ਚੰਡੀਗੜ੍ਹ : ਵਿਧਾਨ ਸਭਾ ਵਿਚ ਆਪ ਵਿਧਾਇਕਾਂ ਨੂੰ ਮਾਰਸ਼ਲਾਂ ਵੱਲੋਂ ਸਦਨ ਤੋਂ ਬਾਹਰ ਸੁੱਟੇ ਜਾਣ ਦੌਰਾਨ ਵਿਧਾਇਕਾਂ ਦੀਆਂ ਪੱਗਾਂ ਲਹਿ ਗਈਆਂ| ਇਸ ਉਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਸਪੀਕਰ ਰਾਣਾ ਕੇ.ਪੀ ਸਿੰਘ ਨੇ ਆਪਣੇ ਬਾਂਊਂਸਰਾਂ ਨੂੰ ਆਦੇਸ਼ ਦੇ ਕੇ ਸਿੱਖ ਵਿਧਾਇਕਾਂ ਦੀਆਂ ਪੱਗਾਂ ਗਿਰਾਉਣ ਨਾਲ ਸਿੱਖ ਕੌਮ ਦੀ ਬੇਇਜ਼ਤੀ ਕੀਤੀ ਹੈ| ਉਨ੍ਹਾਂ ਕਿਹਾ ਕਿ ਸਪੀਕਰ ਉਸੇ ਪਾਰਟੀ ਨਾਲ ਸਬੰਧ ਰੱਖਦੇ ਹਨ, ਜਿਸ ਨੇ ਹਰਿਮੰਦਰ ਸਾਹਿਬ ਉਤੇ ਹਮਲਾ ਕੀਤਾ ਸੀ| ਉਨ੍ਹਾਂ ਕਿਹਾ ਕਿ ਸਪੀਕਰ ਆਨੰਦਪੁਰ ਸਾਹਿਬ ਤੋਂ ਚੁਣ ਕੇ ਆਏ ਹਨ, ਜੋ ਕਿ ਸਿੱਖਾਂ ਦੀ ਇਕ ਇਤਿਹਾਸਕ ਨਗਰੀ ਹੈ| ਸੁਖਬੀਰ ਬਾਦਲ ਨੇ ਕਿਹਾ ਕਿ ਐਮ.ਐਲ.ਏ ਨੂੰ ਆਪਣਾ ਵਿਰੋਧ ਜਤਾਉਣ ਦਾ ਅਧਿਕਾਰ ਹੈ| ਅਜਿਹੇ ਵਿਚ ਇਸ ਤਰ੍ਹਾਂ ਦਾ ਸਲੂਕ ਕਦੇ ਵੀ ਉਚਿਤ ਨਹੀਂ ਹੈ| ਸਪੀਕਰ ਡਿਕਟੇਟਰ ਦੀ ਤਰ੍ਹਾਂ ਵਿਵਹਾਰ ਕਰ ਰਹੇ ਹਨ| ਸੁਖਬੀਰ ਨੇ ਇਹ ਵੀ ਕਿਹਾ ਕਿ ਇਹ ਕਿਥੋਂ ਦੀ ਸੱਭਿਅਤਾ ਹੈ ਕਿ ਸਿੱਖਾਂ ਦੀਆਂ ਪੱਗਾਂ ਉਛਾਲੀਆਂ ਜਾਣ ਅਤੇ ਮਹਿਲਾ ਮੈਂਬਰਾਂ ਦੀਆਂ ਚੁੰਨੀਆਂ ਖਿੱਚੀਆਂ ਜਾਣ|
ਬਾਅਦ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸਪੀਕਰ ਸਭ ਦਾ ਸਾਂਝਾ ਹੁੰਦਾ ਹੈ, ਪਰ ਸਪੀਕਰ ਨੇ ਗੁੰਡਾਗਰਦੀ ਸ਼ੁਰੂ ਕਰ ਦਿੱਤੀ ਹੈ| ਹੁਣ ਅਕਾਲੀ ਦਲ ਅਤੇ ਭਾਜਪਾ ਲਈ ਸਦਨ ਵਿਚ ਕੋਈ ਸਪੀਕਰ ਨਹੀਂ ਹੈ| ਅਕਾਲੀ ਦਲ ਅਤੇ ਭਾਜਪਾ ਵੱਲੋਂ ਹੁਣ ਸਪੀਕਰ ਨੂੰ ਗੁੰਡਾ ਕੇ.ਪੀ ਦੇ ਨਾਮ ਨਾਲ ਸੱਦਿਆ ਜਾਵੇਗਾ| ਸੁਖਬੀਰ ਨੇ ਕਿਹਾ ਕਿ ਹੁਣ ਇਹ ਲੜਾਈ ਸੜਕ ਤੱਕ ਜਾਵੇਗੀ| ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਸਪੀਕਰ ਨੂੰ ਹਟਾਇਆ ਨਹੀਂ ਜਾਂਦਾ ਅਤੇ ਸਪੀਕਰ ਉਸ ਗੁਰਸਿੱਖ ਤੋਂ ਮੁਆਫੀ ਨਹੀਂ ਮੰਗਦੇ, ਅਕਾਲੀ ਅਤੇ ਭਾਜਪਾ ਵਿਰੋਧ ਕਰਦੇ ਰਹਿਣਗੇ|