ਸ੍ਰੀ ਕੀਰਤਪੁਰ ਸਾਹਿਬ— ਕਾਂਗਰਸ ਪਾਰਟੀ ਦੀ ਸਰਕਾਰ ਬਦਲੇ ਦੀ ਭਾਵਨਾ ਨਾਲ ਵਿਰੋਧੀ ਪਾਰਟੀਆਂ ਨਾਲ ਸੰਬੰਧਤ ਲੋਕਾਂ ਦੇ ਰੋਜ਼ਗਾਰ ਬੰਦ ਕਰਵਾਉਣ ਦੀ ਥਾਂ ਸਾਰੇ ਪੰਜਾਬ ਵਾਸੀਆਂ ਨੂੰ ਬਿਨਾਂ ਭੇਦਭਾਵ ਰੋਜ਼ਗਾਰ ਦੇਵੇਗੀ ਅਤੇ ਬੇਰੋਜ਼ਗਾਰਾਂ ਨੂੰ ਨੌਕਰੀਆਂ ਸਿਫਾਰਿਸ਼ ਜਾਂ ਰਿਸ਼ਵਤ ਨਾਲ ਨਹੀਂ, ਸਗੋਂ ਮੈਰਿਟ ਦੇ ਆਧਾਰ ‘ਤੇ ਪ੍ਰਾਪਤ ਹੋਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਪਿੰਡ ਕੋਟਬਾਲਾ ਵਿਖੇ ਸਾਬਕਾ ਸਰਪੰਚ ਗੁਰਮੇਲ ਸਿੰਘ ਵੱਲੋਂ ਆਯੋਜਿਤ ਧੰਨਵਾਦੀ ਸਮਾਗਮ ਦੌਰਾਨ ਹਾਜ਼ਰ ਇਲਾਕੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਰਾਣਾ ਨੇ ਕਿਹਾ ਕਿ ਪਿਛਲੀ ਸਰਕਾਰ ਵੇਲੇ ਦਾ ਪੰਜਾਬ ਸਿਰ 1 ਲੱਖ 20 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ, ਜਿਸ ਨੂੰ ਚੁਕਾ ਕੇ ਪੰਜਾਬ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਲਈ ਕਾਂਗਰਸ ਪਾਰਟੀ ਦੀ ਸਰਕਾਰ ਨੇ ਯਤਨ ਕਰਨੇ ਸ਼ੁਰੂ ਕਰ ਦਿੱਤੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਦਯੋਗਪਤੀਆਂ ਨੂੰ ਉਤਸ਼ਾਹਿਤ ਕਰਨ ਲਈ ਉਦਯੋਗਾਂ ਲਈ ਬਿਜਲੀ ਦੀਆਂ ਕੀਮਤਾਂ ਘਟਾ ਕੇ ਸਿਰਫ ਪੰਜ ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਹੈ ਅਤੇ ਉਦਯੋਗਾਂ ਨੂੰ ਹੋਰ ਵੀ ਰਿਆਇਤਾਂ ਦੇ ਕੇ ਕਾਰਖਾਨੇਦਾਰਾਂ ਨੂੰ ਪੰਜਾਬ ਵਿਚ ਆਪਣੇ ਕਾਰਖਾਨੇ ਲਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਪੰਜਾਬ ਅੰਦਰ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਵਿਚ ਖਾਲੀ ਪਈਆਂ ਅਧਿਆਪਕਾਂ ਦੀਆਂ ਆਸਾਮੀਆਂ ਨੂੰ ਜਲਦੀ ਹੀ ਭਰਿਆ ਜਾਵੇਗਾ ਅਤੇ ਬੁਢਾਪਾ ਪੈਨਸ਼ਨਾਂ ਤੇ ਵਿਧਵਾ ਪੈਨਸ਼ਨਾਂ ਸਿੱਧੀਆਂ ਲਾਭਪਾਤਰੀਆਂ ਦੇ ਖਾਤਿਆਂ ਵਿਚ ਪਾਈਆਂ ਜਾਣਗੀਆਂ। ਕਾਂਗਰਸ ਪਾਰਟੀ ਚੋਣਾਂ ਦੌਰਾਨ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ ਪਰ ਖਜ਼ਾਨਾ ਖਾਲੀ ਹੋਣ ਕਾਰਨ ਲੋਕਾਂ ਨੂੰ ਥੋੜ੍ਹੀ ਉਡੀਕ ਕਰਨੀ ਪਵੇਗੀ। ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਵ੍ਹਿਸਕੀ, ਪਰਵਿੰਦਰ ਸਿੰਘ, ਸਾਬਕਾ ਸਰਪੰਚ ਗੁਰਮੇਲ ਸਿੰਘ ਕੋਟਬਾਲਾ, ਹਰਬੰਸ ਸਿੰਘ, ਅਜੀਤ ਸਿੰਘ ਖਰੋਟਾ, ਸਾਂਝਾ ਮੰਚ ਦੇ ਜਨਰਲ ਸਕੱਤਰ ਕੈਲਾਸ਼ ਜੋਸ਼ੀ, ਗੁਰਮੀਤ ਸਿੰਘ ਸਰਪੰਚ ਆਸਪੁਰ, ਕੁਲਦੀਪ ਸਿੰਘ ਮਾਜਰੀ ਆਦਿ ਹਾਜ਼ਰ ਸਨ।