ਚੰਡੀਗਡ਼ :ਪੰਜਾਬ ਸਰਕਾਰ ਨੇ ਅੱਜ ਫੂਡ ਸੇਫਟੀ ਵਿਭਾਗ ਦੇ ਆਧੁਨਿਕਰਨ ਲਈ 5 ਕਰੋਡ਼ ਰੁਪਏ ਜਾਰੀ ਕਰਨ ਦੀ ਘੋਸ਼ਣਾ ਕੀਤੀ ਹੈ ਅਤੇ ਇਸ ਦੇ ਨਾਲ ਸਿਹਤ ਵਿਭਾਗ ਨੇ ਮਿਲਾਵਟੀ ਭੋਜਨ ਨੂੰ ਚੈੱਕ ਕਰਨ ਲਈ ਪਹਿਲੀ ਮੋਬਾਇਲ ਟੈਸਟਿੰਗ ਲੈਬ ਸੇਵਾ ਦੀ ਸ਼ੁਰੂਆਤ ਵੀ ਕੀਤੀ। ਜਿਸ ਦੇ ਨਾਲ ਸੂਬੇ ਦੇ ਹਰ ਜਿਲਾ ਵਿਚ ਭੋਜਨ ਪਦਾਰਥਾਂ ਨੂੰ ਮੋਬਾਇਲ ਟੈਸਟਿੰਗ ਲੈਬ ਦੁਆਰਾ ਆਸਾਨੀ ਨਾਲ ਚੈੱਕ ਕੀਤਾ ਜਾ ਸਕੇਗਾ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਭੋਜਨ ਵਿਚ ਜਹਿਰੀਲੇ ਪਦਾਰਥਾਂ ਦੀ ਮਿਲਾਵਟ ਕਰਨਾ ਇਕ ਅਪਰਾਧ ਹੈ ਜਿਸ ਨੂੰ ਪੰਜਾਬ ਸਰਕਾਰ ਦੁਆਰਾ ਮਿਲਵਾਟ ਖੋਰੀ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਕਾਬੂ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਕੇਵਲ ਪੋਸ਼ਟਿਕ, ਸੁਰੱਖਿਅਤ ਅਤੇ ਸਾਫ-ਸੁਥਰਾ ਭੋਜਨ ਮੁਹੱਇਆ ਕਰਵਾਕੇ ਹੀ ਅਸੀਂ ਕੈਂਸਰ, ਹੈਪੇਟਾਈਟਸ ਅਤੇ ਹੋਰ ਮਾਰੂ ਬਿਮਾਰੀਆਂ ਤੋਂ ਬੱਚ ਸਕਦੇ ਹਾਂ।
ਸਿਹਤ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਦੁਆਰਾ ਮੁਹਿੰਮ ਨੂੰ ਯਕੀਨੀ ਤੌਰ ‘ਤੇ ਲਾਗੂ ਕਰਨ ਲਈ ਵਿਸ਼ੇਸ਼ ਟ੍ਰੇਨਿੰਗ (ਕੈਪੇਬਿਲਿਟੀ ਬਿਲਡਿੰਗ ਪ੍ਰੋਗਰਾਮ) ਦਾ ਆਯੋਜਨ ਕੀਤਾ ਗਿਆ ਹੈ।ਇਸ ਟ੍ਰੇਨਿੰਗ ਪ੍ਰੋਗਰਾਮ ਵਿਚ ਸਹਾਇਕ ਫੂਡ ਕਮਿਸ਼ਨਰ, ਫੂਡ ਸੇਫਟੀ ਅਫਸਰ ਅਤੇ ਹੋਰ ਸਬੰਧਤ ਅਫਸਰਾਂ ਨੂੰ “ਫੂਡ ਸੇਫਟੀ ਸਟਾਂਡਰਡ ਅਤੇ ਰੈਗੂਲੇਸ਼ਨ ਐਕਟ 2006 ਅਤੇ 2011 ਅਧੀਨ ਭੋਜਨ ਸੁਰੱਖਿਆ ਦੇ ਮਿਆਰ, ਮੈਨੇਜਮੈਂਟ ਸਿਸਟਮ ਦੇ ਤਕਨੀਕੀ ਤੱਥਾਂ ਬਾਰੇ ਵਿਸ਼ਾ-ਮਾਹਿਰਾਂ ਵਲੋਂ ਜਾਣਕਾਰੀ ਦਿੱਤੀ ਜਾਵੇਗੀ।ਇਸ ਪ੍ਰੋਗਰਾਮ ਅਧੀਨ ਟ੍ਰੇਨਿੰਗ ਹਾਸਲ ਕਰਨ ਤੋਂ ਬਾਅਦ, ਅਧਿਕਾਰੀ ਸੂਬੇ ਵਿਚ ‘ਫੂਡ ਸੇਫਟੀ ਅਤੇ ਸਟਾਂਡਰਡ ਐਕਟ ਨੂੰ  ਸਮਾਨ ਮਾਪਦੰਡਾਂ ਅਤੇ ਨਿਯਮਾਂਵਲੀ ਅਨੁਸਾਰ ਸੁਚਾਰੂ ਢੰਗ ਨਾਲ ਲਾਗੂ ਕਰਨ ਸਕਣਗੇ।
ਸ੍ਰੀ ਮਹਿੰਦਰਾ ਨੇ ਅੱਗੇ ਕਿਹਾ ਕਿ ਰਾਜ ਸਰਕਾਰ ਨੇ ਫੂਡ ਸੇਫਟੀ ਵਿਭਾਗ ਦੀ ਕਾਰਜਗੁਜ਼ਾਰੀ ਨੂੰ ਹੋਰ ਵਧੀਆ ਕਰਨ ਲਈ 20 ਫੂਡ ਸੇਫਟੀ ਅਫਸਰਾਂ ਦੀ ਨਿਯੁਕਤੀ ਕਰਨ ਦਾ ਵੀ ਫੈਸਲਾ ਕੀਤਾ ਹੈ।ਉਹਨਾਂ ਕਿਹਾ ਕਿ ਇਹਨਾਂ ਨਿਯੁਕਤੀਆਂ ਦੁਆਰਾ ਪੰਜਾਬ ਵਿਚ ਮਿਲਾਵਟਖੋਰਾਂ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਮਿਲਾਵਟ ਖੋਰਾਂ ਵਿਰੁੱਧ ਕਾਰਵਾਈ ਕਾਰਵਾਈ ਕਰਨ ਵਿਚ ਸਹਿਯੋਗ ਮਿਲੇਗਾ। ਉਹਨਾਂ ਸਬੰਧਤ ਅਫਸਰਾਂ ਨੂੰ ਆਦੇਸ਼ ਦਿੱਤੇ ਕਿ ਮਿਲਾਵਟਖੋਰੀ ਸਬੰਧੀ ਹਰ ਸ਼ਿਕਾਇਤ ਨੂੰ ਤਵਜੋਂ ਦੇ ਕੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਭੋਜਨ ਪਦਾਰਥਾਂ ਵਿਚ ਜਹਿਰੀਲੇ ਪਦਾਰਥ ਮਿਲਾਉਣ ਵਾਲਿਆਂ ਨੂੰ ਬਖਸ਼ਿਆ ਨਾ ਜਾਵੇ।
ਮੰਤਰੀ ਨੇ ਇਹ ਵੀ ਕਿਹਾ ਕਿ ਪਿਛਲੇ 10 ਸਾਲ ਵਿਚ, ਭੋਜਨ ਦੀ ਗੁਣਵੱਤਾ ਸਬੰਧੀ  ਵੱਡੇ ਪੱਧਰ ‘ਤੇ ਗਿਰਾਵਟ ਆਈ ਹੈ ਅਤੇ 2016 ਦੌਰਾਨ ਸੂਬੇ ਵਿਚ ਭੋਜਨ ਪਦਾਰਥਾਂ ਦੇ 1458 ਨਮੂਨੇ ਫੇਲ ਪਾਏ ਗਏ ਹਨ।ਉਨਾਂ ਕਿਹਾ ਕਿ ਪਿਛਲੀ ਸਰਕਾਰ ਦੁਆਰਾ ਲਾਈਸਿਸੰਗ ਅਤੇ ਰਜਿਸਟਰੇਸ਼ਨ ਲਈ ਜਮਾਂ ਕਰਵਾਈ ਰਾਸ਼ੀ ਦੀ ਵਰਤੋਂ ਤੱਕ ਨਹੀਂ ਕੀਤੀ ਗਈ।
ਇਸ ਮੌਕੇ ਸ਼੍ਰੀਮਤੀ ਤੇ ਅੰਜਲੀ ਭਾਵਰਾ, ਪ੍ਰਮੁੱਖ ਸਕੱਤਰ, ਸਿਹਤ ਨੇ ਕਿਹਾ ਕਿ ਸੂਬੇ ਦੇ ਲੋਕਾਂ  ਨੂੰ ਸੂਚਨਾ , ਸਿੱਖਿਆ ਅਤੇ ਸੰਚਾਰ ਮਾਧਿਅਮ ਦੇ ਜ਼ਰੀਏ ਮਿਲਾਵਟਖੋਰੀ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਜਾਵੇ ਅਤੇ ਆਨ-ਲਾਈਨ ਪੋਰਟਲ ‘ਤੇ ਸ਼ਿਕਾਇਤ ਦਰਜ ਕਰਨ ਸਬੰਧੀ ਜਾਣਕਾਰੀ ਦਿੱਤੀ ਜਾਵੇ।
ਟ੍ਰੇਨਿੰਗ ਦੌਰਾਨ ਸੰਬੋਧਿਨ ਕਰਦੇ ਹੋਏ ਸ੍ਰੀ ਵਰੁਣ ਰੂਜ਼ਮ ਕਮਿਸ਼ਨਰ, ਫੂਡ ਅਤੇ ਡਰੱਗ ਐਡਮਿਨਿਸਟਰੇਸ਼ਨ ਨੇ ਕਿਹਾ ਕਿ ਫੂਡ ਸੇਫਟੀ ਵਿਭਾਗ ਕੇਵਲ ਛਾਪੇਮਾਰੀ ਕਰਨ ਤੱਕ ਹੀ ਸੀਮਿਤ ਨਾ ਰਹੇ ਸਗੋਂ ਮਿਲਾਵਟ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਕੇ ਲੋਕਾਂ ਵਿਚ ਵਿਭਾਗ ਦਾ ਵਿਸ਼ਵਾਸ਼ ਬਣਾਇਆ ਜਾਵੇ। ਉਨਾਂ ਕਿਹਾ ਕਿ ਇਹ ਅਧਿਕਾਰੀਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਦੁੱਧ ਅਤੇ ਡੇਅਰੀ ਨਾਲ ਸਬੰਧਤ ਪਦਾਰਥਾਂ ਵਿਚ ਮਿਲਾਵਟ ਖੋਰੀ ਕਰਨ ਵਾਲਿਆਂ ‘ਤੇ ਪਹਿਲ ਦੇ ਅਧਾਰ ‘ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਸੂਬੇ ਵਿਚ ਪੋਸ਼ਟਿਕ ਅਤੇ ਸੁਰੱਖਿਅਤ ਦੁੱਧ ਪਦਾਰਥ ਯਕੀਨੀ ਤੌਰ ‘ਤੇ ਮੁਹੱਇਆ ਕਰਵਾਏ ਜਾ ਸਕਣ।