ਚੰਡੀਗੜ੍ਹ  : ਪੰਜਾਬ ਵਿਚ ਇਸ ਵਾਰੀ ਰਾਸ਼ਟਰਪਤੀ ਚੋਣਾਂ ਵਿਚ 60 ਵਿਧਾਇਕ ਪਹਿਲੀ ਵਾਰੀ ਆਪਣੇ ਵੋਟ ਪਾਉਣਗੇ| ਇਹ ਦੂਸਰਾ ਮੌਕਾ ਹੋਵੇਗਾ ਜਦੋਂ ਅੱਧੇ ਤੋਂ ਵੱਧ ਵਿਧਾਇਕ ਪਹਿਲੀ ਵਾਰੀ ਰਾਸ਼ਟਰਪਤੀ ਚੋਣਾਂ ਲਈ ਵੋਟ ਪਾਉਣਗੇ| ਵਰਤਮਾਨ ਵਿਚ 117 ਮੈਂਬਰਾਂ ਵਾਲੀ ਵਿਧਾਨ ਸਭਾ ਵਿਚ 60 ਅਜਿਹੇ ਵਿਧਾਇਕ ਹਨ, ਜੋ ਪਹਿਲੀ ਵਾਰੀ ਜਿੱਤੇ ਕੇ ਆਏ ਹਨ| ਇਨ੍ਹਾਂ ਵਿਚ ਸਭ ਤੋਂ ਵੱਧ ਗਿਣਤੀ ਕਾਂਗਰਸੀ ਵਿਧਾਇਕਾਂ ਦੀ ਹੈ| ਨਵੇਂ ਵਿਧਾਇਕਾਂ ਦੀ ਵੱਡੀ ਗਿਣਤੀ ਦੇ ਮੱਦੇਨਜਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਡਿਨਰ ਦੇਣ ਦਾ ਫੈਸਲਾ ਕੀਤਾ ਹੈ|
ਰਾਸ਼ਟਰਪਤੀ ਅਹੁਦੇ ਲਈ 17 ਜੁਲਾਈ ਨੂੰ ਮਤਦਾਨ ਹੋਵੇਗਾ| ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਸਾਰੇ ਵਿਧਾਇਕਾਂ ਨੂੰ 16 ਜੁਲਾਈ ਨੂੰ ਡਿਨ ਲਈ ਸੱਦਿਆ ਹੈ| ਪੰਜਾਬ ਭਵਨ ਵਿਚ ਹੋਣ ਵਾਲੇ ਇਸ ਡਿਨਰ ਤੋਂ ਪਹਿਲਾਂ ਮੁੱਖ ਮੰਤਰੀ ਬਕਾਇਦਾ ਸਾਰੇ ਵਿਧਾਇਕਾਂ ਨੂੰ ਦੱਸਣਗੇ ਕਿ ਉਹ ਕਿਵੇਂ ਮਤਦਾਨ ਕਰਨ ਅਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣੇ| 9 ਜੁਲਾਈ ਨੂੰ ਰਾਸ਼ਟਰਪਤੀ ਅਹੁਦੇ ਦੀ ਵਿਰੋਧੀ ਧਿਰ ਉਮੀਦਵਾਰ ਮੀਰਾ ਕੁਮਾਰ ਦੇ ਨਾਲ ਰੱਖੇ ਗਏ ਡਿਨਰ ਵਿਚ ਕੈਪਟਨ ਅਮਰਿੰਦਰ ਸਿੰਘ ਨਹੀਂ ਪਹੁੰਚ ਪਾਏ ਸਨ, ਇਸ ਲਈ ਮੁੱਖ ਮੰਤਰੀ ਨੇ ਸਾਰੇ ਵਿਧਾਇਕਾਂ ਨੂੰ ਡਿਨਰ ਦੇਣ ਦਾ ਫੈਸਲਾ ਕੀਤਾ ਹੈ|
ਪਾਰਟੀ ਦਾ ਮਕਸਦ ਇਹ ਵੀ ਹੈ ਕਿ ਐਤਵਾਰ ਨੂੰ ਹੀ ਸਾਰੇ ਵਿਧਾਇਕ ਤੇ ਮੰਤਰੀ ਚੰਡੀਗੜ੍ਹ ਪਹੁੰਚ ਜਾਣ ਤਾਂ ਕਿ ਸੋਮਵਾਰ ਨੂੰ ਸਾਰੇ ਵਿਧਾਇਕ ਇਕੱਠੇ ਆਪਣਾ ਮਤਦਾਨ ਕਰ ਸਕਣ| ਕਾਂਗਰਸ ਇਹ ਵੀ ਸਮਝ ਰਹੀ ਹੈ ਕਿ ਪਾਰਟੀ ਦੇ 35 ਵਿਧਾਇਕ ਅਜਿਹੇ ਹਨ ਜੋ ਪਹਿਲੀ ਵਾਰੀ ਵਿਧਾਨ ਸਭਾ ਪਹੁੰਚੇ ਹਨ, ਇਸ ਲਈ ਉਨ੍ਹਾਂ ਨੂੰ ਮਤਦਾਨ ਦੀਆਂ ਬਾਰੀਕੀਆਂ ਤੋਂ ਵੀ ਜਾਣੂ ਕਰਾਉਣਾ ਜਰੂਰੀ ਹੈ|
ਪੰਜਾਬ ਵਿਚ 15 ਸਾਲ ਬਾਅਦ ਅਜਿਹਾ ਮੌਕਾ ਆਇਆ ਹੈ ਜਦੋਂ ਅੱਧੇ ਤੋਂ ਵੱਧ ਮੈਂਬਰ ਪਹਿਲੀ ਵਾਰੀ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਵਿਚ ਮਤਦਾਨ ਕਰਨਗੇ| 1992 ਵਿਚ 117 ਵਿਚੋਂ 87 ਵਿਧਾਇਕ ਨਵੇਂ ਸਨ, ਜਦੋਂ ਕਿ ਇਸ ਵਾਰੀ 60 ਵਿਧਾਇਕ ਨਵੇਂ ਹਨ, ਜਿਨ੍ਹਾਂ ਵਿਚੋਂ 35 ਕਾਂਗਰਸ ਦੇ ਅਤੇ 19 ਆਮ ਆਦਮੀ ਪਾਰਟੀ ਦੇ ਹਨ| ਭਾਜਪਾ ਦੇ ਇਕ ਤਾਂ ਅਕਾਲੀ ਦਲ ਦੇ ਪੰਜ ਵਿਧਾਇਕ ਚੁਣੇ ਗਏ ਹਨ|
ਸਾਰੇ ਵਿਧਾਇਕ ਮਤਦਾਨ ਵਿਚ ਹਿੱਸਾ ਲੈਣ ਇਸ ਲਈ ਇਕ ਤਰੀਕਾ ਕੱਢਿਆ ਗਿਆ ਹੈ| ਵਿਧਾਨ ਸਭਾ ਦੀਆਂ ਸਾਰੀਆਂ ਕਮੇਟੀਆਂ ਦੀ ਬੈਠਕ 17 ਜੁਲਾਈ ਨੂੰ ਰੱਖ ਲਈ ਗਈ ਹੈ| ਇਨ੍ਹਾਂ ਕਮੇਟੀਆਂ ਵਿਚ ਸਾਰੇ ਵਿਧਾਇਕ ਮੈਂਬਰ ਹਨ| ਮੰਨਿਆ ਜਾ ਰਿਹਾ ਹੈ ਕਿ ਅਜਿਹਾ ਇਸ ਲਈ ਵੀ ਕੀਤਾ ਗਿਆ ਹੈ ਕਿਉਂਕਿ ਇਕ ਤਾਂ ਸਾਰੇ ਵਿਧਾਇਕ ਵੋਟ ਪਾ ਸਕਣਗੇ ਅਤੇ ਦੂਸਰਾ ਬੈਠਕ ਵਿਚ ਹਿੱਸਾ ਲੈਣ ਲਈ ਉਨ੍ਹਾਂ ਦਾ ਸਮਾਂ ਵੀ ਬਚ ਜਾਵੇਗਾ|
ਕਾਂਗਰਸ, ਅਕਾਲੀ-ਭਾਜਪਾ ਤੇ ਲੋਕ ਇਨਸਾਫ ਪਾਰਟੀ ਵਲੋਂ ਜਿਹੜੇ ਉਮੀਦਵਾਰ ਨੂੰ ਵੋਟ ਪਾਈ ਜਾਵੇਗੀ ਇਹ ਤੈਅ ਹੈ| ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਵੋਟ ਪਾਉਣਗੇ| ਮੀਰਾ ਕੁਮਾਰ ਨੇ ਆਪਣੇ ਚੰਡੀਗੜ੍ਹ ਦੌਰੇ ਦੌਰਾਨ ਇਹ ਸੰਕੇਤ ਦਿੱਤੇ ਸਨ ਕਿ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਸਮਰਥਨ ਦੇ ਸਕਦੀ ਹੈ|