ਅਹਿਮਦਾਬਾਦ— ਗੁਜਰਾਤ ‘ਚ ਕਾਂਗਰਸ ਦੇ ਸੀਨੀਅਰ ਨੇਤਾ, ਸਾਬਕਾ ਮੁੱਖ ਮੰਤਰੀ ਸਹਿ ਕੇਂਦਰੀ ਮੰਤਰੀ ਅਤੇ ਮੌਜੂਦਾ ਨੇਤਾ ਵਿਰੋਧੀ ਸ਼ੰਕਰ ਸਿੰਘ ਵਾਘੇਲਾ, ਪਾਰਟੀ ਤੋਂ ਉਨ੍ਹਾਂ ਦੀ ਨਾਰਾਜ਼ਗੀ ਦੀਆਂ ਚਰਚਾਵਾਂ ਦਰਮਿਆਨ ਵੀਰਵਾਰ ਨੂੰ ਇਕ ਵਾਰ ਫਿਰ ਉਸੇ ਉਡਾਣ ਤੋਂ ਇੱਥੋਂ ਨਵੀਂ ਦਿੱਲੀ ਗਏ, ਜਿਸ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਆਪਣੀ 2 ਦਿਨਾ ਗੁਜਰਾਤ ਯਾਤਰਾ ਤੋਂ ਬਾਅਦ ਆ ਰਹੇ ਸਨ।
ਇਸ ਤੋਂ ਪਹਿਲਾਂ ਮਾਰਚ ਮਹੀਨੇ ਵੀ ਦੋਵੇਂ ਨੇਤਾ ਇਕ ਹੀ ਜਹਾਜ਼ ‘ਤੇ ਨਵੀਂ ਦਿੱਲੀ ਗਏ ਸਨ, ਹਾਲਾਂਕਿ ਉਦੋਂ ਉਨ੍ਹਾਂ ਦੇ ਵਿਰੋਧੀ ਖੇਮੇ ਦੇ ਕਾਂਗਰਸੀ ਨੇਤਾ ਅਤੇ ਪਾਰਟੀ ਪ੍ਰਦੇਸ਼ ਪ੍ਰਧਾਨ ਭਰਤ ਸਿੰਘ ਸੋਲੰਕੀ ਵੀ ਉਨ੍ਹਾਂ ਨਾਲ ਸਨ। ਅੱਜ ਵਿਸਤਾਰਾ ਏਅਰ ਲਾਈਨਜ਼ ਦੀ ਉਡਾਣ ਨਾਲ ਸ਼ਾਹ ਅਤੇ ਵਾਘੇਲਾ ਨਵੀਂ ਦਿੱਲੀ ਰਵਾਨਾ ਹੋਏ। ਇਸ ਨੂੰ ਲੈ ਕੇ ਵਾਘੇਲਾ ਦੇ ਭਾਜਪਾ ‘ਚ ਆਉਣ ਦੀ ਸੰਭਾਵਨਾ ਤੋਂ ਵਾਰ-ਵਾਰ ਇਨਕਾਰ ਦੇ ਬਾਵਜੂਦ ਕਿ ਵਾਰ ਫਿਰ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ।
ਦੂਜੇ ਪਾਸੇ ਵਾਘੇਲਾ ਨੇ ਦਿੱਲੀ ‘ਚ ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਤੇ ਰਾਜ ਸਭਾ ਸੰਸਦ ਮੈਂਬਰ ਅਹਿਮਦ ਪਟੇਲ ਨਾਲ ਮੁਲਾਕਾਤ ਕੀਤੀ। ਕਰੀਬ ਅੱਧੇ ਘੰਟੇ ਦੀ ਇਸ ਮੁਲਾਕਾਤ ਨੂੰ ਉਨ੍ਹਾਂ ਨੇ ਇਕ ਆਮ ਮੁਲਾਕਾਤ ਕਰਾਰ ਦਿੱਤਾ ਅਤੇ ਕਿਹਾ ਕਿ ਇਸ ‘ਚ ਮੁੱਖ ਰੂਪ ਨਾਲ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਨਾਲ ਜੁੜੇ ਮੁੱਦੇ ‘ਤੇ ਚਰਚਾ ਹੋਈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ‘ਚ ਆਪਣੇ ਸ਼ੁਭਚਿੰਤਕਾਂ ਦੀ ਇਕ ਬੈਠਕ 24 ਜੂਨ ਨੂੰ ਗਾਂਧੀਨਗਰ ‘ਚ ਬੁਲਾਈ ਹੈ, ਜਿਸ ‘ਚ ਉਹ ਭਵਿੱਖ ‘ਚ ਆਪਣੇ ਕਦਮਾਂ ਬਾਰੇ ਉਨ੍ਹਾਂ ਤੋਂ ਸਲਾਹ ਲੈਣਗੇ।