ਅਹਿਮਦਾਬਾਦ  : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਗਊ ਰੱਖਿਆ ਦੇ ਨਾਂਅ ਉਤੇ ਹਿੰਸਾ ਕਰਨ ਵਾਲਿਆਂ ਨੂੰ ਸਖਤ ਚਿਤਾਵਨੀ ਦਿੱਤੀ| ਹਾਲਾਂਕਿ ਗਊ ਰੱਖਿਆ ਉਤੇ ਬੋਲਦੇ ਹੋਏ ਸ੍ਰੀ ਮੋਦੀ ਭਾਵੁਕ ਵੀ ਹੋ ਗਏ| ਉਨ੍ਹਾਂ ਨੇ ਅਹਿਮਦਾਬਾਦ ਵਿਖੇ ਕਿਹਾ ਕਿ ਗਊ ਲਈ ਪਹਿਲਾਂ ਲੋਕਾਂ ਨੂੰ ਮਰਦੇ ਹੋਏ ਦੇਖਿਆ ਸੀ ਅਤੇ ਅੱਜ ਉਸ ਦੀ ਰੱਖਿਆ ਦੇ ਨਾਂਅ ਉਤੇ ਕੁੱਟ ਮਾਰ ਹੋ ਰਹੀ ਹੈ| ਇਥੋਂ ਤੱਕ ਕਿ ਕਿਸੇ ਵੀ ਇਨਸਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ| ਉਨ੍ਹਾਂ ਕਿਹਾ ਕਿ ਗਊ ਰੱਖਿਆ ਦੇ ਨਾਂਅ ਉਤੇ ਹਿੰਸਾ ਬੰਦ ਹੋਣੀ ਚਾਹੀਦੀ ਹੈ|
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਗਾਂਧੀ ਜੀ ਅਤੇ ਵਿਨੋਬਾ ਜੀ ਨੇ ਗਊ ਦੀ ਰੱਖਿਆ ਅਤੇ ਭਗਤੀ ਦੀ ਸਾਨੂੰ ਰਾਹ ਦਿਖਾਈ ਹੈ|
ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਦੇਸ਼ ਦੇ ਮੌਜੂਦਾ ਮਾਹੌਲ ਪ੍ਰਤੀ ਆਪਣਾ ਦਰਦ ਅਤੇ ਨਾਰਾਜ਼ਗੀ ਬਿਆਨ ਕਰਨੀ ਚਾਹੁੰਦਾ ਹਾਂ| ਉਨ੍ਹਾਂ ਕਿਹਾ ਕਿ ਜੋ ਦੇਸ਼ ਹਰ ਜਾਨਵਰ ਦਾ ਢਿੱਡ ਭਰਨ ਵਿਚ ਵਿਸ਼ਵਾਸ ਰੱਖਦਾ ਸੀ, ਅੱਜ ਉਸ ਦੇਸ਼ ਨੂੰ ਕੀ ਹੋ ਗਿਆ ਹੈ| ਉਨ੍ਹਾਂ ਕਿਹਾ ਕਿ ਜਦੋਂ ਹਸਪਤਾਲ ਵਿਚ ਕੋਈ ਡਾਕਟਰ ਕਿਸੇ ਮਰੀਜ ਨੂੰ ਬਚਾ ਨਹੀਂ ਪਾਉਂਦਾ ਤਾਂ ਪੀੜਤ ਪਰਿਵਾਰ ਦੇ ਲੋਕ ਹਸਪਤਾਲ ਨੂੰ ਜਾਂ ਅੱਗ ਲਾ ਦਿੰਦੇ ਹਨ ਜਾਂ ਡਾਕਟਰ ਨਾਲ ਕੁੱਟਮਾਰ ਕਰਦੇ ਹਨ| ਉਨ੍ਹਾਂ ਕਿਹਾ ਕਿ ਇਹ ਸਭ ਬਹੁਤ ਗਲਤ ਹੈ| ਉਨ੍ਹਾਂ ਕਿਹਾ ਕਿ ਕੁਝ ਲੋਕ ਛੋਟੀ ਮੋਟੀ ਗੱਲ ਉਤੇ ਲੜਨ ਬੈਠ ਜਾਂਦੇ ਹਨ| ਉਨ੍ਹਾਂ ਕਿਹਾ ਕਿ ਸਾਨੂੰ ਹਿੰਸਾ ਦੀ ਨਹੀਂ ਬਲਕਿ ਅਹਿੰਸਾ ਦੀ ਜ਼ਰੂਰਤ ਹੈ|