ਚੰਡੀਗੜ੍ਹ  : ਪੰਜਾਬ ਵਿਧਾਨ ਸਭਾ ਸਦਨ ਤੋਂ ਬਜਟ ਸੈਸ਼ਨ ਲਈ ਮੁਅੱਤਲ ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਅੱਜ ਵਿਧਾਨ ਸਭਾ ਵਿਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਅਤੇ ਅੰਦਰ ਜਾਣ ਨਹੀਂ ਦਿੱਤਾ ਗਿਆ| ਪੁਲਿਸ ਅਤੇ ਵਿਧਾਇਕ ਵਿਚਾਲੇ ਧੱਕਾ ਮੁੱਕੀ ਵੀ ਹੋਈ| ਇਸ ਤੇ ਦੋਵੇਂ ਵਿਧਾਇਕ ਸਦਨ ਤੋਂ ਬਾਹਰ ਸੜਕ ਉਤੇ ਧਰਨੇ ਉਤੇ ਬੈਠ ਗਏ| ਦੋਵੇਂ ਵਿਧਾਇਕਾਂ ਨੇ ਬੁੱਧਵਾਰ ਨੂੰ ਸਪੀਕਰ ਤੇ ਦੋਸ਼ ਲਾਏ ਸਨ| ਉਨ੍ਹਾਂ ਕਿਹਾ ਸੀ ਕਿ ਸਪੀਕਰ ਰਾਣਾ ਕੇ.ਪੀ ਸਿੰਘ ਦੇ ਦਾਮਾਦ ਨਾਜਾਇਜ ਮਾਈਨਿੰਗ ਕਰ ਰਹੇ ਹਨ| ਉਹ ਇਹ ਮਾਮਲਾ ਉਠਾਉਣਾ ਚਾਹੁੰਦੇ ਸਨ ਅਤੇ ਇਸੇ ਕਾਰਨ ਉਨ੍ਹਾਂ ਨੂੰ ਸਦਨ ਤੋਂ ਸਸਪੈਂਟ ਕਰ ਦਿੱਤਾ ਗਿਆ| ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਮੈਂ ਪੁਲਿਸ ਨੂੰ ਅੰਦਰ ਜਾਣ ਦੀ ਮਨਾਹੀ ਦੇ ਆਦੇਸ਼ ਦਿਖਾਉਣ ਲਈ ਕਿਹਾ ਪਰ ਉਹ ਕੁਝ ਨਹੀਂ ਦਿਖਾ ਸਕੇ| ਉਨ੍ਹਾਂ ਕਿਹਾ ਕਿ ਵਿਧਾਨ ਸਭਾ ਭਵਨ ਇਕ ਸਰਕਾਰੀ ਇਮਾਰਤ ਹੈ ਅਤੇ ਅਸੀਂ ਚੁਣੇ ਹੋਏ ਵਿਧਾਇਕ ਹਾਂ ਅਤੇ ਸਾਨੂੰ ਅੰਦਰ ਜਾਣ ਤੋਂ ਮਨਾ ਕੀਤਾ ਜਾ ਰਿਹਾ ਹੈ| ਉਹ ਸੜਕ ਤੇ ਹੀ ਧਰਨੇ ਉਤੇ ਬੈਠ ਗਏ|