ਬੇਗੋਵਾਲ— ਨਗਰ ਪੰਚਾਇਤ ਚੋਣਾਂ ਸਬੰਧੀ ਆਮ ਆਦਮੀ ਪਾਰਟੀ ਦੀ ਮੀਟਿੰਗ ਕਸਬਾ ਬੇਗੋਵਾਲ ਵਿਖੇ ‘ਆਪ’ ਆਗੂ ਕੌਂਸਲਰ ਜੋਗਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਈ। ਜਿਸ ਦੌਰਾਨ ਉਚੇਚੇ ਤੌਰ ‘ਤੇ ‘ਆਪ’ ਨੇਤਾ ਅਤੇ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਨਗਰ ਪੰਚਾਇਤ ਚੋਣਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ, ਜਿਸ ਉਪਰੰਤ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਵਲੋਂ ਬੇਗੋਵਾਲ ਦੇ 13 ਵਾਰਡਾਂ ‘ਚ ਨਗਰ ਪੰਚਾਇਤ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ‘ਤੇ ਲੜੀਆਂ ਜਾਣਗੀਆਂ ਤੇ ਇਨ੍ਹਾਂ ਚੋਣਾਂ ਦੌਰਾਨ ਜਿੱਤ ਹਾਸਲ ਕਰਦਿਆਂ ਲੋਕਤੰਤਰ ਦਾ ਰਾਜ ਬਹਾਲ ਕੀਤਾ ਜਾਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਕੌਂਸਲਰ ਜੋਗਿੰਦਰ ਸਿੰਘ ਨੇ ਕਿਹਾ ਕਿ ਬੇਗੋਵਾਲ ‘ਚ ਨਗਰ ਪੰਚਾਇਤ ਚੋਣਾਂ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ ਅਤੇ ਪਾਰਟੀ ਬੇਗੋਵਾਲ ‘ਚ ਵੱਡੀ ਜਿੱਤ ਹਾਸਲ ਕਰੇਗੀ। ਉਨ੍ਹਾਂ ਐਲਾਨ ਕੀਤਾ ਕਿ ਨਗਰ ਪੰਚਾਇਤ ‘ਤੇ ਕਾਬਜ਼ ਹੋਣ ਤੋਂ ਬਾਅਦ ਸ਼ਹਿਰ ‘ਚ ਗਰੀਬ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬੀਤੇ ਸਮੇਂ ‘ਚ ਨਗਰ ਪੰਚਾਇਤ ‘ਚ ਹੋਏ ਵੱਡੇ ਘਪਲਿਆਂ ਦੀ ਜਾਂਚ ਵੀ ਕਰਵਾਈ ਜਾਵੇਗੀ ਅਤੇ ਸ਼ਹਿਰ ਦੇ ਵਿਕਾਸ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਕੌਂਸਲਰ ਜੋਗਿੰਦਰ ਸਿੰਘ ਤੇ ਹਰਜੀਤ ਸਿੰਘ ਯੂ. ਐੱਸ. ਏ. ਨੇ ਕਿਹਾ ਕਿ ਅਸੀਂ ਡਟ ਕੇ ਸੁਖਪਾਲ ਖਹਿਰਾ ਨਾਲ ਖੜ੍ਹੇ ਹਾਂ ਅਤੇ ਇਲਾਕੇ ‘ਚ ਆਮ ਆਦਮੀ ਪਾਰਟੀ ਦੇ ਆਧਾਰ ਨੂੰ ਹੋਰ ਵਧਾਇਆ ਜਾਵੇਗਾ। ਇਸ ਮੌਕੇ ਸਮਸ਼ੇਰ ਸਿੰਘ ਸ਼ੇਰਾ, ਗੁਰਬਚਨ ਸਿੰਘ ਭੁੱਲਰ, ਕਮਲਜੀਤ ਸਿੰਘ, ਦਲਜੀਤਮ ਸਿੰਘ ਮੰਡਾ, ਹਰਭਜਨ ਸਿੰਘ ਸੰਧੂ, ਮਹਿੰਦਰ ਪਾਲ, ਦਲਬੀਰ ਸਿੰਘ ਪੇਲੀਆ, ਲਖਵਿੰਦਰ ਸਿੰਘ, ਅਮਰੀਕ ਸਿੰਘ, ਰੂਪ ਸਿੰਘ, ਸੁਰਿੰਦਰ ਸਿੰਘ, ਕੁਲਵਿੰਦਰ ਸਿੰਘ ਭੁੱਲਰ, ਕੁਲਦੀਪ ਕੁਮਾਰ ਬੱਬੂ, ਬਲਵੀਰ ਸਿੰਘ ਸੰਧੂ, ਪਿੰਦਰ ਬਲੋਚੱਕ, ਮਾਨ ਸਿੰਘ, ਅਵਤਾਰ ਸਿੰਘ, ਗੁਰਦਿਆਲ ਸਿੰਘ ਤੇ ਕੁਲਵੰਤ ਸਿੰਘ ਆਦਿ ਹਾਜ਼ਰ ਸਨ।