ਚੰਡੀਗਡ਼੍ਹ : ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਤਹਿਸੀਲ ਕੰਪਲੈਕਸ ਬਰੇਟਾ ਜਿਲਾ ਮਾਨਸਾ ਵਿਖੇ ਕੰਮ ਕਰੇ ਵਕੀਲ ਸੁਰੇਸ਼ ਕੁਮਾਰ ਨੂੰ ਨਾਇਬ ਤਹਿਸੀਲਦਾਰ ਅਤੇ ਉਸ ਦੇ ਰੀਡਰ ਦੀ ਤਰਫੋ 7 ਹਜਾਰ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ। ਇਸ ਮਾਮਲੇ ਵਿਚ ਵਿਜੀਲੈਂਸ ਵਲੋਂ ਤਿੰਨਾਂ ਦੋਸ਼ਿਆਂ ਵਿਰੁੱਧ ਭ੍ਰਿਸ਼ਟਾਚਾਰ  ਦਾ ਮੁਕੱਦਮਾ ਦਰਜ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਤਹਿਸੀਲ ਕੰਪਲੈਕਸ ਬਰੇਟਾ ਵਿਖੇ ਕੰਮ ਕਰੇ ਵਕੀਲ ਸੁਰੇਸ਼ ਕੁਮਾਰ ਨੂੰ ਗੁਰਤੇਜ ਸਿੰਘ, ਬਖਸ਼ੀਵਾਲਾ, ਜਿਲਾ ਮਾਨਸਾ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੇ ਵਲੋਂ  7 ਹਜਾਰ ਰੁਪਏ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦਸਿਆ ਹੈ ਕਿ ਉਸ ਵਲੋਂ ਬਰੇਟਾ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਰਮੇਸ਼ ਕੁਮਾਰ ਕੋਲ ਜਮੀਨ ਦੀ ਰਜਿਸਟਰੀ ਕਰਾਉਣ ਲਈ ਪੰਹੁਚ ਕੀਤੀ ਗਈ। ਜਿਸ ਉਪਰੰਤ ਨਾਇਬ ਤਹਿਸੀਲਦਾਰ ਵਲੋਂ ਉਸ ਦੇ ਰੀਡਰ ਜਸਪਾਲ ਸਿੰਘ ਅਤੇ ਵਕੀਲ ਸੁਰੇਸ਼ ਕੁਮਾਰ ਨੂੰ ਰਜਿਸਟਰੀ ਨਾਲ ਸਬੰਧਤ ਦਸਤਾਵੇਜ ਪੂਰੇ ਕਰਨ ਲਈ ਸੰਪਰਕ ਕਰਨ ਲਈ ਕਿਹਾ ਗਿਆ।  ਸ਼ਿਕਾਇਤਕਰਤਾ ਨੇ ਦੱਸਿਆ ਕਿ ਰਜਿਸਟਰੀ ਸਬੰਧੀ ਦਸਤਾਵੇਜ ਨੂੰ ਪੂਰਾ ਕਰਨ ਦੇ ਇਵਜ ਵਿਚ ਰੀਡਰ ਅਤੇ ਵਕੀਲ ਵਲੋਂ ਨਾਇਬ ਤਹਿਸੀਲਦਾਰ ਦੀ ਤਰਫੋਂ 7 ਹਜਾਰ ਰੁਪਏ ਦੀ ਮੰਗ ਕੀਤੀ ਗਈ।
ਵਿਜੀਲੈਂਸ ਵਲੋਂ ਦੋਸ਼ਾਂ ਦੀ ਪਡ਼ਤਾਲ ਉਪਰੰਤ ਉਕਤ ਵਕੀਲ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 7 ਹਜਾਰ ਰੁਪਏ ਸਮੇਤ ਕਾਬੂ ਕਰ ਲਿਆ ਗਿਆ।
ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਨਾਇਬ ਤਹਿਸੀਲਦਾਰ ਰਮੇਸ਼ ਕੁਮਾਰ, ਰੀਡਰ ਜਸਪਾਲ ਸਿੰਘ ਅਤੇ ਵਕੀਲ ਸੁਰੇਸ਼ ਕੁਮਾਰ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੇ ਦੇ ਥਾਣਾ ਬਠਿੰਡਾ ਵਿਖੇ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।