ਜਲੰਧਰ— ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਗਏ ਜੀ. ਐੱਸ. ਟੀ. ਖਿਲਾਫ ਜਲੰਧਰ ਦੇ ਪੰਜਾਬ ਹਾਈਡ ਐਂਡ ਸਕਿਨ ਮਰਚੈਂਟਸ ਐਸੋਸੀਏਸ਼ਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਕੱਚੇ ਚਮੜੇ ਅਤੇ ਦੇਸੀ ਚਮੜਾ ਰੰਗਾਈ ਦਾ ਕੰਮ ਕਰਨ ਵਾਲੇ ਲੋਕਾਂ ਨੇ ਸੇਠ ਸੱਤਪਾਲ ਅਤੇ ਸਾਬਕਾ ਮੇਅਰ ਸੁਰਦਿੰਰ ਮੇਅਰ ਦੀ ਅਗਵਾਈ ‘ਚ ਜੀ. ਐੱਸ. ਟੀ. ਦੇ ਵਿਰੋਧ ‘ਚ ਧਰਨਾ ਲਗਾਇਆ। ਇਸ ਮੌਕੇ ਫਿਲੌਰ, ਮਲੇਰਕੋਟਲਾ ਅਤੇ ਅੰਮ੍ਰਿਤਸਰ ਤੋਂ ਵੀ ਪ੍ਰਦਰਸ਼ਨਕਾਰੀ ਇਸ ਧਰਨੇ ‘ਚ ਸ਼ਾਮਲ ਹੋਏ। ਇਹ ਲੋਕ ਸਰਕਾਰ ਤੋਂ ਕੱਚੇ ਚਮੜੇ ‘ਤੇ ਲਗਾਏ ਜੀ. ਐੱਸ. ਟੀ.ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ 1 ਜੁਲਾਈ ਤੋਂ ਲਾਗੂ ਹੋਏ ਜੀ. ਐੱਸ. ਟੀ. ਖਿਲਾਫ ਦੇਸ਼ ਭਰ ‘ਚ ਵੱਖ-ਵੱਖ ਵਪਾਰੀ ਵਰਗਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।