ਚੰਡੀਗਡ਼-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸ. ਬੂਟਾ ਸਿੰਘ ਦੀ ਵੱਡੀ ਭੈਣ ਅਤੇ ਪੰਜਾਬ ਦੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਮਾਤਾ ਸਰਦਾਰਨੀ ਪ੍ਰੀਤਮ ਕੌਰ (102) ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸਰਦਾਰਨੀ ਪ੍ਰੀਤਮ ਕੌਰ ਨੇ ਜਲੰਧਰ ਨੇਡ਼ੇ ਪਿੰਡ ਜੱਲੋਵਾਲ ਵਿਖੇ ਆਪਣੀ ਰਿਹਾਇਸ਼ ’ਤੇ ਆਖਰੀ ਸਾਹ ਲਿਆ ਅਤੇ ਆਪਣੇ ਪਿੱਛੇ ਚਾਰ ਪੁੱਤਰ ਤੇ ਇਕ ਧੀ ਛੱਡ ਗਏ ਹਨ।
ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਰਦਾਰਨੀ ਪ੍ਰੀਤਮ ਕੌਰ ਮਿਹਨਤਕਸ਼, ਨੇਕਦਿਲ ਅਤੇ ਪਵਿੱਤਰ ਰੂਹ ਵਾਲੀ ਸ਼ਖਸੀਅਤ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਦਾਰਨੀ ਪ੍ਰੀਤਮ ਕੌਰ ਵੱਲੋਂ ਸਰਦਾਰ ਬੂਟਾ ਸਿੰਘ ਅਤੇ ਜੋਗਿੰਦਰ ਸਿੰਘ ਮਾਨ ਨੂੰ ਦਿੱਤੀ ਸਿੱਖਿਆ ਨੇ ਹੀ ਉਨਾਂ ਨੂੰ ਲੋਕਾਂ ਦੀ ਭਲਾਈ ਖਾਸ ਤੌਰ ’ਤੇ ਕਮਜ਼ੋਰ ਤੇ ਪੱਛਡ਼ੇ ਤਬਕਿਆਂ ਦੀ ਭਲਾਈ ਲਈ ਆਪਣਾ ਜੀਵਨ ਸਮਰਪਿਤ ਕਰ ਦੇਣ ਲਈ ਪ੍ਰੇਰਿਤ ਕੀਤਾ।
ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਪਰਮਾਤਮਾ ਅੱਗੇ ਵਿਛਡ਼ੀ ਰੂਹ ਨੂੰ ਸ਼ਾਂਤੀ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।