ਜਲੰਧਰ  – ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਕੀਤੇ ਉਪਰਾਲੇ ਨਾਲ ਪਾਕਿ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਲ 2019 ‘ਚ ਮਨਾਏ ਜਾਣ ਵਾਲੇ ਪ੍ਰਕਾਸ਼ ਪੁਰਬ ਮੌਕੇ ਭਰਪੂਰ ਸਹਿਯੋਗ ਦੇਣ ਦੇ ਐਲਾਨ ਨਾਲ ਭਾਰਤ-ਪਾਕਿ ਦੇ ਵਸਨੀਕਾਂ ਦੀ ਆਪਸੀ ਸਾਂਝ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਬੀਤੇ ਕੱਲ ਆਪਣੇ ਗ੍ਰਹਿ ਵਿਖੇ ਰਾਤ ਦੇ ਖਾਣੇ ਮੌਕੇ ਪਾਕਿ ਦੇ ਰਾਜਦੂਤ ਜਨਾਬ ਅਬਦੁੱਲ ਬਾਸਿਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸਾਲ 2018-19 ‘ਚ ਯਾਤਰਾ ਕਰਨ ਵਾਲੇ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦੇਣ ਲਈ ਖਾਸ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਹੈ। ਸਰਨਾ ਵੱਲੋਂ ਇਸ ਪਵਿੱਤਰ ਪ੍ਰਕਾਸ਼ ਪੁਰਬ ‘ਚ ਸ਼ਮੂਲੀਅਤ ਕਰਨ ਵਾਲੀਆਂ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਨੂੰ ਸਹੂਲਤ ਦੇਣ ਦੀ ਬੇਨਤੀ ‘ਤੇ ਰਾਜਦੂਤ ਬਾਸਿਤ ਨੇ ਦਿੱਲੀ ਤੇ ਪੰਜਾਬ ਦੇ ਸਿੱਖਾਂ ਦੇ ਇਕੱਠ ‘ਚ ਇਸ ਸਬੰਧ ‘ਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਬਾਸਿਤ ਨੇ ਕਿਹਾ ਕਿ ਉਨ੍ਹਾਂ ਦੇ ਭਾਰਤ ‘ਚ ਰਾਜਦੂਤ ਦੇ ਅਹੁਦੇ ‘ਤੇ ਕੰਮ ਕਰਨ ਦੌਰਾਨ ਉਨ੍ਹਾਂ ਨੂੰ ਸਿੱਖਾਂ ਵੱਲੋਂ ਸਭ ਤੋਂ ਜ਼ਿਆਦਾ ਪਿਆਰ ਤੇ ਸਨਮਾਨ ਮਿਲਿਆ ਹੈ। ਸ਼੍ਰੋਮਣੀ ਅਕਾਲੀ ਦਲ ਤੇ ਰਾਜਦੂਤ ਬਾਸਿਤ ਨੇ ਮੰਨਿਆ ਕਿ ਦੋਵਾਂ ਮੁਲਕਾਂ ਦੀ ਸੱਭਿਆਚਾਰਕ ਸਾਂਝ ਮਜ਼ਬੂਤ ਹੋਣ ਨਾਲ ਭਾਰਤ-ਪਾਕਿ ਦੇ ਰਿਸ਼ਤੇ ਹੋਰ ਸਿਹਤਮੰਦ ਤੇ ਗੂੜ੍ਹੇ ਹੋਣਗੇ।