ਚੰਡੀਗਡ਼੍ਹ : ਵਿਦੇਸ਼ ਮਾਮਲਿਆਂ ਦੀ ਮੰਤਰੀ ਸੁਸ਼ਮਾ ਸਵਰਾਜ ਨੇ 2014 ਤੋਂ ਮੋਸੂਲ ਵਿਖੇ ਬੰਦੀ ਬਣਾਏ ਹੋਏ 39 ਭਾਰਤੀਆਂ ਜਿਨ੍ਹਾਂ ਵਿਚ ਜ਼ਿਆਦਾਤਾਰ ਪੰਜਾਬੀ ਹਨ, ਦੀ ਭਾਲ ਕਰਨ ਅਤੇ ਉਨ੍ਹਾਂ ਨੂੰ ਵਾਪਸ ਭਾਰਤ ਲਿਆਉਣ ਲਈ ਹਰ ਸੁਵਿਧਾ ਪ੍ਰਦਾਨ ਕਰਨ ਵਾਸਤੇ ਸਾਰੀਆਂ ਕੋਸ਼ਿਸ਼ਾਂ ਕੀਤੇ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਵਾਇਆ ਹੈ।
ਇਰਾਕ ਵੱਲੋਂ ਮੋਸੂਲ ਨੂੰ ਆਈ.ਐਸ.ਆਈ.ਐਸ. ਕੋਲੋਂ ਮੁਕਤ ਕਰਾ ਲਏ ਜਾਣ ਤੋਂ ਬਾਅਦ ਭਾਰਤੀ ਪਰਿਵਾਰਾਂ ਵੱਲੋਂ ਬੰਦੀ ਬਣਾਏ ਗਏ ਆਪਣੇ ਰਿਸ਼ਤੇਦਾਰਾਂ ਦੀ ਭਾਲ ਕਰਨ ਦੀਆਂ ਕੋਸ਼ਿਸ਼ਾਂ ਕਰਨ ਸਬੰਧੀ ਰਿਪੋਰਟਾਂ ਦੇ ਸੰਦਰਭ ‘ਚ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਦੁਪਹਿਰ ਨੂੰ ਸੁਸ਼ਮਾ ਸਵਰਾਜ ਨਾਲ ਗੱਲਬਾਤ ਕੀਤੀ ਅਤੇ ਇਸ ਮਾਮਲੇ ਵਿਚ ਉਨ੍ਹਾਂ ਦੇ ਸਰਗਰਮ ਦਖਲ ਦੀ ਮੰਗ ਕੀਤੀ।
ਕੇਂਦਰੀ ਮੰਤਰੀ ਨਾਲ ਹੋਈ ਆਪਣੀ ਟੈਲੀਫੋਨ ‘ਤੇ ਗੱਲਬਾਤ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਮੋਸੂਲ ਵਿਖੇ ਇਰਾਕ ਦੀ ਆਈ.ਐਸ.ਆਈ.ਐਸ. ‘ਤੇ ਜਿੱਤ ਤੋਂ ਬਾਅਦ ਬੰਦੀ ਬਣਾਏ ਹੋਏ ਵਿਅਕਤੀਆਂ ਦੇ ਪਰਿਵਾਰ, ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਵਾਪਸੀ ਦੀ ਉਤਸੁਕਤਾ ਨਾਲ ਉਡੀਕ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਦੇ ਲਈ ਕੇਂਦਰ ਸਰਕਾਰ ਦੀ ਮਦਦ ਦੀ ਜ਼ਰੂਰਤ ਹੈ।
ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਨਿਰਮਾਣ ਕਾਰਜਾਂ ਵਿਚ ਲੱਗੇ ਭਾਰਤੀਆਂ ਨੂੰ ਸਾਲ 2014 ਨੂੰ ਬੰਦੀ ਬਣਾ ਲਿਆ ਗਿਆ ਸੀ ਅਤੇ ਇਨ੍ਹਾਂ ਨੂੰ ਵਾਪਸ ਭਾਰਤ ਲਿਆਉਣ ਲਈ ਉਨ੍ਹਾਂ ਦੇ ਮੰਤਰਾਲੇ ਵੱਲੋਂ ਸਾਰੀਆਂ ਸੰਭਵ ਕੋਸ਼ਿਸ਼ਾਂ ਕੀਤੇ ਜਾਣ ਦਾ ਭਰੋਸਾ ਦਿਵਾਉਂਦੇ ਹੋਏ ਸੁਸ਼ਮਾ ਸਵਰਾਜ ਨੇ ਕਿਹਾ ਕਿ ਜਨਰਲ ਵੀ.ਕੇ. ਸਿੰਘ ਨੂੰ ਇਰਾਕ ਸਰਕਾਰ ਨਾਲ ਤਾਲਮੇਲ ਕਰਨ ਲਈ ਇਰਾਕ ਭੇਜਿਆ ਗਿਆ ਹੈ ਤਾਂ ਜੋ ਉੱਥੇ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸਹੂਲਤ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭਾਰਤੀ ਸਫਾਰਤਖਾਨੇ ਨੂੰ ਵੀ ਫਸੇ ਭਾਰਤੀਆਂ ਨੂੰ ਹਰ ਮਦਦ ਦੇਣ ਦੇ ਨਿਰਦੇਸ਼ ਦਿੱਤੇ ਹਨ।
ਸ੍ਰੀਮਤੀ ਸੁਸ਼ਮਾ ਨੇ ਇਹ ਵੀ ਦੱਸਿਆ ਕਿ ਏਅਰਪੋਰਟ ‘ਤੇ ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਇਨ੍ਹਾਂ ਭਾਰਤੀਆਂ ਦੀ ਵਾਪਸੀ ਲਈ ਸਹਾਇਤਾ ਮੁਹੱਈਆ ਕਰਾਉਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ਗੁੰਮ ਹੋਏ ਭਾਰਤੀਆਂ ਦੀ ਭਾਲ ਕਰਨ ਲਈ ਸਾਰੇ ਉਪਲਬਧ ਸਰੋਤਾਂ ਨੂੰ ਸਰਗਰਮ ਕਰ ਦਿੱਤਾ ਹੈ ਜਿਨ੍ਹਾਂ ਬਾਰੇ ਆਖਰੀ ਵਾਰ ਮੋਸੂਲ ਦੇ ਇਕ ਗਿਰਜਾਘਰ ਵਿਚ ਛੂਪੇ ਹੋਣ ਬਾਰੇ ਪਤਾ ਲੱਗਾ ਹੈ।
ਕੇਂਦਰੀ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਕਿ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸਾਰੇ ਚੈਨਲਾਂ ਨੂੰ ਸਰਗਰਮ ਕਰ ਦਿੱਤਾ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਇਨ੍ਹਾਂ ਦੇ ਵਾਪਸ ਭਾਰਤ ਆਉਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ-ਆਪਣੇ ਘਰੀਂ ਪਹੁੰਚਾਉਣ ਲਈ ਸੂਬਾ ਸਰਕਾਰ ਸਾਰੇ ਕਦਮ ਚੁੱਕੇ।
ਸੁਸ਼ਮਾ ਸਵਰਾਜ ਨੂੰ ਪਿਛਲੇ ਮਹੀਨਿਆਂ ਦੌਰਾਨ ਬੰਦੀ ਬਣਾਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੱਧ ਪੂਰਬ ਦੇ ਦੇਸ਼ਾਂ ਕੋਲ ਇਹ ਮੁੱਦਾ ਉਠਾਇਆ। ਮੁੱਖ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ 39 ਭਾਰਤੀ ਛੇਤੀ ਹੀ ਵਾਪਸ ਆ ਜਾਣਗੇ ਕਿਉਂਕਿ ਹੁਣ ਮੋਸੂਲ ਆਈ.ਐਸ.ਆਈ.ਐਸ. ਦੇ ਕਬਜ਼ੇ ਵਿਚ ਨਹੀਂ ਰਿਹਾ।