ਬਰਨਾਲਾ : ਜੀ. ਐੱਸ. ਟੀ ਲਾਗੂ ਹੋਣ ਤੋਂ ਪਹਿਲਾਂ ਹੀ ਸੇਲ ਟੈਕਸ ਦੇ ਅਧਿਕਾਰੀ ਤੇ ਵਪਾਰੀ ਆਪਸ ਵਿਚ ਭਿੜ ਗਏ। ਹੰਗਾਮਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਸੇਲ ਟੈਕਸ ਵਿਭਾਗ ਦੀ ਇਕ ਟੀਮ ਈ. ਟੀ. ਓ. ਬਰਨਾਲਾ ਦੀ ਅਗਵਾਈ ਵਿਚ ਫਰਵਾਹੀ ਬਾਜ਼ਾਰ ਸਥਿਤ ਇਕ ਪੈਸਟੀਸਾਈਡ ਦੀ ਦੁਕਾਨ ਵਿਚ ਛਾਪੇਮਾਰੀ ਕਰਨ ਪੁੱਜ ਗਈ। ਇਸ ਗੱਲ ‘ਤੇ ਵਪਾਰੀ ਭੜਕ ਉੱਠੇ ਅਤੇ  ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵਪਾਰੀਆਂ ਦੀ ਸੇਲ ਟੈਕਸ ਦੇ ਅਧਿਕਾਰੀਆਂ ਨਾਲ ਗਰਮਾ-ਗਰਮ ਬਹਿਸ ਵੀ ਹੋਈ। ਸੂਚਨਾ ਮਿਲਦਿਆਂ ਹੀ ਵਪਾਰੀ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਦੀ ਅਗਵਾਈ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਤੋਂ ਉਪਰੰਤ ਵਪਾਰੀਆਂ ਦਾ ਇਕ ਵਫਦ ਏ. ਟੀ. ਸੀ. ਬਰਨਾਲਾ ਨੂੰ ਮਿਲਿਆ ਅਤੇ ਵਪਾਰੀਆਂ ਨੂੰ ਤੰਗ ਨਾ ਕਰਨ ਦੀ ਚਿਤਾਵਨੀ ਦਿੱਤੀ। ਵਪਾਰੀਆਂ ਨੇ ਦੋਸ਼ ਲਗਾਇਆ ਕਿ ਜੀ. ਐੱਸ. ਟੀ. ਲਾਗੂ ਹੋਣ ਤੋਂ ਪਹਿਲਾਂ ਹੀ ਅਧਿਕਾਰੀਆਂ ਨੇ ਵਪਾਰੀਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਜੀ. ਐੱਸ. ਟੀ. ਕਾਨੂੰਨ ਬਾਰੇ ਵਪਾਰੀਆਂ ਨੂੰ ਪਤਾ ਨਹੀਂ ਅਧਿਕਾਰੀ ਪਹਿਲਾਂ ਹੀ ਕਰਨ ਲੱਗੇ ਧੱਕਾ
ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਨੇ ਕਿਹਾ ਕਿ ਜੀ. ਐੱਸ. ਟੀ. ਕਾਨੂੰਨ ਲਾਗੂ ਹੋਣ ਤੋਂ ਇਕ ਦਿਨ ਪਹਿਲਾਂ ਹੀ ਅਧਿਕਾਰੀਆਂ ਨੇ ਵਪਾਰੀਆਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਫਰਵਾਈ ਬਾਜ਼ਾਰ ਸਥਿਤ ਅਸ਼ੋਕ ਕੁਮਾਰ ਐਂਡ ਕੰਪਨੀ ਦੀ ਪੈਸਟੀਸਾਈਡ ਦੀ ਦੁਕਾਨ ‘ਤੇ ਸੇਲ ਟੈਕਸ ਦੇ ਈ.ਟੀ. ਓ. ਨੇ ਜਾ ਕੇ ਛਾਪੇਮਾਰੀ ਕੀਤੀ। ਅਜੇ ਤਾਂ ਵਪਾਰੀਆਂ ਨੂੰ ਇਸ ਕਾਨੂੰਨ ਬਾਰੇ ਕੁਝ ਵੀ ਨਹੀਂ ਪਤਾ। ਨਾ ਹੀ ਸੇਲ ਟੈਕਸ ਦੇ ਅਧਿਕਾਰੀਆਂ ਨੇ ਵਪਾਰੀਆਂ ਨੂੰ ਇਸ ਕਾਨੂੰਨ ਪ੍ਰਤੀ ਜਾਣੂ ਕਰਵਾਇਆ ਹੈ। ਫਿਰ ਵਪਾਰੀਆਂ ਦੀਆਂ ਦੁਕਾਨਾਂ ‘ਤੇ ਜਾ ਕੇ ਛਾਪੇਮਾਰੀ ਕਰਨੀ ਵਪਾਰੀਆਂ ਨੂੰ ਡਰਾਉਣ ਦੀ ਕਾਰਵਾਈ ਹੈ। ਜੋ ਵਪਾਰ ਮੰਡਲ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।
ਟਰੇਡ ਵਾਈਜ਼ ਮੀਟਿੰਗਾਂ ਕਰਕੇ ਅਧਿਕਾਰੀ ਦੇਣ ਵਪਾਰੀਆਂ ਨੂੰ ਜੀ. ਐੱਸ. ਟੀ. ਕਾਨੂੰਨ ਦੀ ਜਾਣਕਾਰੀ
ਕਰਿਆਣਾ ਐਸੋ. ਦੇ ਸਰਪ੍ਰਸਤ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਅੱਜ ਦੀ ਸੇਲ ਦੀ ਸੇਲ ਟੈਕਸ ਵਿਭਾਗ ਦੀ ਕਾਰਵਾਈ ਬਹੁਤ ਹੀ ਨਿੰਦਣਯੋਗ ਹੈ। ਵਪਾਰੀਆਂ ਨੂੰ ਤਾਂ ਅਜੇ ਇਸ ਕਾਨੂੰਨ ਸਬੰਧੀ ਕੁਝ ਪਤਾ ਹੀ ਨਹੀਂ ਫਿਰ ਉਹ ਸੇਲ ਟੈਕਸ ਵਿਚ ਆਪਣੀ ਰਿਟਰਨ ਕਿਸ ਪ੍ਰਕਾਰ ਫਾਈਲ ਕਰਨ। ਸੇਲ ਟੈਕਸ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਟਰੇਡ ਵਾਈਜ਼ ਐਸੋਸੀਏਸ਼ਨਾਂ ਦੀ ਬੈਠਕ ਬੁਲਾਕੇ ਉਨ੍ਹਾਂ ਨੂੰ ਟਰੇਡ ਅਨੁਸਾਰ ਕਾਨੂੰਨ ਦੀ ਜਾਣਕਾਰੀ ਦੇਣ ਤਾਂ ਕਿ ਵਪਾਰੀਆਂ ਨੂੰ ਕੋਈ ਪਰੇਸ਼ਾਨੀ ਨਾ ਆ ਸਕੇ।
ਵਪਾਰੀਆਂ ਨੂੰ ਹੋਈ ਗਲਤਫਹਿਮੀ – ਏ ਟੀ ਸੀ
ਜਦੋਂ ਇਸ ਸਬੰਧੀ ਸੇਲ ਟੈਕਸ ਵਿਭਾਗ ਦੇ ਏ ਟੀ ਸੀ ਰਾਜੀਵ ਕੁਮਾਰ ਗਰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਵਿਭਾਗ ਵਲੋਂ ਕੋਈ ਛਾਪੇਮਾਰੀ ਨਹੀਂ ਕੀਤੀ ਗਈ ਸੀ। ਬਲਕਿ ਉਹ ਤਾਂ ਜੀ. ਐੱਸ. ਟੀ. ਲੱਗਣ ਤੋਂ ਪਹਿਲਾਂ ਸਟਾਕ ਚੈਕ ਕਰਨ ਗਏ ਸਨ। ਵਪਾਰੀਆਂ ਨੂੰ ਗਲਤ ਫਹਿਮੀ ਹੋ ਗਈ ਕਿ ਸਾਡੇ ਵਲੋਂ ਛਾਪੇਮਾਰੀ ਕੀਤੀ ਗਈ ਹੈ। ਗਲਤਫਹਿਮੀ ਵਿਚ ਹੀ ਇਹ ਸਾਰੀ ਘਟਨਾ ਵਾਪਰ ਗਈ।