ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ  ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦਰ ਕੇਜਰੀਵਾਲ ਨੂੰ ਅਪੀਲ ਕੀਤੀ ਕਿ  ਜੇਕਰ ਉਹ ਸਮਝਦੇ ਹਨ ਕਿ ਉਹਨਾਂ ਦੀ ਪਾਰਟੀ ਭ੍ਰਿਸ਼ਟਾਚਾਰ ਨੂੰ ਨਕੇਲ ਪਾਉਣ ਲਈ ਦਿਡ਼ ਸੰਕਲਪ ਹੈ ਅਤੇ ਜਨਤਕ ਜੀਵਨ ਵਿਚ ਪਾਰਦਰਸ਼ਤਾ ਚਾਹੁੰਦੀ ਹੈ ਤਾਂ ਫਿਰ ਉਹ 28 ਜੂਨ ਨੂੰ ਸ਼ੁਰੂ ਹੋ ਰਹੇ ਦਿੱਲੀ ਵਿਧਾਨ ਸਭਾ ਦੇ ਇਜਲਾਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਿਵਾਦਗ੍ਰਸਤ ਤੇ ਕਥਿਤ ਭ੍ਰਿਸ਼ਟ ਪੀ ਡਬਲਿਊ ਡੀ ਮੰਤਰੀ ਸ੍ਰੀ ਸਤੇਂਦਰ ਜੈਨ ਨੂੰ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਦੇ ਲੋਕ ਸਰਕਾਰ ਦੀਆਂ ਗਤੀਵਿਧੀਆਂ ਨੂੰ ਨੇਡ਼ਿਓਂ ਵਾਚ ਰਹੇ ਹਨ ਜਿਸ ਵਿਚ ਸ੍ਰੀ ਜੈਨ  ‘ਤੇ ਮੁੱਖ ਮੰਤਰੀ ਤੇ ਉਹਨਾਂ ਦੇ ਖੁਦ ਦੇ ਰਿਸ਼ਤੇਦਾਰਾਂਦੀਆਂ ਕੰਪਨੀਆਂ ਦੇ ਹੱਕ ਵਿਚ ਕੰਮ ਕਰਨ ਦਾ ਦਬਾਅ ਹੈ ਅਤੇ  ਅਧਿਕਾਰੀਆਂ ‘ਤੇ ਇਹ ਦਬਾਅ ਬਣਾਇਆ ਜਾ ਰਿਹਾ ਹੈ ਕਿ  ਜੋ ਸਰਕਾਰ ਚਾਹੁੰਦੀ ਹੈ, ਉਸਨੂੰ ਪ੍ਰਵਾਨਗੀ ਦਿੱਤੀ ਜਾਵੇ। ਉਹਨਾ ਕਿਹਾ ਕਿ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਤੇ ਸਬੰਧਤ ਮੰਤਰੀ ਦੇ ਰਿਸ਼ਤੇਦਾਰਾਂ ਦੀਆਂ ਕੰਪਨੀਆਂ ਦੇ ਜਾਅਲੀ ਬਿੱਲ ਵੀ ਪਾਸ ਕਰਨ ਵਾਸਤੇ ਮੰਤਰੀ ਵੱਲੋਂ ਦਬਾਅ ਬਣਾਇਆ ਜਾ ਰਿਹਾ ਹ। ਉਹਨਾ ਕਿਹਾ ਕਿ ਮੰਤਰੀ ਦੇ ਭ੍ਰਿਸ਼ਟਾਚਾਰ ਨੇ ਸਭ ਹੱਦ ਬੰਨੇ ਟੱਪ ਲਏ ਹਨ ਅਤੇ ਹੁਣ  ਅਧਿਕਾਰੀ ਵੀ  ਮੰਤਰੀ ਤੋਂ ਨਹੀਂ ਡਰਦੇ ਕਿਉਂਕਿ ਇਹਨਾਂ ਅਧਿਕਾਰੀਆਂ ਨੂੰ ਕੇਸ ਆਧਾਰ ‘ਤੇ ਕਮਿਸ਼ਨ ਵਸੂਲਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਸ੍ਰੀ ਸਿਰਸਾ ਨੇ ਇਹ ਵੀ ਕਿਹਾ ਕਿ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਵੱਲੋਂ ਸ੍ਰੀ ਜੈਨ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਖਿਲਾਫ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ਦੀ ਜਾਂਚ ਆਰੰਭੀ ਗਈ  ਹੈ ਤੇ ਉਹਨਾਂ ਤੋਂ ਭ੍ਰਿਸ਼ਟਾਚਾਰ, ਮਨੀ ਲੋਂਡਰਿੰਗ ਤੇ ਹੋਰ ਅਪÎਰਾਧਿਕ ਮਾਮਲਿਆਂ ਵਿਚ ਪੁੱਛ ਗਿੱਛ ਕੀਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਜਦੋਂ ਇਹ ਪੁੱਛ ਗਿੱਛ ਕੀਤੀ ਗਈ ਤਾਂ ਇਹਨਾਂ ਗਤੀਵਿਧੀਆਂ ਨੇ ਆਮ ਆਦਮੀ ਦੀ ਇਹ ਧਾਰਨਾ ਪੱਕੀ ਕਰ ਦਿੱਤੀ ਕਿ ਧੂੰਆਂ ਉਥੇ ਹੀ ਉਠਦਾ ਹੈ, ਜਿਥੇ ਅੱਗ ਹੋਵੇ। ਉਹਨਾਂ ਕਿਹਾ ਕਿ ਸ੍ਰੀ ਜੈਨ ਦੇ ਪਰਿਵਾਰਕ ਮੈਂਬਰਾਂ  ਤੋਂ ਪੁੱਛ ਗਿੱਛ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ।
ਸ੍ਰੀ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਜੇਕਰ ਉਹ ਭ੍ਰਿਸ਼ਟਾਚਾਰ ਖਿਲਾਫ ਕਾਰਵਾਈ ਕਰਨ ਲਈ ਦਿਡ਼ ਸੰਕਲਪ ਹਨ ਅਤੇ ਉਹਨਾਂ ਇਹ ਵੀ ਧਾਰ ਲਿਆ ਹੈ ਕਿ ਭਾਵੇਂ ਜੋ ਮਰਜ਼ੀ ਹੋਵੇ, ਭ੍ਰਿਸ਼ਟਾਚਾਰ ‘ਆਪ’ ਦਾ ਹਿੱਸਾ ਨਹੀਂ ਹੋਵੇਗਾ ਤਾਂ ਉਹਨਾਂ ਨੂੰ ਬਿਨਾਂ ਦੇਰੀ ਦੇ ਜੈਨ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਦਿੱਲੀ ਵਿਧਾਨ ਸਭਾ ਦੇ ਆਉਂਦੇ ਸੈਸ਼ਨ, ਜੋ ਕਿ ਏਜੰਡੇ ਤੋਂ ਬਗੈਰ ਹੀ ਸੱਦ ਲਿਆ ਗਿਆ ਹੈ, ਵਿਚ ਸ੍ਰੀ ਜੈਨ ਇਕ ਮੰਤਰੀ ਵਜੋਂ ਭਾਗ ਲੈਂਦੇ ਹਨ ਤਾਂ ਇਹ ਸ੍ਰੀ  ਕੇਜਰੀਵਾਲ ਤੇ ਉਹਨਾਂ ਦੀ ਪਾਰਟੀ ਲਈ ਨਮੋਸ਼ੀਜਨਕ ਹੋਵੇਗਾ ਕਿਉਂਕਿ ਉਹਨਾਂ ਦੀ ਪਾਰਟੀ ਨੇ ਲੋਕਾਂ ਨੂੰ ਪਾਰਦਰਸ਼ਤਾ ਦਾ ਵਾਅਦਾ ਕੀਤਾ ਹੈ।