ਗਾਂਧੀਨਗਰ— ਗੁਜਰਾਤ ‘ਚ ਲਗਾਤਾਰ ਜਾਰੀ ਮਾਨਸੂਨੀ ਬਾਰਸ਼ ਕਾਰਨ ਬਨਸਾਕਾਂਠਾ, ਪਾਟਨ, ਮੋਰਬੀ ਅਤੇ ਜਾਮਨਗਰ ਜ਼ਿਲਿਆਂ ‘ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਸ ਤੋਂ ਇਲਾਵਾ ਜਾਮਨਗਰ, ਕਲਸਾਡ, ਅਹਿਮਦਾਬਾਦ, ਸੁਰੇਂਦਰਨਗਰ, ਰਾਜਕੋਟ, ਕੱਛ ਸਮੇਤ ਹੋਰ ਜ਼ਿਲਿਆਂ ‘ਚ ਵੀ ਭਾਰੀ ਬਾਰਸ਼ ਹੋਈ ਹੈ। ਬਾਰਸ਼ ਕਾਰਨ ਕਈ ਪਿੰਡਾਂ ਦਾ ਸੰਪਰਕ ਹੋਰ ਥਾਂਵਾਂ ਤੋਂ ਕਟ ਗਿਆ ਹੈ। 200 ਤੋਂ ਵਧ ਲੋਕਾਂ ਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ ਗਿਆ ਹੈ, ਜਦੋਂ ਕਿ ਐੱਨ.ਡੀ.ਆਰ.ਐੱਫ. (ਰਾਸ਼ਟਰੀ ਆਫਤ ਪ੍ਰਤੀਕਿਰਿਆ ਦਲ) ਦੀ ਟੀਮ ਨੇ ਹੁਣ ਤੱਕ ਹੜ੍ਹ ‘ਚ ਫਸੇ 9 ਬੱਚਿਆਂ ਸਮੇਤ ਇਕ ਦਰਜਨ ਤੋਂ ਵਧ ਲੋਕਾਂ ਨੂੰ ਬਚਾਇਆ ਹੈ। ਮੋਰਬੀ ‘ਚ ਸ਼ਨੀਵਾਰ ਕਰੀਬ 3 ਘੰਟਿਆਂ ‘ਚ 6 ਇੰਚ ਬਾਰਸ਼ ਕਾਰਨ ਡੇਮੀ2 ਡੈਮ ਦੇ ਓਵਰਫਲੋਅ ਕਾਰਨ ਇਸ ਦੇ 15 ਦਰਵਾਜ਼ਿਆਂ ਨੂੰ 6 ਫੁੱਟ ਤੱਕ ਖੋਲ੍ਹ ਦਿੱਤਾ ਗਿਆ ਹੈ। ਇੱਥੇ ਤਿੰਨ ਨੌਜਵਾਨਾਂ ਨੂੰ ਐੱਨ.ਡੀ.ਆਰ.ਐੱਫ. ਦੀ ਟੀਮ ਨੇ ਬਚਾਇਆ ਹੈ।
ਐੱਨ.ਡੀ.ਆਰ.ਐੱਫ. ਦੀ ਟੀਮ ਨੇ ਪਾਣੀ ‘ਚ ਫਸੀ ਇਕ ਕਾਰ ਤੋਂ ਵੀ 2 ਲੋਕਾਂ ਨੂੰ ਟੰਕਾਰਾ ‘ਚ ਬਚਾ ਲਿਆ। ਟੰਕਾਰਾ ਦੇ ਹੀ ਲਕਸ਼ਮੀਨਗਰ ‘ਚ ਪਾਣੀ ਭਰਨ ਕਾਰਨ ਘਰਾਂ ਦੀ ਛੱਤਾਂ ‘ਤੇ ਫਸੇ 10 ਲੋਕਾਂ ਨੂੰ ਵੀ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਨੇ ਬਚਾ ਲਿਆ ਹੈ। ਦੂਜੇ ਪਾਸੇ ਬਨਸਾਕਾਂਠਾ ‘ਚ ਵੀ ਗੜੇ ਪੈਣ ਕਾਰਨ ਥਰਾਦ ਹਾਈਵੇਅ ‘ਤੇ ਆਵਾਜਾਈ ਪ੍ਰਭਾਵਿਤ ਹੋਈ। ਜ਼ਿਲੇ ‘ਚ ਸਰਕਾਰੀ ਬੱਸ ਡਿਪੋ ‘ਚ ਵੀ ਪਾਣੀ ਭਰ ਗਿਆ ਸੀ। ਕਈ ਰਿਹਾਇਸ਼ੀ ਇਲਾਕਿਆਂ ‘ਚ ਵੀ ਪਾਣੀ ਭਰ ਗਿਆ। ਜਾਮਨਗਰ ਜ਼ਿਲੇ ‘ਚ ਵੀ ਕਈ ਪਿੰਡ ਪਾਣੀ ਭਰਨ ਕਾਰਨ ਸੰਪਰਕ  ਤੋਂ ਬਿਨਾਂ ਹੋ ਗਏ ਹਨ। ਇਸ ਦੌਰਾਨ ਮੌਸਮ ਵਿਭਾਗ ਨੇ ਆਉਣ ਵਾਲੇ 2 ਦਿਨਾਂ ‘ਚ ਹੀ ਭਾਰੀ ਬਾਰਸ਼ ਦੀ ਚਿਤਾਵਨੀ ਜਾਰੀ ਕੀਤੀ ਹੈ। ਅਹਿਮਦਾਬਾਦ ‘ਚ ਵੀ ਸਾਬਰਮਤੀ ਨਦੀ ‘ਤੇ ਬਣੇ ਵਾਸਨਾ ਬਰਾਜ ਦੇ 2 ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ। ਰਾਜ ਭਰ ‘ਚ ਤਾਲਾਬਾਂ ਅਤੇ ਡੈਮ ‘ਚ ਪਾਣੀ ਦਾ ਵਹਾਅ ਤੇਜ਼ ਹੋ ਗਿਆ ਹੈ।