸਿਟੀ ਹੁਨਰ ਵਿਕਾਸ ਦੇ ਖੇਤਰ ‘ਚ ਉੱਤਰੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਯੂਨੀਵਰਸਿਟੀ 100 ਏਕੜ ਰਕਬੇ ‘ਚ ਸਥਾਪਤ ਕੀਤੀ ਜਾਵੇਗੀ ਤੇ ਇਸ ਦੀ ਸਥਾਪਨਾ ਲਈ ਪਹਿਲੇ ਫੇਜ਼ ‘ਚ 100 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਦੇਸ਼ ‘ਚ ਇਸ ਤੋਂ ਪਹਿਲਾਂ ਸਿਰਫ ਦੋ ਹੁਨਰ ਵਿਕਾਸ ਯੂਨੀਵਰਸਿਟੀਆਂ ਹਨ, ਪਰ ਇਨ੍ਹਾਂ ਯੂਨੀਵਰਸਿਟੀਆਂ ਦੇ ਮੁਕਾਬਲੇ ਪੰਜਾਬ ‘ਚ ਸਥਾਪਤ ਕੀਤੀ ਜਾਣ ਵਾਲੀ ਯੂਨੀਵਰਸਿਟੀ ਵਿਸ਼ਵ ਦੀ ਸਾਰੀਆਂ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਯੂਨੀਵਰਸਿਟੀ ‘ਚ ਹੁਨਰ ਵਿਕਾਸ ਨਾਲ ਸੰਬੰਧਿਤ 10ਵੀਂ ਤੋਂ ਲੈ ਕੇ ਪੀ. ਐੱਚ. ਡੀ. ਤੱਕ ਦੇ ਕਿੱਤਾਮੁਖੀ ਕੋਰਸ ਚਲਾਏ ਜਾਣਗੇ। ਚੰਨੀ ਨੇ ਦੱਸਿਆ ਕਿ ਯੂਨੀਵਰਸਿਟੀ ਦੇ 100 ਫੀਸਦੀ ਵਿਦਿਆਰਥੀ ਨੂੰ ਰੋਜ਼ਗਾਰ ਦੇਣਾ ਯਕੀਨੀ ਬਣਾਇਆ ਜਾਵੇਗਾ ਤੇ ਯੂਨੀਵਰਸਿਟੀ ਦਾ ਅਕਾਦਮਿਕ ਢਾਂਚਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਰੋਜ਼ਗਾਰ ਦੇ ਮੌਕਿਆਂ ਨੂੰ ਧਿਆਨ ‘ਚ ਰੱਖ ਕੇ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਸ. ਚੰਨੀ ਨੇ ਕਿਹਾ ਕਿ ਯੂਨੀਵਰਸਿਟੀ ਦੀ ਸਥਾਪਨਾ ਨਾਲ ਪੰਜਾਬ ਤੇ ਚਮਕੌਰ ਸਾਹਿਬ ਇਲਾਕੇ ਦੇ ਲੋਕਾਂ ਨੂੰ ਰੋਜ਼ਗਾਰ ਦੇ ਸਿੱਧੇ ਅਤੇ ਅਸਿੱਧੇ ਅਨੇਕਾਂ ਮੌਕੇ ਪੈਦਾ ਹੋਣਗੇ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਸਮੇਸ਼ ਪਿਤਾ ਗੁਰੁ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਤੇ ਚਮਕੌਰ ਦੀ ਗੜ੍ਹੀ ਦੇ ਯੁੱਧ ਦੌਰਾਨ ਸ਼ਹੀਦ ਹੋਏ ਬਾਕੀ ਸਿੰਘਾਂ ਦੀ ਯਾਦ ‘ਚ ਉਸਾਰੇ ਜਾ ਰਹੇ ‘ਥੀਮ ਪਾਰਕ’ ਦੀ ਉਸਾਰੀ ਦਾ ਕੰਮ ਮੁੜ ਤੋਂ ਸ਼ੁਰੂ ਕਰ ਕੇ ਜਲਦ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ ਪਿਛਲੇ ਦਸ ਸਾਲਾਂ ਦੌਰਾਨ ਇਸ ਇਤਿਹਾਸਕ ਪਾਰਕ ਦੀ ਉਸਾਰੀ ਦਾ ਕੰਮ ਸੌੜੀ ਰਾਜਸੀ ਸੋਚ ਕਾਰਨ ਰੋਕਿਆ ਹੋਇਆ ਸੀ। ਸ੍ਰੀ ਚਮਕੌਰ ਸਾਹਿਬ ਹਲਕੇ ਦੇ ਮੋਹਤਬਰਾਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵੱਡੇ ਐਲਾਨਾਂ ਲਈ ਹਲਕਾ ਵਿਧਾਇਕ ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਲੱਡੂ ਖੁਆ ਕੇ ਮੂੰਹ ਮਿੱਠਾ ਕਰਵਾਇਆ।  ਇਸ ਮੌਕੇ ਨਗਰ ਕੌਂਸਲ ਚਮਕੌਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ, ਈ.ਓ. ਨਗਰ ਕੌਂਸਲ ਭੁਪਿੰਦਰ ਸਿੰਘ, ਵਾਈਸ ਪ੍ਰਧਾਨ ਸੰਦੀਪ ਕੌਰ ਸ਼ੇਖਰ, ਐੱਮ.ਸੀ. ਸੋਨੂੰ ਖਾਨ, ਐੱਮ.ਸੀ. ਆਸ਼ਾ ਰਾਣੀ, ਅਵਤਾਰ ਸਿੰਘ ਸਿੱਧੂ (ਰਾਜਸੀ ਸਲਾਹਕਾਰ) ਤੇ  ਇੰਸਪੈਕਟਰ ਅਜੈ ਕੁਮਾਰ ਵੀ ਮੌਜੂਦ ਸਨ।