ਬਹੁਤ ਘੱਟ ਦਿਨਾਂ ‘ਚ ਆਪਣੇ ਡਾਂਸ ਅਤੇ ਐਕਸ਼ਨ ਸਕਿੱਲ ਦੀ ਬਦੌਲਤ ਟਾਈਗਰ ਸ਼ਰਾਫ਼ ਨੇ ਨਾਂ ਕਮਾਇਆ ਹੈ। ਹੁਣ ਇਸ ਅਦਾਕਾਰ ਦਾ ਸੁਪਨਾ ਹੈ ਕਿ ਉਹ ਵੱਡੇ ਪਰਦੇ ‘ਤੇ ਭਗਵਾਨ ਰਾਮ ਜਾਂ ਹਨੂਮਾਨ ਦਾ ਰੋਲ ਨਿਭਾਵੇ। ਹਾਲ ਹੀ ਵਿੱਚ ਮੁੰਬਈ ‘ਚ ਹਾਲੀਵੁੱਡ ਫ਼ਿਲਮ ‘ਸਪਾਈਡਰਮੈਨ ਹੋਮਕਮਿੰਗ’ ਨਾਲ ਜੁੜੇ ਇੱਕ ਪ੍ਰੋਗਰਾਮ ‘ਚ ਟਾਈਗਰ ਸ਼ਾਮਲ ਹੋਇਆ। ਉਸ ਦਾ ਕਹਿਣਾ ਹੈ ਕਿ ਜੇ ਉਸ ਨੂੰ ਬਾਲੀਵੁੱਡ ‘ਚ ਕਿਸੇ ਸੁਪਰ ਹੀਰੋ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਤਾਂ ਉਹ ਭਗਵਾਨ ਰਾਮ ਜਾਂ ਵੀਰ ਹਨੂਮਾਨ ਦੀ ਭੂਮਿਕਾ ਨਿਭਾਉਣਾ ਚਾਹੇਗਾ। ਇਸ ਮੌਕੇ ‘ਤੇ ਟਾਈਗਰ ਸ਼ਰਾਫ਼ ਨੇ ਇਹ ਵੀ ਦੱਸਿਆ ਕਿ ਉਸ ਦੇ ਪਾਪਾ ਜੈਕੀ ਸ਼ਰਾਫ਼ ਭਾਰਤ ਦੇ ਪਹਿਲੇ ਸੁਪਰ ਹੀਰੋ ਬਣੇ ਸੀ। ਟਾਈਗਰ ਦਾ ਕਹਿਣਾ ਹੈ, ‘ਇਸ ਬਾਲੀਵੁੱਡ ‘ਚ ਤਾਂ ਮੇਰੇ ਪਾਪਾ ਇੰਡੀਆ ਦੇ ਪਹਿਲੇ ਸੁਪਰਹੀਰੋ ਸੀ। ‘ਸ਼ਿਵਾ ਦਿ ਇਨਸਾਫ਼’ ਨਾਂ ਦੀ ਫ਼ਿਲਮ ਜੋ 1985 ‘ਚ ਆਈ ਸੀ। ਇਹ ਇੰਡੀਆ ਦੀ ਪਹਿਲੀ 3ਡੀ ਸੁਪਰਹੀਰੋ ਫ਼ਿਲਮ ਸੀ। ਇਸ ਤੋਂ ਇਲਾਵਾ ਉਹ ਮੇਰੇ ਪਰਸਨਲੀ ਵੀ ਹੀਰੋ ਹਨ। ਮੇਰੇ ਸੁਪਰਹੀਰੋ ਹਨ। ਮੇਰੇ ਖ਼ਿਆਲ ‘ਚ ਸਾਰਿਆਂ ਦੇ ਪਾਪਾ ਹੀ ਉਨ੍ਹਾਂ ਦੇ ਪਹਿਲੇ ਸੁਪਰਹੀਰੋ ਹੁੰਦੇ ਹਨ।’ ਟਾਈਗਰ ਸ਼ਰਾਫ਼ ਨੇ ਕਿਹਾ ਕਿ ਉਹ ਹਾਲੀਵੁੱਡ ‘ਚ ਬਣਨ ਵਾਲੀ ਫ਼ਿਲਮ ‘ਸਪਾਈਡਰ ਮੈਨ’ ਕਰਨਾ ਚਾਹੁੰਦਾ ਹੈ ਜੋ ਉਸ ਦਾ ਬਚਪਨ ਦਾ ਸੁਪਨਾ ਵੀ ਹੈ। ਜ਼ਿਕਰਯੋਗ ਹੈ ਕਿ ਟਾਈਗਰ ਸ਼ਰਾਫ਼ ਨੇ ਹਾਲੀਵੁੱਡ ਫ਼ਿਲਮ ‘ਸਪਾਈਡਰ-ਮੈਨ-ਹੋਮਕਮਿੰਗ’ ਲਈ ਹਿੰਦੀ ਭਾਸ਼ਾ ‘ਚ ਡਬਿੰਗ ਕੀਤੀ ਹੈ। ਉਸ ਦੀ ਫ਼ਿਲਮ ‘ਮੁੰਨਾ ਮਾਈਕਲ’ 21 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।