ਅੰਮ੍ਰਿਤਸਰ – ਸਥਾਨਕ ਸਰਕਾਰਾਂ ਅਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਪੰਜਾਬ ਵਿਧਾਨ ਸਭਾ ‘ਚ ਪੇਸ਼ ਕੀਤੇ ਬਜਟ ਨੂੰ ਵਿਕਾਸਮੁਖੀ, ਲੋਕ ਪੱਖੀ ਤੇ ਭਵਿੱਖਮੁਖੀ ਕਿਹਾ। ਸ. ਸਿੱਧੂ ਨੇ ਬਜਟ ‘ਚ ਸਥਾਨਕ ਸਰਕਾਰਾਂ ਅਤੇ ਸੈਰ-ਸਪਾਟਾ ਵਿਭਾਗ ਨੂੰ ਵਿਸ਼ੇਸ਼ ਤਰਜੀਹ ਦੇਣ ‘ਤੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ ਵੀ ਕੀਤਾ। ਅੱਜ ਇਥੇ ਜਾਰੀ ਪ੍ਰੈੱਸ ਬਿਆਨ ‘ਚ ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨ ਮਾਣਯੋਗ ਰਾਜਪਾਲ ਦੇ ਭਾਸ਼ਣ ‘ਤੇ ਬੋਲਦਿਆਂ ਉਨ੍ਹਾਂ ਵੱਲੋਂ ਸਥਾਨਕ ਸਰਕਾਰਾਂ ਅਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵਿਚ ਕੀਤੇ ਜਾ ਰਹੇ ਕੰਮਾਂ ਦੀ ਪ੍ਰੋੜ੍ਹਤਾ ਕਰ ਕੇ ਉਨ੍ਹਾਂ ਨੂੰ ਵੱਡੀ ਹੱਲਾਸ਼ੇਰੀ ਦਿੱਤੀ ਤੇ ਭਵਿੱਖ ਲਈ ਹੋਰ ਤਕੜੇ ਹੋ ਕੇ ਕੰਮ ਕਰਨ ਦਾ ਹੌਸਲਾ ਵਧਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਬੀਤੇ ਦਿਨ ਉਨ੍ਹਾਂ ਦੇ ਵਿਭਾਗਾਂ ਸਬੰਧੀ ਕਈ ਅਹਿਮ ਐਲਾਨ ਕੀਤੇ, ਅੱਜ ਵਿੱਤ ਮੰਤਰੀ ਸ. ਬਾਦਲ ਨੇ ਬਜਟ ਤਕਰੀਰ ‘ਚ ਦੋਵਾਂ ਵਿਭਾਗਾਂ ਨੂੰ ਖੁੱਲ੍ਹੇ ਗੱਫੇ ਦੇ ਕੇ ਮੈਨੂੰ ਕਰਜ਼ਦਾਰ ਬਣਾ ਲਿਆ। ਸ. ਸਿੱਧੂ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ‘ਚ ਪਹਿਲੀ ਵਾਰ ਸੈਰ-ਸਪਾਟਾ ਤੇ ਸੱਭਿਆਚਾਰ ਵਿਭਾਗ ਨੂੰ ਬਜਟ ‘ਚ ਵਿਸ਼ੇਸ਼ ਥਾਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਵੱਲੋਂ ਪੰਜਾਬ ਦੇ ਅਮੀਰ ਵਿਰਸੇ ਦੀ ਸੰਭਾਲ/ਸੁਰੱਖਿਅਤ ਰੱਖਣ ਲਈ, ਟੂਰਿਸਟ ਸਹੂਲਤਾਂ ਅਤੇ ਅਜਾਇਬ ਘਰਾਂ ਦੇ ਸੁਧਾਰ ਲਈ 26 ਕਰੋੜ ਰੁਪਏ ਰੱਖੇ ਗਏ ਹਨ। ਇਸੇ ਤਰ੍ਹਾਂ ਪਿਛਲੀ ਸਰਕਾਰ ਵੱਲੋਂ ਬੰਦ ਕੀਤੇ ਹੈਰੀਟੇਜ ਫੈਸਟੀਵਲਾਂ ਨੂੰ ਮੁੜ ਸ਼ੁਰੂ ਕਰਵਾਉਣ ਲਈ 7 ਕਰੋੜ ਰੁਪਏ ਰੱਖੇ ਹਨ, ਜਿਸ ਨਾਲ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਦਾ ਮੌਕਾ ਮਿਲੇਗਾ। ਸਭ ਤੋਂ ਵੱਡੀ ਗੱਲ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੂੰ ਪੰਜਾਬ ਆਉਣ ਲਈ ਪ੍ਰੇਰਿਤ ਕਰਨ, ਸੈਲਾਨੀਆਂ ਨੂੰ ਖਿੱਚਣ ਅਤੇ ਸੈਰ-ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਮਾਰਕੀਟਿੰਗ ਲਈ 5 ਕਰੋੜ ਰੁਪਏ ਰੱਖੇ ਹਨ। ਇਸ ਨਾਲ ਵਿਭਾਗ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਹੁਲਾਰਾ ਮਿਲੇਗਾ। ਪਵਿੱਤਰ ਨਦੀ ਵੇਈਂ ‘ਤੇ ਬਹੁਮੰਤਵੀ ਪ੍ਰਾਜੈਕਟ ਲਈ 3 ਕਰੋੜ ਰੁਪਏ ਰੱਖੇ ਗਏ ਹਨ।  ਸ. ਸਿੱਧੂ ਨੇ ਕਿਹਾ ਕਿ ਸ਼ਹਿਰਾਂ ਦੇ ਵਿਕਾਸ ਲਈ ਪਿਛਲੇ ਸਾਲ ਜਾਰੀ ਹੋਈ 2268.18 ਕਰੋੜ ਦੀ ਰਾਸ਼ੀ ਨੂੰ ਦੁੱਗਣੇ ਤੋਂ ਵੱਧ ਕਰਦਿਆਂ ਇਸ ਸਾਲ ਲਈ 4610.59 ਕਰੋੜ ਰੁਪਏ ਕਰ ਦਿੱਤਾ ਹੈ, ਜੋ ਕਿ ਪਿਛਲੇ ਸਾਲ ਨਾਲੋਂ 103.27 ਫੀਸਦੀ ਵੱਧ ਹੈ। 4 ਵੱਡੇ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਤੇ ਪਟਿਆਲਾ ਸਮਾਰਟ ਸਿਟੀ ਵਜੋਂ ਵਿਕਸਤ ਕੀਤੇ ਜਾਣਗੇ। ਸੀ. ਐੱਲ. ਯੂ. ਪ੍ਰਕਿਰਿਆ ਆਸਾਨ ਕਰਨ ਦਾ ਐਲਾਨ ਹੋਇਆ, ਸ਼ਹਿਰਾਂ ਵਿਚ ਘੱਟ ਖਰਚੇ ਵਾਲੀਆਂ ਐੱਲ. ਈ. ਡੀ. ਲਾਈਟਾਂ ਤੇ ਵਾਹਨਾਂ ਦੀ ਪਾਰਕਿੰਗ ਦੀ ਸਮੱਸਿਆ ਹੱਲ ਕਰਨ ਲਈ ਬਹੁਮੰਜ਼ਿਲਾ ਪਾਰਕਿੰਗ ਬਣਾਉਣ ਦਾ ਐਲਾਨ ਕੀਤਾ ਗਿਆ।