ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ‘ਤੇ ਚੋਣਾਂ ਤੋਂ ਪਹਿਲਾਂ ਰਲ-ਮਿਲ ਕੇ ਮੈਚ ਖੇਡਣ ਦਾ ਦੋਸ਼ ਲਾਉੁਂਦਿਆਂ ਆਖਿਆ ਕਿ ਹੁਣ ਵਿਧਾਨ ਸਭਾ ਵਿੱਚ ਵੀ ਇਨ੍ਹਾਂ ਦੋਵਾਂ ਪਾਰਟੀਆਂ ਨੇ ਆਪਣੀ ਪੁਰਾਣੀ ਸਾਂਝ ਨੂੰ ਦੁਹਰਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਅੰਦਰੂਨੀ ਤੇ ਬਾਹਰੀ ਸੱਤਾ ਪ੍ਰਾਪਤੀ ਦੇ ਸੰਘਰਸ਼ ਨੇ ਪਵਿਤੱਰ ਸਦਨ ਨੂੰ ਜੰਗ ਦਾ ਮੈਦਾਨ ਬਣਾ ਕੇ ਰੱਖ ਦਿੱਤਾ।
ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਜਾਖੜ ਨੇ ਵਿਰੋਧੀ ਪਾਰਟੀਆਂ ਵੱਲੋਂ ਵਿਧਾਨ ਸਭਾ ਦੀ ਜਮਹੂਰੀ ਸੰਸਥਾ ਦਾ ਮਖੌਲ ਉਡਾਉਣ ਦੀ ਸਖਤ ਆਲੋਚਨਾ ਕਰਦਿਆਂ ਦੋਵਾਂ ਪਾਰਟੀਆਂ ਨੂੰ ਸਦਨ ਤੇ ਸਪੀਕਰ ਦੇ ਅਹੁਦੇ ਦੀ ਪੱਵਿਤਰਤਾ ਨੂੰ ਢਾਹ ਲਾਉਣ ਲਈ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਆਖਿਆ।
ਸ੍ਰੀ ਜਾਖੜ ਨੇ ਸੁਖਬੀਰ ਸਿੰਘ ਬਾਦਲ ਨੂੰ ਤਿੰਨ ਸਵਾਲ ਕੀਤੇ ਜਿਨ੍ਹਾਂ ਦੇ ਜਵਾਬ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਰਮਿਆਨ ਸਾਂਝ-ਭਿਆਲੀ ਜ਼ਾਹਰ ਹੋਣ ਦੇ ਨਾਲ-ਨਾਲ ਅਕਾਲੀ ਦਲ ਵਿੱਚ ਲੀਡਰਸ਼ਿਪ ਦਾ ਦੀਵਾਲੀਆਪਨ ਨਜ਼ਰ ਆਵੇਗਾ। ਪਹਿਲੇ ਸਵਾਲ ਵਿੱਚ ਉਨ੍ਹਾਂ ਕਿਹਾ ਕਿ ਕੀ ਸੁਖਬੀਰ ਆਪ ਲੀਡਰ ਅਰਵਿੰਦ ਕੇਜਰੀਵਾਲ ਖਿਲਾਫ ਮਾਣਹਾਨੀ ਦਾ ਉਹ ਕੇਸ ਵਾਪਸ ਲਵੇਗਾ ਜਿਸ ਵਿੱਚ ਬਿਕਰਮ ਮਜੀਠੀਆ ਖਿਲਾਫ ਨਸ਼ਾ ਤਸਕਰੀ ਦੇ ਦੋਸ਼ ਲਾਏ ਗਏ ਹਨ ਕਿਉਂ ਜੋ ਹੁਣ ਦੋਵਾਂ ਪਾਰਟੀਆਂ ਦੀ ਸਾਂਝ ਜੱਗ-ਜ਼ਾਹਰ ਹੋ ਹੀ ਚੁੱਕੀ ਹੈ। ਦੂਜੇ ਸਵਾਲ ਵਿੱਚ ਕੀ ਸੁਖਬੀਰ ਬਾਦਲ ਵਿਧਾਨ ਸਭਾ ਦੇ ਸਪੀਕਰ ਖਿਲਾਫ ਅਪਮਾਨਜਨਕ ਸ਼ਬਦ ਬੋਲਣ ਲਈ ਮੁਆਫੀ ਮੰਗਣਗੇ ਅਤੇ ਅਖੀਰਲੇ ਸਵਾਲ ਵਿੱਚ ਕੀ ਪ੍ਰਕਾਸ਼ ਸਿੰਘ ਬਾਦਲ ਵਿਰੋਧੀ ਧਿਰ ਦੇ ਅਹੁਦੇ ਦੀ ਵਾਗਡੋਰ ਆਪਣੇ ਹੱਥ ਵਿੱਚ ਲੈਣ ਲਈ ਵਿਧਾਨ ਸਭਾ ਆਉਣਗੇ।
ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਣ ‘ਤੇ ਨਸ਼ਿਆਂ ਦੇ ਕਾਰੋਬਾਰ ਖਿਲਾਫ਼ ਕਾਰਵਾਈ ਦੇ ਵਾਅਦੇ ਦੇ ਬਾਵਜੂਦ ਮਜੀਠੀਆ ਨੂੰ ਗ੍ਰਿਫਤਾਰ ਕਰਨ ਵਿੱਚ ਨਾਕਾਮ ਰਹਿਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਜਾਖੜ ਨੇ ਆਖਿਆ ਕਿ ਅਜਿਹਾ ਸਿਰਫ ਧਾਰਨਾ ਨੂੰ ਆਧਾਰ ਬਣਾ ਕੇ ਆਪਣੀ ਹੀ ਅਦਾਲਤ ਲਾ ਕੇ ਨਹੀਂ ਕੀਤਾ ਜਾ ਸਕਦਾ ਸਗੋਂ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਜਾਵੇਗਾ।
ਸ੍ਰੀ ਜਾਖੜ ਨੇ ਅਕਾਲੀ ਆਗੂਆਂ ਜਿਨ੍ਹਾਂ ਨੇ 10 ਸਾਲ ਪੰਜਾਬ ਤੇ ਇੱਥੋਂ ਦੇ ਲੋਕਾਂ ਨੂੰ ਲੁੱਟਣ ਵਿੱਚ ਕੋਈ ਕਸਰ ਨਹੀਂ ਬਾਕੀ ਨਹੀਂ ਛੱਡੀ, ‘ਤੇ ਚੁਟਕੀ ਲੈਂਦਿਆਂ ਚੇਤਾਵਨੀ ਦਿੱਤੀ ਕਿ ਜਿਹੜੇ ਲੋਕ ਵਿਧਾਨ ਸਭਾ ਵਿੱਚ ਕਾਲੇ ਚੋਗੇ ਪਾ ਕੇ ਆਏ ਸਨ ਅਤੇ ਦਲੇਰੀ ਨਾਲ ਜਾਂਚ ਕਰਾਉਣ ਦੀ ਮੰਗ ਕਰਦੇ ਸਨ, ਉਨ੍ਹਾਂ ਲੋਕਾਂ ਨੂੰ ਕੁਝ ਸਮੇਂ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਕਾਲੀਆਂ ਦੇ ਸ਼ਾਸਨ ਦੌਰਾਨ ਖੁੰਬਾ ਵਾਂਗ ਪੈਦਾ ਹੋਏ ਮਾਫੀਏ ਵਿਰੁੱਧ ਕਾਰਵਾਈ ਅਤੇ ਜਾਂਚ ਨੂੰ ਯੋਜਨਾਬਧ ਤਰੀਕੇ ਨਾਲ ਚਲਾ ਰਹੀ ਹੈ। ਸ੍ਰੀ ਜਾਖੜ ਨੇ ਕਿਹਾ, ”ਥੋੜ੍ਹਾ ਜਿਹਾ ਸਬਰ ਰੱਖੋ, ਤੁਹਾਡੇ ਵੱਲੋਂ ਕੀਤੇ ਗਏ ਮਾੜੇ ਕੰਮਾਂ ਦਾ ਹਿਸਾਬ ਜ਼ਰੂਰ ਲਿਆ ਜਾਵੇਗਾ।” ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਦਲਾਖੋਰੀ ਵਾਲਾ ਰਵੱਈਆ ਨਹੀਂ ਅਪਣਾਏਗੀ ਪਰ ਮਾਫੀਏ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।
ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਆਖਿਆ ਕਿ ਟਰੱਕ ਯੂਨੀਅਨਾਂ ਦਾ ਖਾਤਮਾ ਅਤੇ ਰੇਤਾ ਦੀਆਂ ਖੱਡਾਂ ਦੀ ਨਿਲਾਮੀ ਵਿੱਚ ਪਾਰਦਰਸ਼ਤਾ ਲਿਆਉਣ ‘ਤੇ ਕੈਪਟਨ ਅਮਰਿੰਦਰ ਸਿੰਘ ਦੀ ਹਰੇਕ ਵਾਅਦੇ ਨੂੰ ਪੂਰਾ ਕਰਨ ਪ੍ਰਤੀ ਵਚਨਬੱਧਤਾ ਨਜ਼ਰ ਆਉਂਦੀ ਹੈ।
ਵਿਧਾਨ ਸਭਾ ਵਿੱਚ ਵਾਪਰੀਆਂ ਘਟਨਾਵਾਂ ‘ਤੇ ਸ੍ਰੀ ਜਾਖੜ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਦਨ ਵਿੱਚ ਨਹੀਂ ਆ ਰਹੇ ਸਨ ਕਿਉਂਕਿ ਅਕਾਲੀ ਦਲ ਨੁੱਕਰੇ ਲੱਗ ਗਿਆ ਅਤੇ ਆਮ ਆਦਮੀ ਪਾਰਟੀ ਵੀ ਆਪਣੀ ਅੰਦਰੂਨੀ ਲੜਾਈ ਦਾ ਸੇਕ ਝੱਲ ਰਹੀ ਹੈ ਜਿਸ ਵਿੱਚ ਐਚ.ਐਸ ਫੂਲਕਾ ਆਪਣੀ ਚੌਧਰ ਜਮਾਉਣਲਈ ਹੱਥ-ਪੈਰ ਮਾਰ ਰਹੇ ਸਨ।
ਜਾਖੜ ਨੇ ਵਿਧਾਨ ਸਭਾ ਦੇ ਸਪੀਕਰ ਅਤੇ ਮੁੱਖ ਮੰਤਰੀ ਨੂੰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ‘ਆਨਰੇਰੀ ਅਹੁਦਾ’ ਕਾਇਮ ਕਰਨ ਦੀ ਅਪੀਲ ਕੀਤੀ ਤਾਂ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਅਹੁਦਾ ਦਿੱਤਾ ਜਾਵੇ ਕਿਉਂਕਿ ਸਾਬਕਾ ਮੁੱਖ ਮੰਤਰੀ ਪਛਾਣ ਦੇ ਸੰਕਟ ਅਤੇ ਆਪਣੀ ਪਾਰਟੀ ਦੇ ਤੀਜੇ ਸਥਾਨ ਵਿੱਚ ਚਲੇ ਜਾਣ ਦੀਆਂ ਤਲਖ ਹਕੀਕਤਾਂ ਕਾਰਨ ਕਾਰਵਾਈ ਵਿੱਚ ਸ਼ਾਮਲ ਹੋਣ ਤੋਂ ਔਖ ਮਹਿਸੂਸ ਕਰ ਰਹੇ ਹਨ। ਸ੍ਰੀ ਜਾਖੜ ਨੇ ਸਪੀਕਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਪ੍ਰਤੀ ਨਰਮੀ ਦਿਖਾਉਣ ਦੀ ਅਪੀਲ ਕੀਤੀ ਕਿਉਂਕਿ ਉਹ ਵਿਧਾਨ ਸਭਾ ਵਿੱਚ ਪਹਿਲੀ ਵਾਰ ਆਏ ਹਨ। ਉਨ੍ਹਾਂ ਨੇ ਇਨ੍ਹਾਂ ਵਿਧਾਇਕਾਂ ਨੂੰ ਸਦਨ ਦੇ ਕੰਮ-ਕਾਜ ਦੀ ਸਿਖਲਾਈ ਦੇਣ ਦੀ ਵੀ ਅਪੀਲ ਕੀਤੀ।
ਸੁਖਬੀਰ ਵੱਲੋਂ ਸਪੀਕਰ ਖਿਲਾਫ ਵਰਤੀ ਭਾਸ਼ਾ ਨੂੰ ਬਹੁਤ ਮੰਦਭਾਗੀ ਦੱਸਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਆਖਿਆ ਕਿ ਸਾਬਕਾ ਉਪ ਮੁੱਖ ਮੰਤਰੀ ਨੇ ਆਪ ਵਿਧਾਇਕਾਂ ਦੇ ਗੈਰ-ਤਜਰਬੇਕਾਰ ਹੋਣ ਦਾ ਲਾਭ ਆਪਣੇ ਫਾਇਦੇ ਲਈ ਚੁੱਕਿਆ। ਉਨ੍ਹਾਂ ਕਿਹਾ ਕਿ ਸੁਖਬੀਰ ਹੁਣ ਉਸ ਲਈ ਕੁਰਲਾ ਰਹੇ ਹਨ ਜੋ ਉਹਨਾਂ ਦਾ ਖੁਦ ਹੀ ਕੀਤਾ ਹੋਇਆ ਹੈ ਜਿਸ ਕਰਕੇ ਇਹ ਮਾਮਲਾ ‘ਚੋਰ ਮਚਾਏ ਸ਼ੋਰ’ ਦਾ ਸੀ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਰੋਧੀ ਧਿਰਾਂ ਵੱਲੋਂ ਕੀਤੀ ਹੁੱਲੜਬਾਜ਼ੀ ਵਿੱਚ ਜ਼ਖਮੀ ਹੋਇਆ ਵਾਰਡ ਐਂਡ ਵਾਚ ਦਾ ਕਰਮਚਾਰੀ ਬਾਸਕਟ ਬਾਲ ਦਾ ਕੌਮੀ ਖਿਡਾਰੀ ਹੈ।
ਸ੍ਰੀ ਜਾਖੜ ਨੇ ਬਿਕਰਮ ਮਜੀਠੀਆ ਵੱਲੋਂ ਪੱਗ ਦੇ ਮਾਮਲੇ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰਨ ਦੀ ਸਖਤ ਆਲੋਚਨਾ ਕਰਦਿਆਂ ਅਕਾਲੀਆਂ ਨੂੰ ਅਜਿਹੇ ਲੋਕ ਵਿਰੋਧੀ ਕੰਮਾਂ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ। ਹਾਲਾਂ ਕਿ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ਵਿੱਚ ਵੀ ਚੌਧਰ ਦੀ ਲੜਾਈ ਦੇਖਣ ਨੂੰ ਮਿਲੇਗੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਸਿਆਸੀ ਮੈਦਾਨ ਵਿੱਚ ਆਪਣੇ ਪੈਰ ਜਮਾਉਣ ਲਈ ਪੂਰੀ ਵਾਹ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਿਓ-ਪੁੱਤ ਦੀ ਜੋੜੀ ਸ਼੍ਰੋਮਣੀ ਅਕਾਲੀ ਦਲ ਨੂੰ ਲੋੜੀਂਦੀ ਅਗਵਾਈ ਦੇਣ ਵਿੱਚ ਅਸਫਲ ਹੋਈ ਹੈ ਜਿਸ ਦੀ ਮਿਸਾਲ ਬੀਤੇ ਕੁਝ ਦਿਨਾਂ ਵਿੱਚ ਵਾਪਰੀਆਂ ਘਟਨਾਵਾਂ ਤੋਂ ਮਿਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸੁਖਬੀਰ ਪਾਰਟੀ ਮੈਂਬਰਾਂ ‘ਤੇ ਕਾਬੂ ਪਾਉਣ ਵਿੱਚ ਨਾਕਾਮ ਰਹੇ ਤਾਂ ਘੋਰ ਨਿਰਾਸ਼ਾ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਹਸਪਤਾਲ ਲੈ ਗਏ ਜਦਕਿ ਉਨ੍ਹਾਂ ਨੇ ਕਿਸੇ ਦਲਿਤ ਜਾਂ ਖੁਦਕੁਸ਼ੀ ਪੀੜਤ ਕਿਸਾਨ ਦੇ ਘਰ ਜਾਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਆਖਿਆ ਕਿ ਸਦਨ ਵਿੱਚ ਵਾਪਰੀ ਸਮੁੱਚੀ ਘਟਨਾ ਮੰਦਭਾਗੀ ਸੀ ਪਰ ਅਸਲ ਵਿੱਚ ਅਕਾਲੀ ਸ਼ਾਸਨ ਦੌਰਾਨ ਕਾਂਗਰਸੀ ਵਿਧਾਇਕਾਂ ਨੂੰ ਸਪੀਕਰ ਵੱਲੋਂ ਵਿਧਾਨ ਸਭਾ ਵਿੱਚ ਆਉਣ ਤੋਂ ਰੋਕ ਦਿੱਤਾ ਜਾਂਦਾ ਸੀ। ਸ੍ਰੀ ਜਾਖੜ ਨੇ ਕਿਹਾ, ”ਕੋਈ ਵੀ ਨਹੀਂ ਚਾਹੁੰਦਾ ਕਿ ਜ਼ਬਰਦਸਤੀ ਬਾਹਰ ਕੱਢਿਆ ਜਾਵੇ ਅਤੇ ਸਪੀਕਰ ਨੇ ਬਹੁਤ ਸੰਜਮ ਦਿਖਾਇਆ ਅਤੇ ਇੱਥੋਂ ਤੱਕ ਕਿ ਸਦਨ ਨੂੰ ਚਲਾਉਣ ਲਈ ਸੁਖਬੀਰ ਨੂੰ ਵੀ ਬਾਹਰ ਦਾ ਰਸਤਾ ਵਿਖਾਉਣਾ ਪਿਆ। ਉਨ੍ਹਾਂ ਕਿਹਾ ਕਿ ਸਪੀਕਰ ਨੇ ਇਹ ਸਖਤ ਕਦਮ ਬੋਲੇ ਕੰਨਾਂ ਅੱਗੇ ਸਾਰੀਆਂ ਅਪੀਲਾਂ ਦਾ ਅਸਰ ਨਾ ਹੋਣ ਤੋਂ ਬਾਅਦ ਚੁੱਕਿਆ। ਸ੍ਰੀ ਜਾਖੜ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਜੇਕਰ ਨਿਯਮ ਇਜਾਜ਼ਤ ਦਿੰਦੇ ਹਨ ਤਾਂ ਵਿਧਾਨ ਸਭਾ ਵਿੱਚ ਵਾਪਰੀ ਘਟਨਾ ਦੀ ਸੀ.ਸੀ.ਟੀ.ਵੀ. ਫੁੱਟੇਜ ਜਨਤਾ ਦੇ ਦਰਬਾਰ ਵਿੱਚ ਲਿਆ ਕੇ ਦਿਖਾਈ ਜਾਵੇ ਤਾਂ ਕਿ ਲੋਕਾਂ ਨੂੰ ਵੀ ਇਨ੍ਹਾਂ ਘਟਨਾਵਾਂ ਦੀ ਹਕੀਕਤ ਬਾਰੇ ਸਪੱਸ਼ਟ ਕੀਤਾ ਜਾ ਸਕੇ।
ਜ਼ਬਰਦਸਤੀ ਬੇਦਖਲ ਕਰਨ ਵਰਗਾ ਕਦਮ ਚੁੱਕਣ ਲਈ ਸਪੀਕਰ ਨੂੰ ਮਜਬੂਰ ਕਰਨ ਵਾਲੇ ਅਕਾਲੀ ਤੇ ਆਪ ਵਿਧਾਇਕਾਂ ‘ਤੇ ਵਰ੍ਹਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਇਨ੍ਹਾਂ ਦੋਵਾਂ ਪਾਰਟੀਆਂ ਦੇ ਇਸ ਕਦਮ ਨਾਲ ਹੀ ਕੁਝ ਵਿਧਾਇਕ ਜ਼ਖਮੀ ਹੋਏ ਹਨ। ਉਨ੍ਹਾਂ ਆਖਿਆ ਕਿ ਸਪੀਕਰ ਦਾ ਰਵੱਈਆ ਵਿਰੋਧੀਆਂ ਨਾਲ ਬਹੁਤ ਨਰਮ ਸੀ। ਅਸਲ ਵਿੱਚ ਕੁਝ ਕਾਂਗਰਸੀ ਨੇਤਾਵਾਂ ਨੇ ਸਦਨ ਵਿੱਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਦੇਣ ਤੋਂ ਬਾਅਦ ਇਸ ਗੱਲ ਦਾ ਹਵਾਲਾ ਦਿੱਤਾ ਸੀ ਕਿ ਸਪੀਕਰ ‘ਤੇ ਕੋਈ ਵੀ ਪੱਖਪਾਤੀ ਹੋਣ ਦਾ ਦੋਸ਼ ਨਹੀਂ ਲਾ ਸਕਦਾ। ਸ੍ਰੀ ਜਾਖੜ ਨੇ ਕਿਹਾ ਕਿ ਸੁਖਬੀਰ ਨੇ ਵਿਧਾਨ ਸਭਾ ਦੇ ਇਜਲਾਸ ਦੌਰਾਨ ਤਿੰਨ ਵਾਰ ਮਰਿਆਦਾ ਤੋੜੀ ਜਿਸ ਨੂੰ ਤਕਨੀਕੀ ਅਧਾਰ ‘ਤੇ ਰੋਕਿਆ ਜਾ ਸਕਦਾ ਸੀ ਪਰ ਨਾ ਤਾਂ ਸਪੀਕਰ ਅਤੇ ਨਾ ਹੀ ਸੱਤਾਧਾਰੀ ਪਾਰਟੀ ਨੇ ਇਸ ਨੂੰ ਮੁੱਦਾ ਬਣਾਇਆ।
ਸ੍ਰੀ ਜਾਖੜ ਨੇ ਵਿਰੋਧੀ ਧਿਰ ਨੂੰ ਜ਼ਿੰਮੇਵਾਰ ਲੀਡਰਸ਼ਿਪ ਵਜੋਂ ਕੰਮ ਕਰਨ ਅਤੇ ਭਵਿੱਖ ਵਿੱਚ ਵਿਧਾਨ ਸਭਾ ਵਿੱਚ ਅਜਿਹੀਆਂ ਘਟਨਾਵਾਂ ਨੂੰ ਸ਼ਾਮਲ ਨਾ  ਕਰਨ ਦੀ ਅਪੀਲ ਕਰਦਿਆਂ ਆਖਿਆ ਕਿ ਇਸ ਸੈਸ਼ਨ ਦੌਰਾਨ ਇਹ ਸਮੁੱਚਾ ਡਰਾਮਾ ਸਰਕਾਰ ਨੂੰ ਅਹਿਮ ਐਲਾਨ ਕਰਨ ਤੋਂ ਰੋਕਣ ਲਈ ਕੀਤਾ ਗਿਆ ਸੀ। ਹਾਲਾਂਕਿ ਉਨ੍ਹਾਂ ਕਿਹਾ ਕਿ ਸਰਕਾਰ ਅਤੇ ਕਾਂਗਰਸ ਪਾਰਟੀ ਨੇ ਇਹ ਸਪੱਸ਼ਟ ਸੁਨੇਹਾ ਦੇ ਦਿੱਤਾ ਹੈ ਕਿ ਸਾਰੇ ਚੋਣ ਵਾਅਦੇ ਪੂਰੇ ਕੀਤੇ ਜਾਣਗੇ।
ਸ੍ਰੀ ਜਾਖੜ ਨੇ ਕਿਹਾ ਕਿ ਕਰਜ਼ਾ ਮੁਆਫੀ ਦਾ ਐਲਾਨ ਕਰਨ ਲਈ ਮੁੱਖ ਮੰਤਰੀ ਹੋਰ ਚਾਰ ਵਰ੍ਹਿਆਂ ਦੀ ਉਡੀਕ ਕਰ ਸਕਦੇ ਸਨ ਪਰ ਉਨ੍ਹਾਂ ਨੇ ਇਹ 100 ਦਿਨਾਂ ਵਿੱਚ ਹੀ ਕਰਕੇ ਵਿਖਾ ਦਿੱਤਾ ਜਿਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਸ ਫੈਸਲੇ ਦਾ ਸਹੀ ਫਾਇਦਾ ਪਹੁੰਚੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਵੀ ਕੁਝ ਨਾ ਕੁਝ ਕਰੇਗੀ ਕਿਉਂਕਿ ਕਰਜ਼ਾ ਮੁਆਫੀ ਦਾ ਮੁੱਦਾ ਉਨ੍ਹਾਂ ਵੱਲੋਂ ਸਿਆਸੀ ਮੁੱਦੇ ਵਜੋਂ ਰਿੜਕਿਆ ਜਾ ਰਿਹਾ ਸੀ।
ਸਵਾਲਾਂ ਦੇ ਜਵਾਬ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ 100 ਦਿਨਾਂ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘੱਟ ਸਮੇਂ ਵਿੱਚ ਬਹੁਤ ਜ਼ਿਆਦਾ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੀ ਡਾਵਾਂਡੋਲ ਵਿੱਤੀ ਸਥਿਤੀ ਦੇ ਬਾਵਜੂਦ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਫੈਸਲਾ ਲੈਣਾ ਬਹੁਤ ਸ਼ਲਾਘਾਯੋਗ ਹੈ ਅਤੇ ਬਾਦਲਾਂ ਨੂੰ ਵੀ ਇਸ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ।