ਨਵੀਂ ਦਿੱਲੀ— ਭਾਜਪਾ ਨੇ ਉੱਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਅਜੇ ਕਿਸੇ ਵੀ ਨਾਂ ਦਾ ਐਲਾਨ ਨਹੀਂ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਵਿਰੋਧੀ ਧਿਰ ਨੇ ਦੇਰੀ ਨਾ ਕਰਦੇ ਹੋਏ ਗੋਪਾਲਕ੍ਰਿਸ਼ਨ ਗਾਂਧੀ ਨੂੰ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਹੈ। ਹੁਣ ਭਾਜਪਾ ਦੇ ਸਾਹਮਣੇ ਗੋਪਾਲ ਗਾਂਧੀ ਦੇ ਕੱਦ ਦਾ ਉਮੀਦਵਾਰ ਲੱਭਣ ਦੀ ਚੁਣੌਤੀ ਹੈ। ਸੂਤਰਾਂ ਅਨੁਸਾਰ ਭਾਜਪਾ ‘ਚ ਆਨੰਦੀਬੇਨ ਪਟੇਲ ਅਤੇ ਨਜਮਾ ਹੇਪਤੁੱਲਾ ਤੋਂ ਇਲਾਵਾ 4 ਨਾਂਵਾਂ ‘ਤੇ ਚਰਚਾ ਹੋ ਰਹੀ ਹੈ। ਇਸੇ ਕ੍ਰਮ ‘ਚ ਭਾਜਪਾ ਦੇ ਚੇਅਰਮੈਨ ਅਮਿਤ ਸ਼ਾਹ ਨੇ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਵੱਡੇ ਨੇਤਾਵਾਂ ਨਾਲ ਅਹਿਮ ਬੈਠਕ ਕੀਤੀ।
ਇਸ ਬੈਠਕ ‘ਚ ਸੰਘ ਵੱਲੋਂ ਭਈਆ ਜੀ ਜੋਸ਼ੀ, ਕ੍ਰਿਸ਼ਨ ਗੋਪਾਲ ਸ਼ਾਮਲ ਹੋਏ। ਸੂਤਰਾਂ ਅਨੁਸਾਰ ਭਾਜਪਾ ਚਾਹੁੰਦੀ ਹੈ ਕਿ ਉੱਪ ਰਾਸ਼ਟਰਪਤੀ ਅਹੁਦੇ ਲਈ ਅਜਿਹੇ ਉਮੀਦਵਾਰ ਨੂੰ ਚੁਣੋ, ਜਿਸ ਨੂੰ ਰਾਜ ਸਭਾ ਦਾ ਅਨੁਭਵ ਹੋਵੇ। ਭਾਜਪਾ ਕਿਸੇ ਅਜਿਹੇ ਚਿਹਰੇ ਦੀ ਤਲਾਸ਼ ‘ਚ ਹੈ, ਜਿਸ ਦੀ ਅਕਸ ਸਾਰੀਆਂ ਪਾਰਟੀਆਂ ‘ਚ ਚੰਗੀ ਹੋਵੇ। ਰਾਸ਼ਟਰਪਤੀ ਉਮੀਦਵਾਰ ਦਾ ਨਾਂ ਤੈਅ ਕਰਨ ਤੋਂ ਪਹਿਲਾਂ ਵੀ ਭਾਜਪਾ ਨੇ ਸੰਘ ਨਾਲ ਚਰਚਾ ਕੀਤੀ ਸੀ। ਪਹਿਲਾਂ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦਰਮਿਆਨ ਚਰਚਾ ਹੋਈ ਸੀ, ਫਿਰ ਸੰਘ ਨਾਲ ਚਰਚਾ ਹੋਈ, ਜਿਸ ਤੋਂ ਬਾਅਦ ਰਾਮਨਾਥ ਕੋਵਿੰਦ ਦਾ ਨਾਂ ਤੈਅ ਕੀਤਾ ਗਿਆ ਸੀ।