ਪਟਨਾ— ਰਾਸ਼ਟਰੀ ਜਨਤਾ ਦਲ ਦੇ 21ਵੇਂ ਸਥਾਪਨਾ ਦਿਵਸ ‘ਤੇ ਬੁੱਧਵਾਰ ਨੂੰ ਪਾਰਟੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਭਾਜਪਾ ‘ਤੇ ਹਮਲਾ ਕਰਦੇ ਹੋਏ ਕਿਹਾ ਮੋਦੀ ਸਰਕਾਰ ਗਲਤੀ ਨਾਲ ਹੀ ਸੱਤਾ ‘ਚ ਆ ਗਈ, ਜਿਸ ਦੇ ਬਾਅਦ ਦੇਸ਼ ਖਤਰਨਾਕ ਦੌਰ ਤੋਂ ਗੁਜ਼ਰ ਰਿਹਾ ਹੈ ਅਤੇ ਇੱਥੇ ਅਘੋਸ਼ਿਤ ਐਮਰਜੈਂਸੀ ਦੇ ਹਾਲਾਤ ਹਨ। ਦੇਸ਼ ‘ਚ ਰੁਜ਼ਗਾਰ ਜੀਰੋ ‘ਤੇ ਪੁੱਜ ਗਿਆ ਹੈ। ਰਾਮ ਅਤੇ ਰਹੀਮ ਦੇ ਨਾਮ ‘ਤੇ ਦੇਸ਼ਭਰ ‘ਚ ਨਫਰਤ ਫੈਲਾਈ ਜਾ ਰਹੀ ਹੈ। ਕਾਨੂੰਨ ਅਤੇ ਕਿਸਾਨ ਦੀ ਸਥਿਤੀ ਬਹੁਤ ਚਿੰਤਾਜਨਕ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮਾਇਆਵਤੀ ਅਤੇ ਅਖਿਲੇਸ਼ ਇਕ ਹੋ ਜਾਣ ਤਾਂ 2019 ‘ਚ ਭਾਜਪਾ ਦਾ ਗੇਮ ਓਵਰ ਹੋ ਜਾਵੇਗਾ। ਉਨ੍ਹਾਂ ਨੇ 2019 ਤੋਂ ਪਹਿਲੇ ਅਜਿਹੀ ਸਥਿਤੀ ਬਣਨ ਦੀ ਉਮੀਦ ਜਤਾਈ ਹੈ।
ਸੀ.ਬੀ.ਆਈ ਜਾਂਚ ‘ਤੇ ਲਾਲੂ ਨੇ ਕਿਹਾ ਕਿ ਅੱਜ ਕੱਲ੍ਹ ਕੋਰਟ ਬਹੁਤ ਜਾਣਾ ਪੈਂਦਾ ਹੈ ਪਰ ਅਸੀਂ ਨਿਆਂ ਪਾਲਿਕਾ ਦਾ  ਸਨਮਾਨ ਕਰਦੇ ਹਾਂ ਅਤੇ ਇਸ ਲਈ ਹਰ ਤਾਰੀਕ ‘ਤੇ ਕੋਰਟ ਜਾਂਦੇ ਹਾਂ। ਬੇਨਾਮੀ ਸੰਪਤੀ ‘ਤੇ ਸਫਾਈ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ 13 ਏਕੜ ਜ਼ਮੀਨ ਦੇ ਦਸਤਾਵੇਜ਼ ਸਾਡੇ ਕੋਲ ਹਨ ਆਓ ਸਾਡੇ ਘਰ, ਅਸੀਂ ਦਿਖਾਉਂਦੇ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਸਾਨੂੰ ਹਟਾਉਣਾ ਚਾਹੁੰਦੇ ਹਨ। ਰਾਸ਼ਟਰਪਤੀ ਚੌਣਾਂ ‘ਤੇ ਬੋਲਦੇ ਹੋਏ ਰਾਜਦ ਪ੍ਰਧਾਨ ਨੇ ਕਿਹਾ ਕਿ ਭਾਜਪਾ ਵੱਲੋਂ ਆਡਵਾਣੀ ਦੇ ਸਪਨਿਆਂ ‘ਤੇ ਪਾਣੀ ਫੇਰ ਕੇ ਬਿਹਾਰ ਦੇ ਰਾਜਪਾਲ ਨੂੰ ਰਾਸ਼ਟਰਪਤੀ ਅਹੁੱਦੇ ਦਾ ਉਮੀਦਵਾਰ ਬਣਾਉਣਾ ਹੈਰਾਨ ਕਰਦਾ ਹੈ। ਰਾਮਨਾਥ ਕੋਵਿੰਦ ਦਲਿਤ ਨਹੀਂ ਹਨ, ਉਹ ਕੋਲੀ ਜਾਤੀ ਦੇ ਹਨ ਜੋ ਕਿ ਗੁਜਰਾਤ ‘ਚ ਓ.ਬੀ.ਸੀ ਤਹਿਤ ਆਉਂਦੀ ਹੈ। ਲਾਲੂ ਨੇ ਕਿਹਾ ਕਿ ਜੇਕਰ ਕਾਂਗਰਸ ਵੀ ਆਰ.ਐਸ.ਐਸ ਦੇ ਉਮੀਦਵਾਰ ਦਾ ਸਮਰਥਨ ਕਰਦੀ, ਉਦੋਂ ਵੀ ਸਾਨੂੰ ਸਮਰਥਨ ਨਹੀਂ ਦਿੰਦੇ ਕਿਉਂਕਿ ਸਾਡੀ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕਰ ਸਕਦੇ।