ਨਵੀਂ ਦਿੱਲੀ: ਭਾਰਤੀ ਟੀਮ ਦੇ ਨਵੇਂ ਕੋਚ ਨੂੰ ਲੈ ਕੇ ਵਿਵਾਦ ਖਤਮ ਹੋ ਗਿਆ ਹੈ। ਬੀ.ਸੀ.ਸੀ.ਆਈ. (ਭਾਰਤੀ ਕ੍ਰਿਕਟ ਕਟਰੋਲ ਬੋਰਡ) ਨੇ ਸਾਬਕਾ ਕਪਤਾਨ ਰਵੀ ਸ਼ਾਸਤਰੀ ਨੂੰ ਟੀਮ ਦਾ ਮੁੱਖ ਕੋਚ ਚੁਣ ਲਿਆ ਹੈ। ਸ਼ਾਸਤਰੀ ਸਾਬਕਾ ਭਾਰਤੀ ਟੀਮ ਦੇ ਡਾਇਰੈਕਟਰ ਵੀ ਰਹਿ ਚੁੱਕੇ ਹਨ। ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਸਲਾਹਕਾਰ ਤੇ ਸਾਬਕਾ ਕਪਤਾਨ ਰਾਹੁਲ ਦ੍ਰਵਿੜ ਨੂੰ ਵਿਦੇਸ਼ੀ ਦੌਰਾਂ ‘ਤੇ ਟੈਸਟ ਕ੍ਰਿਕਟ ਲਈ ਬੱਲੇਬਾਜ਼ੀ ਸਲਾਹਕਾਰ ਬਣਾਇਆ ਗਿਆ ਹੈ। ਬੀ.ਸੀ.ਸੀ.ਆਈ. ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਵਲੋਂ ਜਾਰੀ ਬਿਆਨ ‘ਚ ਦੱਸਿਆ ਕਿ ਮੁੱਖ ਕੋਚ ਦੇ ਅਹੁਦੇ ਲਈ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵੀ.ਵੀ.ਐੱਸ. ਲੱਛਮਣ ਦੀ ਸਲਾਹਕਾਰ ਕਮੇਟੀ ਨੇ ਅਰਜ਼ੀਆਂ ਨੂੰ ਹਾਂ-ਪੱਖੀ ਲਿਆ ਤੇ ਭਾਰਤੀ ਕ੍ਰਿਕਟ ਦੇ ਹੱਕ ‘ਚ ਫ਼ੈਸਲਾ ਲਿਆ। ਚੌਧਰੀ ਨੇ ਦੱਸਿਆ ਕਿ ਇਹ ਨਿਯੁਕਤੀ ਸਾਲ 2019 ‘ਚ ਹੋਣ ਵਾਲੇ ਵਿਸ਼ਵ ਕੱਪ ਤਕ ਲਈ ਹੈ।
ਸ਼ਾਸਤਰੀ ਕੋਲ ਕ੍ਰਿਕਟ ਦਾ ਕਾਫ਼ੀ ਅਨੁਭਵ ਹੈ ਜੋਂ 2019 ਵਿਸ਼ਵ ਕੱਪ ਲਈ ਕੰਮ ਆ ਸਕਦਾ ਹੈ। ਉਸ ਨੇ ਭਾਰਤ ਲਈ 80 ਟੈਸਟ ਮੈਚਾਂ ‘ਚ 3830 ਦੌੜਾਂ ਅਤੇ 150 ਵਨ ਡੇ ਮੈਚਾਂ ‘ਚ 3108 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਹ ਗੇਂਦਬਾਜ਼ੀ ਤੌਰ ਤੇ ਵੀ ਵਧੀਆ ਸਾਬਤ ਹੋਇਆ ਹੈ। ਉਸ ਨੇ ਟੈਸਟ ਮੈਚਾਂ ‘ਚ 151 ਅਤੇ ਵਨ ਡੇ ‘ਚ 129 ਵਿਕਟਾਂ ਹਾਸਲ ਕੀਤੀਆਂ ਹਨ। ਉਸ ਦਾ ਅਨੁਭਵ ਹੁਣ ਵਿਰਾਟ ਕੰਪਨੀ ਦੇ ਕੰਮ ਆ ਸਕਦਾ ਹੈ। ਇਸ ‘ਚ ਕੋਚ ਅਹੁਦੇ ‘ਤੇ ਰਹਿੰਦੇ ਹੋਏ ਉਹ ਭਾਰਤ ਲਈ ਕੌਮਾਂਤਰੀ ਪੱਧਰ ‘ਤੇ ਆਲਰਾਊਂਡਰ ਪ੍ਰਦਰਸ਼ਨ ਨਿਖਾਰਨ ‘ਚ ਅਤੇ ਨਵੇਂ ਟੈਲੇਂਟ ਦੀ ਖੋਜ ‘ਚ ਵੱਡੀ ਭੂਮਿਕਾ ਨਿਭਾ ਸਕਦਾ ਹੈ।