ਅੰਮ੍ਰਿਤਸਰ  : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਘਰ ‘ਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਸੰਗਤ ਲਈ ਤਿਆਰ ਕੀਤੀ ਜਾ ਰਹੀ ਖੀਰ ਵਾਲੀ ਵੱਡੀ ਕੜਾਹੀ ਵਿਚ ਇਕ ਲਾਂਗਰੀ ਡਿੱਗ ਕੇ ਬੁਰੀ ਤਰ੍ਹਾਂ ਝੁਲਸ ਗਿਆ। ਕੜਾਹੀ ਜ਼ਿਆਦਾ ਡੂੰਘੀ ਹੋਣ ਕਾਰਨ ਲਾਂਗਰੀ ਲਗਭਗ ਕੜਾਹੀ ਦੇ ਅੰਦਰ ਚਲਾ ਗਿਆ ਅਤੇ ਪਾਣੀ ਗਰਮ ਹੋਣ ਕਾਰਨ ਲਗਭਗ 60 ਫੀਸਦੀ ਤਕ ਝੁਲਸ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਵੇਰੇ ਸੰਗਤ ਲਈ ਖੀਰ ਬਣਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਇਸ ਤੋਂ ਪਹਿਲਾਂ ਖਾਲ੍ਹੀ ਕੜਾਹੀ ਵਿਚ ਪਾਣੀ ਉਬਾਲ ਕੇ ਸਫਾਈ ਕੀਤੀ ਜਾ ਰਹੀ ਸੀ। ਲਾਂਗਰੀ ਚਰਨਜੀਤ ਸਿੰਘ ਕੜਾਹੀ ਨੂੰ ਧੋਣ ਦਾ ਕੰਮ ਕਰ ਰਿਹਾ ਸੀ ਅਚਾਨਕ ਲਾਂਗਰੀ ਦਾ ਪੈਰ ਫਿਸਲ ਗਿਆ ਅਤੇ ਉਹ ਉਬਲਦੇ ਪਾਣੀ ਵਿਚ ਜਾ ਡਿੱਗਾ।
ਲੰਗਰ ਹਾਲ ਵਿਚ ਮੌਜੂਦ ਹੋਰ ਸੇਵਾਦਾਰਾਂ ਨੇ ਚਰਨਜੀਤ ਸਿੰਘ ਨੂੰ ਕੜਾਹੀ ‘ਚੋਂ ਬਾਹਰ ਕੱਢਿਆ ਅਤੇ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਐੱਸ. ਜੀ. ਪੀ. ਸੀ. ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਐੱਸ. ਜੀ. ਪੀ. ਸੀ. ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਖਮੀ ਲਾਂਗਰੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।